ਕੈਲੀਫਰਨੀਆ ਸਟੇਟ ਸੈਨੇਟ ਵੱਲੋਂ ਸੈਨ ਹੋਜੇ ਵਿਖੇ ਲਾਅ ਸਕੂਲ ਖੋਲਣ ਲਈ ਬਿੱਲ ਪਾਸ
 ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਸਟੇਟ ਸੈਨੇਟ ਨੇ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ (ਸੀ ਐਸ ਯੂ) ਵਿਵਸਥਾ
ਵਿੱਚ ਪਹਿਲਾ ਜਨਤਿਕ ਲਾਅ ਸਕੂਲ ਖੋਲਣ ਲਈ ਸੈਨੇਟਰ ਡੇਵ ਕੋਰਟਸੀ ਵੱਲੋਂ ਪੇਸ਼ ਐੇਸ ਬੀ 550 ਬਿੱਲ ਪਾਸ ਕਰ ਦਿੱਤਾ ਹੈ। ਜੇਕਰ ਵਿਧਾਨ ਸਭਾ
ਵੱਲੋਂ ਇਸ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਸੈਨ ਹੋਜੇ ਸਟੇਟ ਯੁਨੀਵਰਸਿਟੀ ਵਿਖੇ ਲਾਅ ਸਕੂਲ ਖੋਲਣ ਲਈ ਰਾਹ ਪੱਧਰਾ ਹੋ ਜਾਵੇਗਾ।
ਸਾਂਤਾ ਕਲਾਰਾ ਕਾਊਂਟੀ ਜੋ ਤਕਰੀਬਨ 20 ਲੱਖ ਲੋਕਾਂ ਦਾ ਘਰ ਹੈ, ਵਿਚ ਲਾਅ ਸਕੂਲ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕਾਊਂਟੀ ਵਿਚ 65%
ਤੋਂ ਵਧ ਆਬਾਦੀ ਏਸ਼ੀਅਨਾਂ ਤੇ ਲਾਤੀਨੋ ਭਾਈਚਾਰੇ ਦੀ ਹੈ। ਇਨਾਂ ਦੋਨਾਂ ਭਾਈਚਾਰਿਆਂ ਵੱਲੋਂ ਲਾਅ ਸਕੂਲ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।
ਬਿੱਲ ਵਿਚ ਸੈਨ ਹੋਜੇ ਸਟੇਟ ਯੁਨੀਵਰਸਿਟੀ ਤੇ ਲਿਨਕੋਲਨ ਲਾਅ ਸਕੂਲ ਆਫ ਸੈਨ ਹੋਜੇ ਵਿਚਾਲੇ ਭਾਈਵਾਲੀ ਦਾ ਜਿਕਰ ਕੀਤਾ ਗਿਆ ਹੈ। ਇਨਾਂ
ਦੋਨਾਂ ਦੇ ਸਹਿਯੋਗ ਨਾਲ ਸੈਨ ਹੋਜੇ ਤੇ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ ਸਿਸਟਮ ਵਿੱਚ ਪਹਿਲਾ ਜਨਤਿਕ ਲਾਅ ਸਕੂਲ ਖੁਲੇਗਾ। ਇਸ ਸਬੰਧੀ
ਅੰਤਿਮ ਪ੍ਰਵਾਨਗੀ ਸੀ ਐਸ ਯੂ ਬੋਰਡ ਆਫ ਟਰਸਟੀਜ ਵੱਲੋਂ ਦਿੱਤੀ ਜਾਣੀ ਹੈ। ਕੋਰਟਸੀ ਨੇ ਕਿਹਾ ਹੈ ਕਿ ਇਸ ਬਿੱਲ ਤਹਿਤ ਇਕ ਕਿਫ਼ਾਇਤੀ ਲਾਅ
ਸਕੂਲ ਦੀ ਸਥਾਪਨਾ ਹੋਵੇਗੀ ਜਿਸ ਨਾਲ ਕੈਲੀਫੋਰਨੀਆ ਦੀ ਕਾਨੂੰਨੀ ਬੁਨਿਆਦ ਹੋਰ ਪੱਕੀ ਹੋ ਜਾਵੇਗੀ।