ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਸਾਜਿਸ਼: ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਦੀ ਮੀਟਿੰਗ ਦੌਰਾਨ ਕਰੀਬ ਡੇਢ ਦਹਾਕੇ ਬਾਅਦ ਹਲਕੇ ਵਿੱਚ ਪੰਥਕ ਰੰਗ ਦੇਖਣ ਨੂੰ ਮਿਲਿਆ। ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਸਿਆਸੀ ਗੋਦ ਦਾ ਨਿੱਘ ਮਾਨਣ ਵਾਲੇ ਹਲਕੇ ਨੇ ਆਪਣੀ ਪੰਥਕ ਸੋਚ ਨੂੰ ਉਭਾਰਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਤਾਜ਼ਾ ਸਿਆਸੀ ਹਾਲਤ &rsquoਤੇ ਚਿੰਤਾ ਜਤਾਈ, ਉਨ੍ਹਾਂ ਪੁਲੀਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਸਾਜਿਸ਼ ਚੱਲ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਨਾਂ ਬਦਲਣ ਦੀ ਮੰਗ ਕਰਨ ਵਾਲੀ ਚਿੱਠੀ ਨੂੰ ਇੱਕ ਵੱਡੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਬੋਲੀ, ਰਾਜਧਾਨੀ, ਪਾਣੀ ਤੇ ਕਿਸਾਨੀ ਮੁੱਦਿਆਂ ਨੂੰ ਸਿੱਖ ਮੁੱਦਿਆਂ ਵਜੋਂ ਪੇਸ਼ ਕਰਕੇ ਪੰਜਾਬ ਦੇ ਹਿੰਦੂ ਅਤੇ ਸਿੱਖਾਂ ਵਿੱਚ ਵੰਡੀ ਪਾਉਣ ਦੀਆਂ ਚਾਲਾਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਸਾਰਿਆਂ ਨੂੰ ਇੱਕ ਪਲੇਟਫਾਰਮ &rsquoਤੇ ਆਉਣ ਦੀ ਲੋੜ ਹੈ।