ਪੰਜਾਬ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਆਰਮੀ ‘ਚ ਹੋਈ ਭਰਤੀ
ਵਿਧਾਨ ਸਭਾ ਹਲਕਾ ਝੀਰਾ ਦੇ ਪਿੰਡ ਆਸਫ਼ ਵਾਲਾ ਦੀ ਜਸਵਿੰਦਰ ਕੌਰ ਨੇ ਕੈਨੇਡੀਅਨ ਫੌਜ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਹਾਲਾਂਕਿ ਜਸਵਿੰਦਰ ਕੌਰ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਸੀ, ਪਰ ਕਿਸਮਤ ਨੇ ਉਸ ਲਈ ਕੁਝ ਹੋਰ ਹੀ ਸੋਚਿਆ ਹੋਇਆ ਸੀ। ਜਿਵੇਂ ਹੀ ਕੈਨੇਡਾ ਵਿੱਚ ਫੌਜ ਵਿੱਚ ਸ਼ਾਮਲ ਹੋਣ ਦੀ ਖ਼ਬਰ ਮਿਲੀ, ਲੋਕ ਜਸਵਿੰਦਰ ਕੌਰ ਦੇ ਮਾਪਿਆਂ ਨੂੰ ਵਧਾਈ ਦੇਣ ਲਈ ਪਹੁੰਚ ਗਏ।
ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸ਼ੌਕ ਸੀ। ਜਸਵਿੰਦਰ ਬਚਪਨ ਤੋਂ ਹੀ ਆਪਣੀ ਜਮਾਤ ਵਿੱਚ ਟਾਪਰ ਸੀ। ਉਸ ਨੇ ਪਿੰਡ ਦੇ ਬਾਬਾ ਸ਼ਿਆਮ ਸਿੰਘ ਅਟਾਰੀ ਧਾਰਮਿਕ ਸੰਸਥਾ ਦੇ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਪਰਮਾਤਮਾ ਦਾ ਸਿਮਰਨ ਵੀ ਕਰਦੀ ਸੀ। ਅਚਾਨਕ ਉਸ ਨੇ ਵਿਦੇਸ਼ (ਕੈਨੇਡਾ) ਜਾਣ ਦਾ ਫੈਸਲਾ ਕੀਤਾ।
ਜਸਵਿੰਦਰ ਕੌਰ ਮਾਂਟਰੀਅਲ (ਕੈਨੇਡਾ) ਵਿੱਚ ਪੜ੍ਹਾਈ ਦੇ ਨਾਲ ਮਜ਼ਦੂਰੀ ਵੀ ਕਰਦੀ ਸੀ। ਇੱਕ ਦਿਨ ਉਸ ਨੇ ਆਪਣੇ ਮੋਬਾਈਲ &lsquoਤੇ ਫੌਜ ਦਾ ਫਾਰਮ ਦੇਖਿਆ ਅਤੇ ਇਸ ਨੂੰ ਭਰ ਦਿੱਤਾ। ਉਸ ਦੀ ਕੈਨੇਡਾ ਵਿੱਚ ਫੌਜ ਵਿੱਚ ਚੋਣ ਹੋ ਗਈ। ਰਣਜੀਤ ਸਿੰਘ ਨੇ ਕਿਹਾ ਕਿ ਉਸ ਦੀ ਮਾਂ ਬਹੁਤ ਖੁਸ਼ ਹੈ ਕਿ ਉਸਦੀ ਧੀ ਫੌਜ ਵਿੱਚ ਭਰਤੀ ਹੋ ਗਈ ਹੈ।