ਗੁਰਦਾਸ ਮਾਨ ਨੂੰ ਸਦਮਾ, ਛੋਟੇ ਭਰਾ ਗੁਰਪੰਥ ਮਾਨ ਦਾ ਦੇਹਾਂਤ
ਸ੍ਰੀ ਮੁਕਤਸਰ ਸਾਹਿਬ- ਨਾਮੀ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਦਾਸ ਮਾਨ ਨੂੰ ਅੱਜ ਉਦੋਂ ਸਦਾਮ ਪੁੱਜਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦੇਹਾਂਤ ਹੋ ਗਿਆ। ਗੁਰਪੰਥ ਮਾਨ ਨੇ ਅੱਜ ਐਸਏਐਸ ਨਗਰ (ਮੁਹਾਲੀ) ਦੇ ਇੱਕ ਨਿੱਜੀ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਆਖ਼ਰੀ ਸਾਹ ਲਿਆ।
ਗਿੱਦੜਬਾਹਾ ਸ਼ਹਿਰ ਦੇ ਵਸਨੀਕ 68 ਸਾਲਾ ਗੁਰਪੰਥ ਇੱਕ ਕਮਿਸ਼ਨ ਏਜੰਟ ਅਤੇ ਕਿਸਾਨ ਸਨ। ਉਹ ਲਗਭਗ ਦੋ ਮਹੀਨਿਆਂ ਤੋਂ ਮੁਹਾਲੀ ਦੇ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।
ਉਨ੍ਹਾਂ ਦੇ ਚਚੇਰੇ ਭਰਾ ਐਡਵੋਕੇਟ ਗੁਰਮੀਤ ਮਾਨ ਦੇ ਦੱਸਣ ਅਨੁਸਾਰ ਗੁਰਪੰਥ ਦੀ ਹਾਲਤ ਵਿੱਚ ਸੁਧਾਰ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਸੀ। ਇਸ ਦੌਰਾਨ ਅੱਜ ਉਨ੍ਹਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ।
ਗੁਰਪੰਥ ਮਾਨ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਬੱਚੇ ਵਿਦੇਸ਼ ਵਿੱਚ ਵੱਸਦੇ ਹਨ। ਗੁਰਪੰਥ ਮਾਨ, ਵੱਡੇ ਭਰਾ ਗੁਰਦਾਸ ਅਤੇ ਉਨ੍ਹਾਂ ਦੀ ਭੈਣ ਦੇ ਵਿਚਕਾਰਲੇ ਭਰਾ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 10 ਜੂਨ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹੋਣਾ ਹੈ।