image caption: ਤਸਵੀਰਾਂ: ਗੁਰਦੁਆਰਾ ਸ੍ਰੀ ਗੁਰ੍ਹੂ ਸਿੰਘ ਸਭਾ ਡਰਬੀ ਅਤੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ
ਡਰਬੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਧਮਕੀ ਭਰੀ ਚਿੱਠੀ ਲਿਖਣ ਵਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ
ਡਰਬੀ (ਪੰਜਾਬ ਟਾਈਮਜ਼) - ਬੀਤੇ ਦਿਨੀਂ ਡਰਬੀ ਦੇ ਦੋ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਕਿਸੇ ਡੈਨੀ ਨਾਂ ਦੇ ਬੰਦੇ ਨੇ ਈਮੇਲ ਰਾਹੀਂ ਧਮਕੀ ਭਰੀ ਚਿੱਠੀ ਲਿਖ ਭੇਜੀ ਸੀ, ਕਿ ਉਹ ਖਾਲਿਸਤਾਨ ਨਾਲ ਸਬੰਧਿਤ ਸਮਗਰੀ ਗੁਰਦੁਆਰਾ ਸਾਹਿਬ ਤੋਂ 20 ਜੂਨ ਤੱਕ ਹਟਾ ਦੇਣ ਨਹੀਂ ਤਾਂ ਸੰਗਤਾਂ ਦਾ ਨੁਕਸਾਨ ਹੋ ਸਕਦਾ ਹੈ । ਇਸ ਸਬੰਧੀ ਗੁਰਦੁਆਰਾ ਕਮੇਟੀਆਂ ਵੱਲੋਂ ਸਥਾਨਕ ਡਰਬੀ ਦੀ ਪੁਲਿਸ ਨਾਲ ਮੁਲਾਕਾਤ ਕਰਕੇ ਇਹ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ । ਪੁਲਿਸ ਨੇ ਇਸ ਪ੍ਰਤੀ ਤੁਰੰਤ ਕਾਰਵਾਈ ਕਰਦਿਆਂ ਉਸ ਚਿੱਠੀ ਲਿਖਣ ਵਾਲੇ ਦਾ ਸੁਰਾਗ ਲਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਇੱਕ ਪੁਲਿਸ ਅਫ਼ਸਰ ਨੇ ਆਪਣਾ ਨਾਂ ਗੁਪਤ ਰੱਖਦਿਆਂ ਸਿੰਘ ਸਭਾ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਨੂੰ ਚਿੱਠੀ ਲਿਖਣ ਵਾਲੇ ਪ੍ਰਤੀ ਜਾਣਕਾਰੀ ਦਿੱਤੀ ਕਿ ਡਰਬੀ ਪੁਲਿਸ ਨੇ ਉਕਤ ਚਿੱਠੀ ਲਿਖਣ ਵਾਲੇ ਨੂੰ ਲੱਭ ਲਿਆ ਹੈ । ਪੁਲਿਸ ਅਫ਼ਸਰ ਨੇ ਦੱਸਿਆ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਪੁਲਿਸ ਨੇ ਅਜੇ ਉਸ ਬੰਦੇ ਦਾ ਨਾਂ ਆਦਿ ਜਨਤਕ ਨਹੀਂ ਕੀਤਾ ।