image caption: ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਸਿੰਘ ਸਾਹਿਬਾਨ ਦਾ ਮਾਣ ਸਨਮਾਨ ਕਰਦੇ ਹੋਏ ਗੁਰੂ ਘਰ ਦੇ ਸੇਵਾਦਾਰ

ਸ੍ਰੀ ਅਕਾਲ ਤਖ਼ਤ ਤੇ ਲੰਮਾ ਸਮਾਂ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬਾਨ ਵੱਲੋਂ ਯੂ ਕੇ ਵਿੱਚ ਸਿੱਖੀ ਪ੍ਰਚਾਰ

ਡਰਬੀ (ਪੰਜਾਬ ਟਾਈਮਜ਼) - ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਸਮੇਂ ਵਿੱਚ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬਾਨ ਅੱਜਕੱਲ੍ਹ ਯੂ ਕੇ ਵਿੱਚ ਆਏ ਹੋਏ ਹਨ । ਯਾਦ ਰਹੇ 2015 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਵੱਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਗੁਨਾਹਾਂ ਦੀ ਬਿਨਾ ਮੰਗਿਆਂ ਮੁਆਫ਼ੀ ਦੇਣ ਦਾ ਵਿਰੋਧ ਪੰਜ ਪਿਆਰਿਆਂ ਵੱਲੋਂ ਕਰਨ &rsquoਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹਨਾਂ ਪੰਜ ਸਿੰਘ ਸਾਹਿਬਾਨ ਵਿੱਚ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਸ਼ਾਮਿਲ ਸਨ । ਇਹਨਾਂ ਸਿੰਘ ਸਾਹਿਬਾਨ ਵੱਲੋਂ ਸੇਵਾ ਮੁਕਤ ਹੋਣ ਪਿੱਛੋਂ ਵੀ ਆਪਣੇ ਤੌਰ &rsquoਤੇ ਅੰਮ੍ਰਿਤ ਸੰਚਾਰ ਦਾ ਪ੍ਰਵਾਹ ਨਿਸ਼ਕਾਮ ਸੇਵਾ ਵਜੋਂ ਜਾਰੀ ਰਿਹਾ। ਇਹਨਾਂ ਪੰਜ ਸਿੰਘ ਸਾਹਿਬਾਨ ਵਿੱਚੋਂ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਸਤਨਾਮ ਸਿੰਘ ਝੱਜੀਆਂ ਅਤੇ ਉਹਨਾਂ ਦੇ ਨਾਲ ਇੱਕ ਹੋਰ ਸਿੰਘ ਭਾਈ ਗੁਰਮੀਤ ਸਿੰਘ ਪਹੁੰਚੇ ਹੋਏ ਹਨ। ਪਰ ਪੰਜ ਪਿਆਰਿਆਂ ਵਿੱਚੋਂ ਭਾਈ ਤਰਲੋਕ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨਹੀਂ ਆ ਸਕੇ । ਅੱਜਕਲ੍ਹ ਸਿੰਘ ਸਾਹਿਬਾਨ ਯੂ ਕੇ ਵਿੱਚ ਸੰਗਤਾਂ ਦੀ ਸੇਵਾ ਕਰ ਰਹੇ ਹਨ। ਬੀਤੇ ਹਫ਼ਤੇ ਇਹ ਸਿੰਘ ਸਾਹਿਬਾਨ ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਵੀ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਓ ਭਗਤ ਕੀਤੀ ਗਈ। ਇਸ ਦੇ ਇਲਾਵਾ ਡਰਬੀ ਦੇ ਗੁਰੂ ਘਰਾਂ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਗੁਰੂ ਅਰਜਨ ਦੇਵ ਗੁਰਦੁਆਰਾ, ਰਾਮਗੜ੍ਹੀਆ ਗੁਰਦੁਆਰਾ ਅਤੇ ਅਕਾਲ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਸਿੰਘ ਸਾਹਿਬਾਨ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਜੀ ਆਇਆਂ ਆਖਿਆ। ਭਾਈ ਸਤਨਾਮ ਸਿੰਘ ਜੀ ਨੇ ਪੰਥ ਦੇ ਮੌਜੂਦਾ ਹਾਲਾਤ ਅਤੇ ਸਿੱਖੀ ਪ੍ਰਚਾਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਯਾਤਰਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ 14 ਜੂਨ 2025 ਦਿਨ ਸ਼ਨਿੱਚਰਵਾਰ ਨੂੰ ਦੁਪਹਿਰ ਦੇ 12 ਵਜੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ।