ਡਰਬੀ ਦੇ ਗੁਰਦੁਆਰਿਆਂ ਨੂੰ ਸਿੱਖ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਸਾਥ ਦੇਣ ਦੇ ਵਿਰੁੱਧ ਮਿਲੀਆਂ ਧਮਕੀਆਂ, ਜੇ 20 ਜੂਨ ਤੱਕ ਖਾਲਿਸਤਾਨ ਨਾਲ ਸਬੰਧਿਤ ਝੰਡੇ ਨਾ ਉਤਾਰੇ ਤਾਂ ਗੁਰਦੁਆਰੇ ‘ਚ ਹੋ ਸਕਦੇ ਨੇ ਧਮਾਕੇ
ਡਰਬੀ (ਪੰਜਾਬ ਟਾਈਮਜ਼) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਈਮੇਲ ਰਾਹੀਂ ਇੱਕ ਧਮਕੀ ਭਰੀ ਚਿੱਠੀ ਮਿਲੀ ਹੈ। ਜਿਸ ਵਿੱਚ ਲਿਖਿਆ ਹੈ ਕਿ ਜੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਗੁਰਦੁਆਰੇ ਦੇ ਬਾਹਰ ਲਾਏ ਹੋਏ ਸ਼ਹੀਦਾਂ ਦੇ ਪੋਸਟਰ ਨਹੀਂ ਉਤਾਰੇ ਤਾਂ 20 ਜੂਨ ਨੂੰ ਗੁਰਦੁਆਰਾ ਸਾਹਿਬ ਵਿੱਚ ਧਮਾਕੇ ਹੋ ਸਕਦੇ ਹਨ। ਜਿਸ ਵਿੱਚ ਲੋਕ ਜ਼ਖਮੀ ਵੀ ਹੋ ਸਕਦੇ ਹਨ। 
   ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਵੱਲੋਂ ਇਹ ਧਮਕੀ ਮਿਲਣ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਬਾਹਰੋਂ ਆਉਣ ਵਾਲੇ ਸਾਰੇ ਤਰ੍ਹਾਂ ਦੇ ਵਿਅਕਤੀਆਂ ਉਤੇ ਨਿਗ੍ਹਾ ਰੱਖੀ ਜਾਵੇ। ਦੋਵੇਂ ਦੀਵਾਨ ਹਾਲ ਅਤੇ ਲੰਗਰ ਹਾਲ ਵਿਚ ਆਉਣ ਵਾਲੇ ਸਾਰੇ ਪੈਕਿਟ ਚੈਕ ਕੀਤੇ ਜਾਣ।  ਸਿੰਘ ਸਭਾ ਗੁਰਦੁਆਰੇ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਡਾਕ ਰਾਹੀਂ ਵੀ ਅਜਿਹੀਆਂ ਚਿੱਠੀਆਂ ਮਿਲ ਰਹੀਆਂ ਹਨ। ਜਿਹਨਾਂ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਅੱਤਵਾਦਦੀਆਂ ਦੀ ਮਦਦ ਬੰਦ ਕਰੋ। ਇਸ ਦੇ ਇਲਾਵਾ 1 ਜੂਨ ਐਤਵਾਰ ਨੂੰ ਲੰਡਨ ਵਿਖੇ ਹੋਏ ਰੋਹ ਮੁਜ਼ਾਹਰੇ ਤੋਂ ਬਾਅਦ ਵੀ ਚਿੱਠੀ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਗੁਰਦੁਆਰੇ ਵੱਲੋਂ ਮੁਜ਼ਾਹਰੇ ਲਈ ਕੋਚਾਂ ਕਿਉਂ ਘੱਲੀਆਂ । ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਚਿੱਠੀਆਂ ਮਿਲ ਰਹੀਆਂ ਹਨ। ਪਹਿਲਾਂ ਪਹਿਲਾਂ ਪ੍ਰਬੰਧਕਾਂ ਨੇ ਕਿਹਾ ਕਿ ਕੋਈ ਆਮ ਸ਼ਰਾਰਤੀ ਇਹ ਚਿੱਠੀਆਂ ਘੱਲ ਰਿਹਾ ਹੈ, ਇਸ ਲਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਪ੍ਰਬੰਧਕ ਇਹ ਚਿੱਠੀਆਂ ਪਾੜ ਕੇ ਸੁੱਟ ਦਿੰਦੇ ਰਹੇ । ਪਰ ਹੁਣ ਪਿਛਲੇ ਇੱਕ ਸਾਲ ਤੋਂ ਚਿੱਠੀਆਂ ਦਫ਼ਤਰ ਦੇ ਰਿਕਾਰਡ ਵਿੱਚ ਰੱਖੀਆਂ ਗਈਆਂ ਹਨ । 
    ਸਿੰਘ ਸਭਾ ਡਰਬੀ ਨੂੰ ਈਮੇਲ ਰਾਹੀਂ ਮਿਲੀ ਚਿੱਠੀ ਅਤੇ ਡਾਕ ਰਾਹੀਂ ਮਿਲੀਆਂ ਚਿੱਠੀਆਂ ਅਗਲੇ ਹਫ਼ਤੇ ਪੰਜਾਬ ਟਾਈਮਜ਼ ਵਿੱਚ ਛਾਪੀਆਂ ਜਾਣਗੀਆਂ ਤਾਂ ਜੋ ਸਮੂਹ ਸੰਗਤਾਂ ਸੁਚੇਤ ਹੋਣ । ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਦੇ ਪ੍ਰਧਾਨ ਭਾਈ ਜਸਵੀਰ ਸਿੰਘ ਢਿੱਲੋਂ ਨੇ ਵੀ ਪੰਜਾਬ ਟਾਈਮਜ਼ ਨੂੰ ਦੱਸਿਆ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਨੂੰ ਵੀ ਇਸ ਤਰ੍ਹਾਂ ਦੀ ਧਮਕੀ ਭਰੀ ਈਮੇਲ ਮਿਲੀ ਹੈ । ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਸੰਗਤਾਂ ਨੂੰ ਇਸ ਪ੍ਰਤੀ ਸੁਚੇਤ ਕਰ ਦਿੱਤਾ ਗਿਆ ਹੈ । 
   ਸਿੰਘ ਸਭਾ ਨੂੰ ਈਮੇਲ ਭੇਜਣ ਵਾਲੇ ਨੇ ਲਿਖਿਆ ਹੈ ਕਿ ਪੰਜਾਬ ਵਿੱਚ 50 ਹਜ਼ਾਰ ਹਿੰਦੂਆਂ ਨੂੰ ਮਾਰ ਦਿੱਤਾ, ਜੋ ਕਿ ਉਸ ਨੇ ਕੋਰਾ ਝੂਠ ਲਿਖਿਆ ਹੈ। ਅਜਿਹਾ ਬਿਆਨ ਦੇਣ ਵਾਲਾ ਕੋਈ ਸਿਰ ਫਿਰਿਆ ਜਾਂ ਏਜੰਸੀਆਂ ਦਾ ਬੰਦਾ ਈ ਹੋ ਸਕਦਾ ਹੈ, ਜਿਹੜਾ ਸਿੱਖ ਸੰਗਤਾਂ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਭੈਅ ਅਤੇ ਖਿੱਚੋਤਾਣ ਦਾ ਮਾਹੌਲ ਬਣਾਉਣਾ ਚਾਹੁੰਦਾ ਹੈ । ਪਰ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਸਿੱਖਾਂ ਨੇ  ਕਿਸੇ ਹਿੰਦੂ ਨੂੰ ਨਹੀਂ ਮਾਰਿਆ । ਬਲਕਿ ਸਰਕਾਰੀ ਏਜੰਸੀਆਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਲਈ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਮਰਨ ਵਾਲੇ 99·9 ਫੀਸਦੀ ਸਿੱਖ ਹੀ ਸਨ। ਇਨ੍ਹਾਂ ਵਿੱਚ ਹਿੰਦੂ ਕੋਈ ਵਿਰਲਾ ਟਾਂਵਾਂ ਹੀ ਹੋਵੇਗਾ । ਪ੍ਰਬੰਧਕ ਸੇਵਾਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪੁਰਾਣੇ ਅਤੇ ਮੌਜੂਦਾ ਸਿੱਖ ਇਤਿਹਾਸ ਨਾਲ ਸਬੰਧਿਤ ਤਸਵੀਰਾਂ ਲਾਈਆਂ ਹਨ । ਜਿਹੜੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਹਨ, ਉਹਨਾਂ ਦਾ ਹਮੇਸ਼ਾਂ ਸਾਥ ਦਿੱਤਾ ਹੈ। ਅਜਿਹੀਆਂ ਧਮਕੀਆਂ ਤੋਂ ਡਰ ਕੇ ਇਤਿਹਾਸਕ ਤੱਥ ਹਟਾਏ ਨਹੀਂ ਜਾ ਸਕਦੇ ।