ਟਰੰਪ ਨੇ ਲਾਈ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ
 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕਰਦੇ ਹੋਏ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ 7 ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਟਰੰਪ ਨੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ। ਰਾਇਟਰਜ਼ ਦੇ ਅਨੁਸਾਰ, ਟਰੰਪ ਨੇ ਮਿਆਂਮਾਰ, ਅਫਗਾਨਿਸਤਾਨ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਇਕੂਟੇਰੀਅਲ ਗਿਨੀ, ਕਾਂਗੋ, ਯਮਨ, ਚਾਡ, ਸੁਡਾਨ, ਹੈਤੀ ਅਤੇ ਏਰੀਟਰੀਆ 'ਤੇ ਪਾਬੰਦੀ ਲਗਾਈ ਹੈ। ਇਹ ਸਾਰੀਆਂ ਪਾਬੰਦੀਆਂ ਦੁਪਹਿਰ 12:01 ਵਜੇ ਲਾਗੂ ਹੋਣਗੀਆਂ।   ਇਸ ਤੋਂ ਇਲਾਵਾ ਟਰੰਪ ਨੇ ਕਿਊਬਾ, ਲਾਓਸ, ਟੋਗੋ, ਵੈਨੇਜ਼ੁਏਲਾ, ਬੁਰੂੰਡੀ, ਸੀਅਰਾ ਲਿਓਨ ਵਰਗੇ 7 ਦੇਸ਼ਾਂ 'ਤੇ ਅੰਸ਼ਕ ਪਾਬੰਦੀ ਲਗਾਈ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਵਿਸ਼ੇਸ਼ ਸ਼ਰਤਾਂ ਅਤੇ ਸਖ਼ਤ ਜਾਂਚ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ, ਟਰੰਪ ਇਸ ਤੋਂ ਪਹਿਲਾਂ ਵੀ ਅਜਿਹੀ ਨੀਤੀ ਅਪਣਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ 7 ਮੁਸਲਿਮ ਬਹੁਲ ਦੇਸ਼ਾਂ ਦੇ ਨਾਗਰਿਕਾਂ 'ਤੇ ਪਾਬੰਦੀ ਲਗਾਈ ਗਈ ਸੀ। ਟਰੰਪ ਨੇ ਇਸ ਸੰਬੰਧੀ ਹੁਕਮ 'ਤੇ ਦਸਤਖ਼ਤ ਕਰ ਦਿੱਤੇ ਹਨ। ਟਰੰਪ ਨੇ ਆਪਣੇ ਹੁਕਮ ਵਿੱਚ ਲਿਖਿਆ ਹੈ ਕਿ ਮੇਰੇ ਪਹਿਲੇ ਪ੍ਰਸ਼ਾਸਨ ਦੌਰਾਨ, ਮੈਂ ਕਈ ਦੇਸ਼ਾਂ ਦੇ ਵਿਦੇਸ਼ੀ ਨਾਗਰਿਕਾਂ 'ਤੇ ਪਾਬੰਦੀ ਲਗਾਈ ਸੀ। ਮੇਰੇ ਲਈ, ਅਮਰੀਕਾ ਦੇ ਲੋਕਾਂ ਦੀ ਸੁਰੱਖਿਆ ਪਹਿਲਾ ਮੁੱਦਾ ਹੈ। ਮੈਂ ਅਮਰੀਕਾ ਤੋਂ ਕਿਸੇ ਵੀ ਅਜਿਹੇ ਤੱਤ ਨੂੰ ਦੂਰ ਰੱਖਣਾ ਚਾਹੁੰਦਾ ਹਾਂ ਜੋ ਸਾਡੇ ਲੋਕਾਂ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ।