ਨਿਊਜੀਲੈਂਡ ਦੇ ਗੁਰਦੁਆਰਾ ਨਾਨਕਸਰ ਮੈਨੁਰੇਵਾ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਗਿਆ ਸਮਾਗਮ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਨਿਊਜੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ । ਇਸ ਵਿਸ਼ੇਸ਼ ਪ੍ਰੋਗਰਾਮ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸੇਵਾਦਾਰਾਂ ਨੇ ਸਹਿਯੋਗ ਕਰਦਿਆਂ ਪ੍ਰਬੰਧ ਕੀਤਾ ਸੀ । ਇਸ ਮੌਕੇ ਭਾਈ ਸੁਰਿੰਦਰ ਸਿੰਘ ਜੀ ਨੇ ਕੀਰਤਨ ਅਤੇ ਭਾਈ ਜਸਵੰਤ ਸਿੰਘ ਦੀਵਾਨਾ ਦੇ ਢਾਡੀ ਜੱਥੇ ਨੇ ਜੋਸ਼ੀਲਿਆ ਵਾਰਾਂ ਰਾਹੀਂ ਸਿੱਖ ਮਰਜੀਵੜਿਆ ਦੀ ਗਾਥਾਵਾਂ ਦਾ ਵਰਨਣ ਕਰਣ ਦੇ ਨਾਲ ਸਮੇਂ ਦੀ ਸਰਕਾਰ ਵਲੋਂ ਸਿੱਖਾਂ ਉਪਰ ਢਾਹੇ ਗਏ ਜ਼ੁਲਮਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਅਤੇ ਗੈਲਰੀ ਵਿਚ ਘੱਲੂਘਾਰੇ ਸਬੰਧੀ ਫੋਟੋ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਰਾਹੀਂ ਵੀਂ ਸੰਗਤ ਨੂੰ ਇਤਿਹਾਸ ਤੋ ਜਾਣੂ ਕਰਵਾਇਆ ਗਿਆ ਤੇ ਇਹ ਪ੍ਰਦਰਸ਼ਨੀ ਸੰਗਤਾਂ ਚ ਖਿੱਚ ਦਾ ਕੇਂਦਰ ਬਣੀ ਹੋਈ ਸੀ । ਗੁਰੂ ਘਰ ਨੂੰ ਖਾਲਸਾਈ ਝੰਡਿਆ ਨਾਲ ਸਜਾਇਆ ਗਿਆ ਸੀ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਭਾਈ ਚਰਨ ਸਿੰਘ ਦੇ ਨਾਲ ਗਰਨੇਤ ਸਿੰਘ, ਬਲਜਿੰਦਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਨਾਲ ਹੀ ਕੌਮ ਦੀ ਅਜ਼ਾਦੀ ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਵੱਧ ਚੱੜ ਕੇ ਸਹਿਯੋਗ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਭਾਰੀ ਗਿਣਤੀ ਚ ਸੰਗਤ ਨੇ ਹਿੱਸਾ ਲੈ ਕੇ ਸ਼ਹੀਦ ਸਿੰਘ ਸਿੰਘਣੀਆਂ ਭੂੰਜਗੀ ਅਤੇ ਬਜ਼ੁਰਗਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ ਪ੍ਰੋਗਰਾਮ ਦੀ ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ। ਹਾਜ਼ਿਰੀਨ ਸੰਗਤਾਂ ਵਲੋਂ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਨਾਲ ਨੌਜੁਆਨ ਸੇਵਾਦਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਬਦੌਲਤ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਗੇ ਵੀਂ ਪ੍ਰਬੰਧਕ ਕਮੇਟੀ ਪੰਥ ਦੇ ਅਹਿਮ ਦਿਹਾੜੇਆਂ ਮੌਕੇ ਇਸੇ ਤਰ੍ਹਾਂ ਪ੍ਰੋਗਰਾਮ ਉਲੀਕਦੇ ਰਹਿਣਗੇ ।