image caption:

ਉਟਾਹ ਵਿਚ ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਤਕਰਾਰ ਉਪਰੰਤ ਹੋਈ ਗੋਲੀਬਾਰੀ ਵਿਚ 3 ਮੌਤਾਂ ਤੇ 2 ਹੋਰ ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉਟਾਹ ਵਿਚ ਇਕ ਸਲਾਨਾ ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਹੋਏ ਤਕਰਾਰ ਉਪਰੰਤ ਹੋਈ ਗੋਲੀਬਾਰੀ ਵਿਚ ਇੱਕ 8 ਮਹੀਨਿਆਂ ਦੇ ਬੱਚੇ ਸਮੇਤ 3 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿੱਚ ਦਿੰਦਿਆਂ ਕਿਹਾ ਹੈ ਕਿ ਵੈਸਟ ਵੈਲੀ ਸ਼ਹਿਰ ਵਿਚ ਸੈਂਟੈਨੀਅਲ ਪਾਰਕ ਵਿੱਚ ਵੈਸਟਫੈਸਟ ਮੇਲੇ ਦੌਰਾਨ ਹੋਈ ਗੋਲੀਬਾਰੀ ਵਿਚ ਕੁੱਲ 5 ਜਣਿਆਂ ਦੇ ਗੋਲੀਆਂ ਵੱਜੀਆਂ ਹਨ ਜਿਨਾਂ ਵਿਚੋਂ 3 ਦਮ ਤੋੜ ਗਏ ਹਨ। ਵੈਸਟਫੈਸਟ ਮੇਲਾ 4 ਦਿਨ ਮਨਾਇਆ ਜਾਂਦਾ ਹੈ। ਵੈਸਟ ਵੈਲੀ ਸ਼ਹਿਰ ਸਾਲਟ ਲੇਕ ਸ਼ਹਿਰ ਤੋਂ 12 ਮੀਲ ਦੂਰ ਹੈ। ਵੈਸਟ ਵੈਲੀ ਸ਼ਹਿਰ ਦੀ ਪੁਲਿਸ ਵੱਲੋਂ ਸੋਸ਼ਲ ਮੀਡੀਆ ਐਕਸ ਉਪਰ ਪਾਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਬੱਚੇ ਤੋਂ ਇਲਾਵਾ ਇਕ 18 ਸਾਲਾਂ ਦਾ ਵਿਅਕਤੀ ਤੇ ਇਕ 41 ਸਾਲ ਦੀ ਔਰਤ ਸ਼ਾਮਿਲ ਹੈ। ਜ਼ਖਮੀਆਂ ਵਿਚ ਇਕ 17 ਸਾਲਾਂ ਦੀ ਔਰਤ ਤੇ ਇਕ 15 ਸਾਲਾਂ ਦਾ ਨੌਜਵਾਨ ਸ਼ਾਮਿਲ ਹੈ। ਪੁਲਿਸ ਅਨੁਸਾਰ ਘਟਨਾ ਮੇਲੇ ਦੇ ਆਖਰੀ ਦਿਨ ਰਾਤ ਤਕਰੀਬਨ 9.20 ਵਜੇ ਵਾਪਰੀ। ਜਦੋਂ ਝਗੜ ਰਹੇ ਦੋ ਧੜਿਆਂ ਨੂੰ ਛੁਡਾਉਣ ਲਈ ਪੁਲਿਸ ਨੇ ਦਖਲ ਦਿੱਤਾ ਤਾਂ ਇਕ 16 ਸਾਲਾਂ ਦੇ ਨੌਜਵਾਨ ਨੇ ਗੰਨ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਇਕ ਪੁਲਿਸ ਅਫਸਰ ਨੇ ਵੀ ਸ਼ੱਕੀ ਉਪਰ ਗੋਲੀ ਚਲਾਈ ਪਰੰਤੂ ਗੋਲੀ ਖੁੰਝ ਗਈ ਤੇ ਉਸ ਦਾ ਬਚਾਅ ਹੋ ਗਿਆ। ਬਾਅਦ ਵਿਚ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਨਬਾਲਗ ਹੋਣ ਕਾਰਨ ਉਸ ਦਾ ਨਾਂ ਜਨਤਿਕ ਨਹੀਂ ਕੀਤਾ ਜਾ ਸਕਦਾ। ਜਦ ਕਿ ਮ੍ਰਿਤਕਾਂ ਤੇ ਜ਼ਖਮੀਆਂ ਦੇ ਨਾਂ ਲੋੜੀਂਦੀ ਕਾਰਵਾਈ ਪੂਰੀ ਹੋਣ ਉਪਰੰਤ ਜਾਰੀ ਕੀਤੇ ਜਾਣਗੇ। ਪੁਲਿਸ ਅਨਸਾਰ ਮਾਮਲਾ ਜਾਂਚ ਅਧੀਨ ਹੈ ਤੇ ਮੌਕੇ &#39ਤੇ ਮੌਜੂਦ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ।