ਨਿਊਜ਼ੀਲੈਂਡ ਵਿੱਚ ਭਾਰਤੀ ਦੂਤਾਵਾਸ ਉਪਰ ਜੂਨ 1984 ਦੀ ਸਿੱਖ ਨਸਲਕੁਸ਼ੀ ਦੀ ਖੁਸ਼ੀ ਮਨਾਉਣ ਦੇ ਦੋਸ਼
  1984 ਦੇ ਹਮਲੇ ਦੀ ਵਡਿਆਈ ਕਰਦਿਆਂ ਨਾਅਰੇ ਲਾਏ ਗਏ ਅਤੇ ਸਿੱਖ ਸ਼ਹੀਦਾਂ ਦਾ ਉਡਾਇਆ ਗਿਆ ਮਜ਼ਾਕ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਨਿਊਜੀਲੈਂਡ ਦੇ ਵੈਲਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਬੀਤੇ ਦਿਨੀਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਨਿਊਜ਼ੀਲੈਂਡ ਦੀ ਸਿੱਖ ਕੌਮ ਨੇ 1984 ਵਿਚ ਤੱਤਕਾਲੀ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਉਪਰ ਕੀਤੇ ਗਏ ਫੌਜੀ ਹਮਲੇ ਦੀ 41ਵੀਂ ਬਰਸੀ ਲਈ ਇਕ ਸ਼ਾਂਤੀਪੂਰਨ ਰੋਸ ਧਰਨਾ ਦਿੱਤਾ ਜਾ ਰਿਹਾ ਸੀ । 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ &lsquoਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ 10 ਹਜਾਰ ਤੋਂ ਵੱਧ ਨਿਰਦੋਸ਼ ਸ਼ਰਧਾਲੂ ਮਾਰੇ ਗਏ ਸਨ। ਰਵਿੰਦਰ ਸਿੰਘ ਜੋਹਲ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸਵੇਰੇ 9 ਵਜੇ ਜਦੋਂ ਸਿੱਖ ਭਾਈਚਾਰਾ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ, ਤਾਂ ਭਾਰਤੀ ਦੂਤਾਵਾਸ ਦੇ ਬਾਹਰ ਪਹਿਲਾਂ ਤੋਂ ਹੀ ਲਗਭਗ 30 ਲੋਕ ਭਾਰਤੀ ਝੰਡੇ ਲੈ ਕੇ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਇਹ ਗਰੁੱਪ ਦੂਤਾਵਾਸ ਵੱਲੋਂ ਹੀ ਯੋਜਨਾਬੱਧ ਤਰੀਕੇ ਨਾਲ ਸੱਦੇ ਗਏ ਸਨ, ਤਾਂ ਜੋ ਸਿੱਖਾਂ ਦੇ ਰੋਸ ਨੂੰ ਰੋਕਿਆ ਜਾਂ ਉਕਸਾਇਆ ਜਾ ਸਕੇ। ਇਹ ਲੋਕ ਦਿਨ ਭਰ ਦੂਤਾਵਾਸ ਦੇ ਅੰਦਰ- ਬਾਹਰ ਜਾਂਦੇ ਰਹੇ, ਜਿਸ ਨਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅੰਦਰੋਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਦੀ ਸੰਘਠਿਤ ਗਤੀਵਿਧੀ ਇਹ ਦਰਸਾਉਂਦੀ ਹੈ ਕਿ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਯੋਜਨਾਬੱਧ ਸੀ। ਸਥਿਤੀ ਉਦੋਂ ਹੋਰ ਭੜਕ ਗਈ ਜਦੋਂ ਉਨ੍ਹਾਂ ਵੱਲੋਂ 1984 ਦੇ ਹਮਲੇ ਦੀ ਵਡਿਆਈ ਕਰਦਿਆਂ ਨਾਅਰੇ ਲਾਏ ਗਏ ਅਤੇ ਸਿੱਖ ਸ਼ਹੀਦਾਂ ਦਾ ਮਜ਼ਾਕ ਉਡਾਇਆ ਗਿਆ। ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਫਰਤਭਰੀ ਭਾਸ਼ਾ ਅਤੇ ਸਿੱਧੀਆਂ ਧਮਕੀਆਂ ਵਰਤੀਆਂ ਗਈਆਂ। ਕਈ ਸਿੱਖ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ, "ਤੇਰੇ ਗਲੇ ਚ ਟਾਇਰ ਪਾ ਕੇ ਸਾੜਾਂਗੇ", ਜੋ 1984 ਦੌਰਾਨ ਹੋਏ ਕਤਲੇਆਮ ਦੀ ਬਰਬਰਤਾ ਦੀ ਯਾਦ ਤਾਜਾ ਕਰਵਾਦਾਂ ਹੈ। ਕੁਝ ਨੇ ਇਹ ਵੀ ਕਿਹਾ, "ਜੇ ਪੁਲਿਸ ਨਾ ਹੁੰਦੀ, ਅਸੀਂ ਤੁਹਾਨੂੰ ਠੀਕ ਕਰ ਦਿੰਦੇ।" ਇਨ੍ਹਾਂ ਵਿਚੋਂ ਇਕ ਪ੍ਰਦਰਸ਼ਨਕਾਰੀ ਰਜਿੰਦਰ ਸਿੰਘ ਨੇ ਭਾਵੁਕ ਹੋ ਕੇ ਦੱਸਿਆ, &ldquoਮੇਰੇ ਤਿੰਨ ਦੋਸਤ 1984 ਵਿੱਚ ਹਿੰਦੂ ਭੀੜ ਵੱਲੋਂ ਜਿੰਦਾ ਸਾੜੇ ਗਏ ਸਨ। ਮੈਂ ਅੱਜ ਉਨ੍ਹਾਂ ਦੀ ਯਾਦ ਵਿੱਚ ਇੱਥੇ ਆਇਆ ਹਾਂ। ਪਰ ਜਦੋਂ ਇੱਥੇ ਉਹੀ ਨਾਅਰੇ ਸੁਣੇ ਅਤੇ ਉਹੀ ਨਫਰਤ ਦੇਖੀ, ਤਾਂ 1984 ਦੀਆਂ ਭਿਆਨਕ ਯਾਦਾਂ ਜਿਉਂਦੀਆਂ ਹੋ ਗਈਆਂ। ਅਸੀਂ ਨਿਊਜ਼ੀਲੈਂਡ ਸ਼ਾਂਤੀ ਲਈ ਆਏ ਹਾਂ, ਪਰ ਹੁਣ ਲੱਗਦਾ ਹੈ ਕਿ ਉਹ ਨਫਰਤ ਇੱਥੇ ਵੀ ਸਾਡੇ ਪਿੱਛੇ ਆ ਗਈ ਹੈ।&rdquo
ਇਹ ਵੀ ਨੋਟ ਕੀਤਾ ਗਿਆ ਕਿ ਉਕਸਾਵਾ ਕਰਨ ਵਾਲੇ ਕਈ ਲੋਕ ਹਰਿਆਣਾ ਤੋਂ ਲੱਗਦੇ ਸਨ, ਇੱਕ ਅਜਿਹਾ ਰਾਜ ਜੋ ਵਿਦੇਸ਼ੀ ਧਿਰਾਂ ਵਿੱਚ ਗੈਰਕਾਨੂੰਨੀ ਅਤੇ ਹਿੰਸਕ ਗਤਿਵਿਧੀਆਂ ਲਈ ਜਾਣਿਆ ਜਾਂਦਾ ਹੈ। ਕੈਨੇਡਾ ਸਰਕਾਰ ਵੀ ਪਹਿਲਾਂ ਇਹ ਦਾਅਵਾ ਕਰ ਚੁੱਕੀ ਹੈ ਕਿ ਭਾਰਤੀ ਸਰਕਾਰ ਹਰਿਆਣਾ ਤੋਂ ਅਪਰਾਧਕ ਗਰੁੱਪਾਂ ਨੂੰ ਵਿਦੇਸ਼ਾਂ ਵਿੱਚ ਕਾਰਵਾਈਆਂ ਲਈ ਵਰਤਦੀ ਹੈ। ਹੁਣ ਸਿੱਖ ਭਾਈਚਾਰਾ ਮਹਿਸੂਸ ਕਰ ਰਿਹਾ ਹੈ ਕਿ ਇਹੀ ਹਿੰਸਕ ਤਰੀਕੇ ਨਿਊਜ਼ੀਲੈਂਡ ਵਿੱਚ ਵੀ ਦੁਹਰਾਏ ਜਾ ਰਹੇ ਹਨ। ਕੌਮ ਨੇ ਨਿਊਜ਼ੀਲੈਂਡ ਸਰਕਾਰ, ਪੁਲਿਸ ਅਤੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਭਾਰਤੀ ਦੂਤਾਵਾਸ ਵੱਲੋਂ ਉਕਸਾਵੇ ਜਾਂ ਹਿੰਸਾ ਲਈ ਕੋਈ ਵੀ ਸ਼ਾਮਲ ਹੋਵੇ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।