image caption:

ਮਾਰਕ ਕਾਰਨੇ ਵੱਲੋਂ ਨਰਿੰਦਰ ਮੋਦੀ ਨੂੰ ਜੀ-7 ਸਮਾਗਮ ਵਿੱਚ ਸ਼ਾਮਲ ਹੋਣ ਲਈ ਸਦਾ, ਸਿੱਖ ਜੱਥੇਬੰਦੀਆਂ ਨੇ ਭਾਰੀ ਵਿਰੋਧ ਕਰਣ ਦੀ ਕੱਸੀ ਤਿਆਰੀ

 ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸਮਾਗਮ ਵਿੱਚ ਸ਼ਾਮਲ ਹੋਣ ਲਈ ਫੋਨ ਕਰਕੇ ਕੈਨੇਡਾ ਆਉਣ ਦਾ ਸੱਦਾ ਦੇਣ ਨੂੰ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਸਿੱਖਾਂ ਨਾਲ ਧੋਖਾ ਦੱਸਿਆ ਹੈ। ਮੋਦੀ ਨੇ ਇਹ ਸੱਦਾ ਕਬੂਲ ਕਰਕੇ ਕਾਰਨੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ, ਜੋ ਉਸ ਨੇ ਹਾਲੇ ਤੱਕ ਨਹੀਂ ਸੀ ਦਿੱਤੀ। ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਸ ਮੌਕੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇੱਕ ਪਾਸੇ ਭਾਰਤੀ ਜ਼ੁਲਮ ਤੋਂ ਕੈਨੇਡਾ ਦੇ ਸਿੱਖ ਤੰਗ ਹਨ, ਭਾਰਤ ਵੱਲੋਂ ਭਾਈ ਨਿੱਝਰ ਮਾਮਲੇ &lsquoਚ ਸਹਿਯੋਗ ਵੀ ਨਹੀਂ ਦਿੱਤਾ ਜਾ ਰਿਹਾ ਜਦਕਿ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਸਬੂਤ ਹਨ ਪਰ ਦੂਜੇ ਪਾਸੇ ਇਹ ਸਭ ਅਣਗੌਲ ਕੇ ਮੋਦੀ ਨੂੰ ਸੱਦਾ ਭੇਜਿਆ ਗਿਆ ਹੈ। ਵਿਸ਼ਵ ਸਿੱਖ ਸੰਸਥਾ ਨੇ ਕਿਹਾ ਕਿ ਇਹ ਸੱਦਾ ਉਸ ਦਿਨ ਭੇਜਿਆ ਗਿਆ, ਜਦੋਂ ਸਿੱਖ 6 ਜੂਨ ਨੂੰ 1984 ਦੇ ਭਾਰਤੀ ਫ਼ੌਜੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ। ਦੱਸਣਯੋਗ ਹੈ ਕਿ ਭਾਈ ਨਿੱਝਰ ਨੂੰ 18 ਜੂਨ ਨੂੰ ਸ਼ਹੀਦ ਕੀਤਾ ਗਿਆ ਸੀ ਜਦਕਿ ਇਹ ਜੀ-7 ਸਮਾਗਮ 15 ਤੋਂ 17 ਜੂਨ ਤੱਕ ਚੱਲੇਗਾ। ਸਿੱਖ ਜਥੇਬੰਦੀਆਂ ਨੇ ਸਮਾਗਮ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।