ਸੰਘੀ ਜੱਜ ਨੇ ਸ਼ੱਕੀ ਦੋਸ਼ੀ ਦੀ ਪਤਨੀ ਤੇ ਉਸ ਦੇ 5 ਬੱਚਿਆਂ ਦੇ ਦੇਸ਼ ਨਿਕਾਲੇ ਉਪਰ ਲਾਈ ਆਰਜੀ ਰੋਕ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਲੋਰਾਡੋ ਵਿਚ ਇਕ ਸੰਘੀ ਅਦਾਲਤ ਨੇ ਐਤਵਾਰ ਨੂੰ ਗਾਜ਼ਾ ਪੱਟੀ ਵਿਚ ਇਸਰਾਈਲੀ ਬੰਧਕਾਂ ਦੇ ਸਮਰਥਨ ਵਿੱਚ ੋਲਡਰ ਵਿਚ ਹੋਏ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਉਪਰ ਅੱਗ-ਬੰਬ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਸ਼ੱਕੀ ਦੋਸ਼ੀ ਮੁਹੰਮਦ ਸੋਲੀਮੈਨ ਦੇ ਪਰਿਵਾਰਕ ਜੀਆਂ ਪਤਨੀ ਤੇ 5 ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ਉਪਰ ਆਰਜੀ ਰੋਕ ਲਾ ਦਿੱਤੀ ਹੈ। ਯੂ ਐਸ ਡਿਸਟ੍ਰਿਕਟ ਜੱਜ ਗਾਰਡਨ ਗਾਲਾਘਰ ਨੇ ਜਾਰੀ ਇਕ ਹੁਕਮ ਵਿਚ ਕਿਹਾ ਹੈ ਕਿ ਪਰਿਵਾਰ ਨੂੰ ਲੋੜੀਂਦੀ ਪ੍ਰਕ੍ਰਿਆ ਪੂਰੀ ਕੀਤੇ ਬਿਨਾਂ ਦੇਸ਼ ਨਿਕਾਲਾ ਦੇਣ ਨਾਲ ਅਸਧਾਰਨ ਨੁਕਸਾਨਫ਼ ਹੋ ਸਕਦਾ ਹੈ ਜਿਸ ਦੀ ਭਰਪਾਈ ਨਹੀਂ ਹੋ ਸਕਦੀ। ਮਿਸਰ ਦੇ ਨਾਗਰਿਕ ਪਰਿਵਾਰ ਦੇ ਵਕੀਲਾਂ ਨੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਦਿੱਤੀ ਚੁਣੌਤੀ ਵਿਚ ਦੇਸ਼ ਨਿਕਾਲਾ ਰੋਕਣ ਤੇ ਪਰਿਵਾਰ ਨੂੰ ਹਿਰਾਸਤ ਵਿਚੋਂ ਰਿਹਾਅ ਕਰਨ ਦੀ ਮੰਗ ਕੀਤੀ ਹੈ। ਬੋਲਡਰ ਪੁਲਿਸ ਅਨੁਸਾਰ ਅੱਗ-ਬੰਬ ਹਮਲੇ ਦੇ ਪੀੜਤਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਸ਼ੱਕੀ ਦੋਸ਼ੀ ਮੁਹੰਮਦ ਸੋਲੀਮੈਨ ਇਸ ਸਮੇ ਐਫ ਬੀ ਆਈ ਦੀ ਹਿਰਾਸਤ ਵਿਚ ਹੈ ਤੇ ਉਸ ਵਿਰੁੱਧ ਨਫਰਤੀ ਅਪਰਾਧ ਤੇ ਹੱਤਿਆਵਾਂ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ।