ਦਮਦਮੀ ਟਕਸਾਲ ਤੇ ਦਲ ਖਾਲਸਾ ਜਥੇਦਾਰ ਦਾ ਵਿਰੋਧ ਕਰਨ ਦੀ ਥਾਂ ਸਾਥ ਦੇਵੇ-ਪੁਰੇਵਾਲ ,ਰਘਬੀਰ ਸਿੰਘ
ਡਰਬੀ-ਰਜਿੰਦਰ ਸਿੰਘ ਪੁਰੇਵਾਲ ਚੇਆਰਮੈਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਮਿਊਜੀਅਮ ਡਰਬੀ,ਰਘਬੀਰ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਡਰਬੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ, ਸਿੱਖ ਪੰਥ ਦੀ ਸਰਬਉੱਚ ਸੰਸਥਾ, ਜਿਸ ਦੀ ਪਵਿੱਤਰ ਧਰਤੀ &rsquoਤੇ ਜੂਨ 1984 ਦੇ ਘੱਲੂਘਾਰੇ ਦੇ ਜ਼ਖ਼ਮ ਅਜੇ ਵੀ ਸਿੱਖ ਪੰਥ ਦੇ ਹਿਰਦਿਆਂ ਵਿੱਚ ਤਾਜ਼ੇ ਹਨ। 41 ਸਾਲ ਬੀਤ ਜਾਣ ਦੇ ਬਾਵਜੂਦ, ਉਹ ਦੁਖਦਾਈ ਯਾਦਾਂ ਪੰਥਕ ਹਿਰਦੇ ਅੰਦਰ ਜੀਉਂਦੀਆਂ ਹਨ, ਸਾਨੂੰ ਏਕਤਾ ਦਾ, ਸਿਦਕ ਦਾ, ਸੰਜੀਦਗੀ ਦਾ ਅਤੇ ਪੰਥਕ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੀਆਂ ਹਨ।ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ, ਜੋ ਸਿਰਫ਼ ਇੱਕ ਰਸਮ ਨਹੀਂ, ਸਗੋਂ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਾ ਪ੍ਰਤੀਕ ਹੈ। ਪਰ ਇਸ ਵਾਰ, 2025 ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਦਮਦਮੀ ਟਕਸਾਲ, ਦਲ ਖ਼ਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗਜ, ਦੀ ਨਿਯੁਕਤੀ ਤੇ ਉਨ੍ਹਾਂ ਦੇ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਨੇ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਅਤੇ ਸ਼ਹੀਦੀ ਸਮਾਗਮ ਦੀ ਪਵਿੱਤਰਤਾ ਤੇ ਪੰਥਕ ਅਕਸ &rsquoਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਦੋਹਾਂ ਪੰਥਕ ਆਗੂਆਂ ਨੇ ਦਲ ਖਾਲਸਾ ਤੇ ਦਮਦਮੀ ਟਕਸਾਲ ਨੂੰ ਅਪੀਲ ਕੀਤੀ ਹੈ ਕਿ ਇਸ ਵਿਰੋਧ ਨੂੰ ਛੱਡ ਕੇ ਸੰਗਤਾਂ ਨੂੰ ਏਕਤਾ ਲਈ ਇੱਕਜੁਟ ਕਰਨਾ ਚਾਹੀਦਾ ਤੇ ਸ਼ਹੀਦੀ ਸਮਾਗਮ ਤੇ ਅਰਦਾਸ ਨੂੰ ਸ਼ਾਤਮਈ ਢੰਗ ਨਾਲ ਨੇਪਰੇ ਚੜ੍ਹਾਉਣਾ ਚਾਹੀਦਾ ਹੈ। ਇਹ ਸਮਾਗਮ ਸਾਡੀ ਏਕਤਾ ਦਾ ਪ੍ਰਤੀਕ ਹੈ, ਸਾਡੇ ਸਿਦਕ ਦਾ ਇਕਰਾਰ ਹੈ, ਸਾਡੇ ਪੰਥਕ ਜਜ਼ਬੇ ਦੀ ਝਲਕ ਹੈ। ਜੇ ਅਸੀਂ ਆਪਣੇ ਹੀ ਜਥੇਦਾਰ ਦੇ ਵਿਰੁੱਧ ਰੋਸ ਮੁਜਾਹਰੇ ਕਰਦੇ ਹਾਂ, ਤਾਂ ਅਸੀਂ ਸ਼ਹੀਦਾਂ ਦੀ ਰੂਹ ਨੂੰ ਕੀ ਸੁਨੇਹਾ ਦੇਵਾਂਗੇ? ਅਸੀਂ ਵਿਰੋਧੀਆਂ ਨੂੰ ਕੀ ਜਵਾਬ ਦੇਵਾਂਗੇ, ਜੋ ਸਾਡੀ ਏਕਤਾ ਦੀ ਕਮਜ਼ੋਰੀ &rsquoਤੇ ਹੱਸਣਗੇ?
ਦੋਹਾਂ ਪੰਥਕ ਆਗੂਆਂ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਸਿੱਖੀ ਦੀ ਲਹਿਰ ਨੂੰ ਆਮ ਲੋਕਾਂ ਵਿੱਚ ਲੈ ਕੇ ਜਾ ਰਹੇ ਹਨ। ਉਹ ਪਖੰਡੀ ਪਾਸਟਰਾਂ, ਬਾਬਿਆਂ ਅਤੇ ਡੇਰੇਦਾਰਾਂ ਦੇ ਵਿਰੁੱਧ ਪ੍ਰਚਾਰ ਕਰ ਰਹੇ ਹਨ, ਜੋ ਸਿੱਖੀ ਦੇ ਸਿਧਾਂਤਾਂ ਨੂੰ ਵਿਗਾੜਦੇ ਹਨ ਅਤੇ ਲੋਕਾਂ ਦੀ ਅਗਿਆਨਤਾ ਅਤੇ ਗਰੀਬੀ ਦਾ ਫਾਇਦਾ ਉਠਾਉਂਦੇ ਹਨ। ਗਿਆਨੀ ਕੁਲਦੀਪ ਸਿੰਘ ਨੇ ਦਬੇ-ਕੁਚਲੇ ਵਰਗਾਂ ਨੂੰ ਸਿੱਖੀ ਨਾਲ ਜੋੜਨ ਦਾ ਇਤਿਹਾਸਕ ਕਾਰਜ ਸ਼ੁਰੂ ਕੀਤਾ ਹੈ, ਜੋ ਪਹਿਲਾਂ ਕਿਸੇ ਵੀ ਜਥੇਦਾਰ ਨੇ ਨਹੀਂ ਕੀਤਾ। ਇੰਗਲੈਂਡ ਦੀਆਂ ਸੰਗਤਾਂ ਸਮੇਤ ਵਿਦੇਸ਼ੀ ਸਿੱਖ ਸੰਗਤਾਂ ਨੇ ਉਨ੍ਹਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਪੰਥਕ ਆਗੂਆਂ ਨੇ ਵੀ ਉਨ੍ਹਾਂ ਦੀ ਹਮਾਇਤ ਕਰਕੇ ਉਸਾਰੂ ਭੂਮਿਕਾ ਨਿਭਾਈ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਦਮਦਮੀ ਟਕਸਾਲ ਅਤੇ ਦਲ ਖ਼ਾਲਸਾ ਸਿੱਖ ਪੰਥ ਦੀਆਂ ਮਹੱਤਵਪੂਰਨ ਜਥੇਬੰਦੀਆਂ ਹਨ, ਜਿਨ੍ਹਾਂ ਨੇ ਸਿੱਖੀ ਦੀ ਰਵਾਇਤ ਅਤੇ ਸ਼ਹੀਦੀ ਜਜ਼ਬੇ ਨੂੰ ਜੀਵਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦਮਦਮੀ ਟਕਸਾਲ, ਜੋ ਸਿੱਖੀ ਦੀ ਵਿਦਿਅਕ ਅਤੇ ਰੂਹਾਨੀ ਸਿੱਖਿਆ ਦਾ ਕੇਂਦਰ ਰਹੀ ਹੈ, ਨੇ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ, ਦਲ ਖ਼ਾਲਸਾ ਨੇ ਸਿੱਖ ਪੰਥ ਦੀ ਰਾਜਸੀ ਅਤੇ ਸਮਾਜਿਕ ਚੇਤਨਤਾ ਨੂੰ ਜਗਾਉਣ ਵਿੱਚ ਮੋਹਰੀ ਰਹੀ ਹੈ। ਪਰ, ਜਥੇਦਾਰ ਅਕਾਲ ਤਖ਼ਤ ਦੀ ਨਿਯੁਕਤੀ ਨੂੰ ਲੈ ਕੇ ਇਨ੍ਹਾਂ ਜਥੇਬੰਦੀਆਂ ਦਾ ਵਿਰੋਧ ਪੰਥਕ ਏਕਤਾ &rsquoਤੇ ਸਵਾਲ ਖੜ੍ਹੇ ਕਰਦਾ ਹੈ ਜੋ ਕਿ ਇਨ੍ਹਾਂ ਜਥੇਬੰਦੀਆਂ ਲਈ ਵਾਜਿਬ ਨਹੀਂ।ਉਨ੍ਹਾਂ ਕਿਹਾ ਕਿ ਸਾਡਾ ਪੰਥ ਸਤਿਗੁਰੂ ਦਾ ਸਿਰਜਿਆ ਰੂਹਾਨੀ ਸੰਗੀਤ ਹੈ, ਜੋ ਸੰਘਰਸ਼ਾਂ ਅਤੇ ਘੱਲੂਘਾਰਿਆਂ ਦੇ ਵਿਚਕਾਰ ਵੀ ਸੁਰੀਲੀ ਅਵਾਜ਼ ਵਿੱਚ ਵਾਹਿਗੁਰੂ ਜੀ ਦੇ ਨਾਦ ਵਿਚ ਗੂੰਜਦਾ ਹੈ। ਦਮਦਮੀ ਟਕਸਾਲ ਅਤੇ ਦਲ ਖ਼ਾਲਸਾ ਨੂੰ ਇਸ ਸੁਰੀਲੇ ਸੰਗੀਤ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ। ਉਨ੍ਹਾਂ ਨੂੰ ਜਥੇਦਾਰ ਦੇ ਵਿਰੋਧ ਦੀ ਥਾਂ, ਉਨ੍ਹਾਂ ਦੇ ਕਾਰਜ ਵਿੱਚ ਸਹਿਯੋਗ ਦੇਣਾ ਚਾਹੀਦਾ, ਜੋ ਸਿੱਖੀ ਦੀ ਲਹਿਰ ਨੂੰ ਆਮ ਲੋਕਾਂ ਵਿੱਚ ਲਿਜਾ ਰਿਹਾ ਹੈ।