ਕਨੇਡੀਅਨ ਸਿੱਖਾਂ ਵਲੋਂ ਜੂਨ 84 ਦੇ ਘਲੂਘਾਰੇ ਦੇ ਵਿਰੋਧ ਵਿਚ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਹਰ ਸਾਲ ਦੀ ਤਰਾ ਇਸ ਸਾਲ ਵੀ ਵੈਨਕੂਵਰ ਦੀ ਆਰਟ ਗੈਲਰੀ ਵਿੱਚ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਤੇ ਨਾਲ-ਨਾਲ ਮੌਜੂਦਾ ਸਮੇਂ ਦੇ ਸ਼ਹੀਦਾ ਦੀ ਯਾਦ ਦੇ ਵਿਚ ਉਚੇਚੇ ਤੌਰ ਤੇ ਸਮਾਗਮ ਉਲੀਕੇ ਗਏ ਸਨ । ਉਲੀਕੇ ਗਏ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਬੱਚਿਆਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਅੰਦਰ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ । ਇਸ ਮੌਕੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ਫੌਜ ਵਲੋਂ ਕੀਤੇ ਗਏ ਹਮਲੇ ਦੀਆਂ ਫੋਟੋਆਂ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਸੀ । ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਚੱਲ ਰਹੇ ਆਜ਼ਾਦੀ ਦੇ ਮੌਜੂਦਾ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਨੂੰ ਕਿਹਾ। ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਗੁਰਮੀਤ ਸਿੰਘ ਜੀ ਤੂਰ ਨੇ ਸੰਗਤਾਂ ਨੂੰ ਤੱਤਕਾਲੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦੁਆਰਿਆ ਉਪਰ ਚੜ੍ਹਾਈ ਗਈ ਹਿੰਦੁਸਤਾਨੀ ਫੌਜ ਨਾਲ ਟਾਕਰਾ ਕਰਦੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੀ ਅਗਵਾਈ ਹੇਠ ਮੁੱਠੀ ਭਰ ਸਿੰਘਾਂ ਦੇ ਫਖਰ ਭਰੇ ਇਤਿਹਾਸ ਦਾ ਜਿਕਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਪੰਥ ਕੌਮ ਦੇ ਰਸਤੇ ਤੇ ਤੁਰਕੇ ਅਜ਼ਾਦੀ ਦੀ ਲੜਾਈ ਵਿਚ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਨੀਹ ਰੱਖੀ ਗਈ ਹੈ ਅਸੀਂ ਉਹਨਾਂ ਨੀਹਾਂ ਤੇ ਖਾਲਸਾ ਰਾਜ ਦੀ ਉਸਾਰੀ ਕਰਨੀ ਹੈ ਅਤੇ ਸ਼ਹੀਦਾਂ ਨੂੰ ਸਮਰਪਿਤ ਹੁੰਦਿਆਂ ਉਨ੍ਹਾਂ ਦਾ ਸੁਫਨਾ ਸਾਕਾਰ ਕਰਣਾ ਹੈ। ਐਸਐਫਜੇ ਦੇ ਭਾਈ ਮਨਜਿੰਦਰ ਸਿੰਘ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਰਲਕੇ, ਇਕੱਠੇ ਹੋਕੇ ਪੰਥ ਦੀ ਏਕਤਾ ਵਧਾਈਏ । ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੈਲਗਰੀ ਆ ਰਹੇ ਹਨ ਉਨ੍ਹਾਂ ਦਾ ਵੱਧ ਤੋਂ ਵੱਧ ਵਿਰੋਧ ਅਤੇ ਘਿਰਾਵ ਕੀਤਾ ਜਾਣਾ ਚਾਹੀਦਾ ਹੈ ਕਿਉਕਿ ਉਨ੍ਹਾਂ ਦੀ ਸਰਪ੍ਰਸਤੀ ਹੇਠ ਵਿਦੇਸ਼ਾਂ ਅੰਦਰ ਸਿੱਖਾਂ ਨੂੰ ਕਤਲ ਅਤੇ ਕਤਲ ਕਰਣ ਦੀ ਸਾਜ਼ਿਸ਼ ਖੇਡੀ ਗਈ ਹੈ । ਉਹਨਾਂ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਗੁਰੂ ਘਰ ਦੀਆਂ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਆਪਸੀ ਮੱਤਭੇਦ ਭੁਲਾ ਕੇ ਸਾਨੂੰ ਆਪਣੇ ਦੁਸ਼ਮਣ ਦਾ ਇਕੱਠੇ ਹੋਕੇ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ । ਆਰਟ ਗੈਲਰੀ ਤੋਂ ਬਾਅਦ ਸੰਗਤਾਂ ਨੇ ਭਾਰਤੀ ਐਂਬੈਸੀ ਦਾ ਘਿਰਾਓ ਕਰਦਿਆਂ ਖਾਲਸਾਈ ਜੈਕਾਰਿਆ ਨਾਲ ਗੁੰਜਾ ਪਾ ਦਿਤੀਆਂ ਤੇ ਭਾਰਤੀ ਝੰਡੇ ਦੀ ਬੇਹੂਰਮਤੀ ਕਰਦਿਆਂ ਉਸਨੂੰ ਲੀਰੋ-ਲੀਰ ਕਰ ਦਿੱਤਾ । ਇਸ ਰੋਸ ਪ੍ਰਦਰਸ਼ਨ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਅਜੈਪਾਲ ਸਿੰਘ ਅਤੇ ਭਾਈ ਜੈਗ ਸਿੰਘ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਹਾਜਿਰ ਸਨ ।