image caption:

ਕੌਮੀ ਦਰਦ ਦੇ ਪ੍ਰਤੀਕ ਜੂਨ 84 ਘਲੂਘਾਰੇ ਨਮਿਤ ਸਮਾਗਮ 6 ਜੂਨ ਨੂੰ ਗੁਰਦੁਆਰਾ ਬੰਗਲਾ ਸਾਹਿਬ ਸਰੋਵਰ ਕੰਡੇ ਉਪਰ: ਅਖੰਡ ਕੀਰਤਨੀ ਜੱਥਾ (ਦਿੱਲੀ)

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- 6 ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦਾ 41ਵਾਂ ਸ਼ਹੀਦੀ ਦਿਹਾੜਾ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਡੇ ਤੇ 6 ਜੂਨ ਦੀ ਰਾਤ 10.30 ਵਜੇ ਤੋਂ 7 ਜੂਨ ਅੰਮ੍ਰਿਤਵੇਲੇ ਤਕ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀਕਲਾ ਨਾਲ ਮਨਾਇਆ ਜਾ ਰਿਹਾ ਹੈ । ਉਨ੍ਹਾਂ ਦਸਿਆ ਇਸ ਮੌਕੇ ਕੀਰਤਨੀ ਅਖਾੜੇ ਦੇ ਨਾਲ ਨਿਤਨੇਮ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਜਾਏਗਾ । ਇਸ ਬਾਰੇ ਜਾਣਕਾਰੀ ਦੇਂਦਿਆ ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਦੇ ਦਸਿਆ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਅਪਣੇ ਸਾਥੀ ਸਿੰਘਾਂ ਸਮੇਤ ਪਾਵਨ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹੀਦੀ ਦੇ ਦਿਤੀ ਇਸ ਲਈ ਘੱਲੂਘਾਰੇ ਦਿਵਸ ਨੂੰ ਸਮੁੱਚੀ ਸਿੱਖ ਕੌਮ ਕੌਮੀ ਦਰਦ ਵਜੋਂ ਮਨਾਉਂਦੀ ਹੈ ਅਤੇ ਜੂਨ 1984 ਦਾ ਘੱਲੂਘਾਰਾ ਸਿੱਖਾਂ ਦੇ ਕੌਮੀ ਦਰਦ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀਆਂ ਫ਼ੌਜਾਂ ਅਪਣੇ ਦੇਸ਼ ਦੇ ਬਾਸ਼ਿੰਦਿਆਂ ਦੇ ਪਾਵਨ ਧਰਮ ਅਸਥਾਨਾਂ 'ਤੇ ਫ਼ੌਜੀ ਹਮਲੇ ਨਹੀਂ ਕਰਵਾਉਂਦੀਆਂ ਸਗੋਂ ਉਨ੍ਹਾਂ ਦੀ ਪਾਵਨ ਪਵਿੱਤਰਤਾ ਲਈ ਰਾਖੀ ਕਰਦੀਆਂ ਹਨ। ਪਰ ਹਿੰਦੁਸਤਾਨ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਉਪਰ ਹਮਲਾ ਕਰ ਕੇ ਭਾਰਤ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕੀਰਤਨੀ ਸਮਾਗਮ ਤੇ ਸਮੇਂ ਸਿਰ ਦਰਸ਼ਨ ਦੇਕੇ ਪੰਥ ਦੀ ਆਨ ਬਾਨ ਲਈ ਸ਼ਹੀਦ ਹੋਏ ਸਿੰਘ ਸਿੰਘਣੀਆਂ ਭੁਜੰਗੀਆਂ ਅਤੇ ਬਜ਼ੁਰਗਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਅਰਪਣ ਕਰਣ ਲਈ ਵਡੀ ਗਿਣਤੀ ਵਿਚ ਹਾਜ਼ਿਰੀ ਭਰਣ ਦੀ ਕਿਰਪਾਲਤਾ ਕਰਣੀ ਜੀ ।