ਹਾਰਵਰਡ ਯਨੀਵਰਸਿਟੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ,ਹੰਗਾਮੀ ਦਖਲ ਦੇਣ ਦੀ ਕੀਤੀ ਮੰਗ
 ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਹਾਰਵਰਡ ਯੁਨੀਵਰਸਿਟੀ ਨੇ ਇਕ ਅਦਾਲਤ ਵਿਚ ਦਾਇਰ ਬੇਨਤੀ ਵਿੱਚ ਮੰਗ ਕੀਤੀ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਰੋਕਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੁਨੀਵਰਸਿਟੀ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਲਾਈ ਆਰਜੀ ਰੋਕ ਤੋਂ ਬਾਅਦ 24 ਘੰਟਿਆਂ ਦੇ ਵੀ ਘੱਟ ਸਮੇਂ ਵਿੱਚ ਦਾਇਰ ਅਪੀਲ ਵਿੱਚ ਯੁਨੀਵਰਸਿਟੀ ਨੇ ਅਦਾਲਤ ਕੋਲੋਂ ਹੰਗਾਮੀ ਦਖਲ ਦੇਣ ਦੀ ਮੰਗ ਕੀਤੀ ਹੈ। ਯੁਨੀਵਰਸਿਟੀ ਦੇ ਕੁਲ ਵਿਦਿਆਰਥੀਆਂ ਦੇ ਚੌਥੇ ਹਿੱਸੇ ਤੋਂ ਵਧ ਵਿਦਿਆਰਥੀ ਵਿਦੇਸ਼ੀ ਹਨ। ਦਾਇਰ ਸੋਧੀ ਹੋਈ ਅਪੀਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਦਾ ਘੋਸ਼ਣਾਪੱਤਰ ਕਾਨੂੰਨ ਦੀ ਉਲੰਘਣਾ ਹੈ ਜਿਸ ਤਹਿਤ ਹਾਰਵਰਡ ਯੁਨੀਵਰਸਿਟੀ ਵਿਚ ਦਾਖਲਾ ਲੈਣ ਦੇ ਚਾਹਵਾਨ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਮੁਲਤਵੀ ਕਰ ਦਿੱਤੇ ਗਏ ਹਨ। ਯੁਨੀਵਰਸਿਟੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਤਕਰੀਬਨ ਸਾਰੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਰੋਕ ਲਾ ਦਿੱਤੀ ਹੈ ਜੋ ਵਿਦਿਆਰਥੀ ਅਮਰੀਕੀ ਯੁਨੀਵਰਸਿਟੀਆਂ ਵਿਚ ਪੜਣ ਜਾਂ ਅਕਾਦਮਿਕ ਵਟਾਂਦਰਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਉਂਦੇ ਹਨ। ਯੁਨੀਵਰਸਿਟੀ ਨੇ ਮੰਗ ਕੀਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਟਰੰਪ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ।