image caption:

ਨਿਊ ਯਾਰਕ ਦੇ ਡੈਮੋਕਰੈਟਿਕ ਆਗੂ ਬਰਾਡ ਲੈਂਡਰ ਨੂੰ ਪ੍ਰਵਾਸੀ ਨੂੰ ਗ੍ਰਿਫਤਾਰੀ ਤੋਂ ਬਚਾਉਣ ਦੇ ਮਾਮਲੇ ਵਿਚ ਹਿਰਾਸਤ ਵਿੱਚ ਲਿਆ

ਸੈਕਰਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊਯਾਰਕ ਸਿਟੀ ਕੰਪਟਰੋਲਰ ਤੇ ਮੇਅਰ ਦੇ ਅਹੁੱਦੇ ਲਈ ਉਮੀਦਵਾਰ ਡੈਮੋਕਰੈਟਿਕ ਆਗੂ ਬਰਾਡ ਲੈਂਡਰ ਨੂੰ ਮੈਨਹਟਨ ਦੀ ਇਮੀਗ੍ਰੇਸ਼ਨ ਅਦਾਲਤ ਵਿਚ ਇਕ ਪ੍ਰਵਾਸੀ ਨੂੰ ਬਚਾਉਣ ਦੀ ਕੋਸ਼ਿਸ਼ ਉਪਰੰਤ ਹਿਰਾਸਤ ਵਿਚ ਲੈ ਲੈਣ ਦੀ ਖਬਰ ਹੈ ਹਾਲਾਂ ਕਿ ਕੁਝ ਘੰਟੇ ਹਿਰਾਸਤ ਵਿਚ ਰੱਖਣ ਉਪਰੰਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਲੈਂਡਰ ਜੋ ਅਗਲੇ ਹਫਤੇ ਮੇਅਰ ਦੇ ਅਹੁਦੇ ਲਈ ਹੋ ਰਹੀ ਪਾਰਟੀ ਦੀ ਮੁੱਢਲੀ ਚੋਣ ਲਈ ਉਮੀਦਵਾਰ ਹਨ, ਇਮੀਗ੍ਰੇਸ਼ਨ ਅਦਾਲਤ ਦੀਆਂ ਸਰਗਰਮੀਆਂ ਉਪਰ ਨਜ਼ਰ ਰਖ ਰਹੇ ਹਨ। ਉਹ ਪ੍ਰਵਾਸੀਆਂ ਦੇ ਹੱਕਾਂ ਲਈ ਲੜ ਰਹੇ ਹਨ। ਤਕਰੀਬਨ 4 ਘੰਟੇ ਹਿਰਾਸਤ ਵਿੱਚ ਰੱਖਣ ਉਪਰੰਤ ਲੈਂਡਰ ਫੈਡਰਲ ਪਲਾਜ਼ਾ ਜਿਥੇ ਨਿਊਯਾਰਕ ਆਈ ਸੀ ਈ ਦਾ ਫੀਲਡ ਦਫਤਰ ਹੈ, ਵਿੱਚੋਂ ਬਾਹਰ ਆਏ। ਇਸ ਮੌਕੇ ਉਨਾਂ ਦੀ ਪਤਨੀ ਤੇ ਗਵਰਨਰ ਕੈਥੀ ਹੋਸ਼ਲ ਵੀ ਉਨਾਂ ਦੇ ਨਾਲ ਸੀ। ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਉਨਾਂ ਦੇ ਸਮਰਥਕ
ਮੌਜੂਦ ਸਨ। ਉਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਮੇਰੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਜੇਕਰ ਉਹ ਮਾਮਲਾ ਦਰਜ ਕਰਨਗੇ ਤਾਂ ਮੈ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਾਂ, ਮੈ ਵਕੀਲ ਕਰ ਸਕਦਾ ਹਾਂ। ਉਨਾਂ ਕਿਹਾ ਕਿ ਉਹ ਪ੍ਰਵਾਸੀਆਂ ਨੂੰ ਸੁਚੇਤ ਕਰਨਾ ਚਹੁੰਦੇ ਹਨ ਕਿ ਸੰਘੀ ਏਜੰਟ ਉਨਾਂ ਨੂੰ ਤਾਂ ਹੀ ਗ੍ਰਿਫਤਾਰ ਕਰ ਸਕਦੇ ਹਨ ਜੇਕਰ ਅਦਾਲਤ ਉਨਾਂ ਦੇ ਹੱਕ ਵਿਚ ਫੈਸਲਾ ਨਹੀਂ ਦਿੰਦੀ ਤੇ ਉਨਾਂ ਦਾ ਕੇਸ ਰੱਦ ਕਰ ਦਿੰਦੀ ਹੈ।