ਅਮਰੀਕਾ ਭੇਜਣ ਦੇ ਨਾਂ 'ਤੇ ਕੀਤੀ 20 ਲੱਖ ਤੋਂ ਵਧੇਰੇ ਦੀ ਠੱਗੀ, ਟਰੈਵਲ ਏਜੰਟ ਗ੍ਰਿਫ਼ਤਾਰ
ਥਾਣਾ ਬੇਗੋਵਾਲ ਦੀ ਪੁਲਸ ਨੇ ਅਮਰੀਕਾ ਭੇਜਣ ਦੇ ਨਾਂ 'ਤੇ 20 ਲੱਖ 38 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦਰਜ ਕੀਤੇ ਹੋਏ ਕੇਸ ਵਿਚ ਅਖੌਤੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਇਸ ਮਾਮਲੇ ਵਿਚ ਬੈਂਕ ਖ਼ਾਤੇ ਰਾਹੀਂ ਨਕਦੀ ਲੈਣ ਵਾਲੀ ਮਹਿਲਾ ਅਖੌਤੀ ਟਰੈਵਲ ਏਜੰਟ ਦੀ ਗ੍ਰਿਫ਼ਤਾਰੀ ਹੋਣੀ ਹਾਲੇ ਬਾਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਲਜੀਤ ਕੌਰ ਪਤਨੀ ਸੁਰਿੰਦਰਜੀਤ ਸਿੰਘ ਵਾਸੀ ਪਿੰਡ ਭਦਾਸ ਦੇ ਬਿਆਨਾਂ 'ਤੇ ਉਸ ਦੇ ਬੇਟੇ ਬਲਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ 20 ਲੱਖ 38 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਮਾਰਚ ਮਹੀਨੇ ਥਾਣਾ ਬੇਗੋਵਾਲ ਵਿਖੇ ਅਖੌਤੀ ਟਰੈਵਲ ਏਜੰਟ ਹਰਪ੍ਰੀਤ ਕੌਰ ਉਰਫ਼ ਸੁਮਨ ਪਤਨੀ ਪਲਵਿੰਦਰ ਸਿੰਘ ਵਾਸੀ ਮਾਡਲ ਹਾਊਸ ਜਲੰਧਰ ਅਤੇ ਜਸਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਥੰਮੂਵਾਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਖਿਲਾਫ ਪੰਜਾਬ ਟਰੈਵਲ ਪ੍ਰੋਫੈਸ਼ਨਲਸ (ਰੈਗੂਲੇਸ਼ਨ) ਐਕਟ ਅਤੇ ਆਈ. ਪੀ. ਸੀ. ਦੀ ਧਾਰਾ 406, 420 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਜਸਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਥੰਮੂਵਾਲ, ਸ਼ਾਹਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।