ਚੋਣਾਂ ਦੌਰਾਨ ਮੈਂਬਰਾਂ ਦੀ ਖਰੀਦੋ ਫਰੋਖ਼ਤ ਕਬੂਲਣ ਲਈ ਸਰਨਾ ਉਪਰ ਹੋਵੇ ਕਾਰਵਾਈ: ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ
 ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਬੀਬੀ ਰਣਜੀਤ ਕੌਰ, ਮੀਡੀਆ ਸੈਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਬੱਬਰ ਅਤੇ ਹੋਰ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਡਗੱਜ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ 22 ਜੂਨ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਚ ਮੀਡੀਆ ਸਾਹਮਣੇ ਖੁਦ ਪ੍ਰਵਾਨ ਕੀਤਾ ਹੈ ਕਿ 2022 ਵਿਚ ਕਮੇਟੀ ਚੋਣਾਂ ਵੇਲੇ ਉਹਨਾਂ ਨੇ ਮੈਂਬਰਾਂ ਨੂੰ 25 ਤੋਂ 30 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਿਸਦੇ ਇਵਜ਼ ਵਿਚ ਉਹਨਾਂ ਵੋਟਾਂ ਸਾਨੂੰ ਪਾਉਣੀਆਂ ਸਨ। ਉਹਨਾਂ ਕਿਹਾ ਕਿ ਇਹ ਇਕਬਾਲੀਆ ਬਿਆਨ ਬਹੁਤ ਹੀ ਗੰਭੀਰ ਹੈ ਅਤੇ ਵੋਟਾਂ ਦੀ ਖਰੀਦੋ ਫਰੋਖ਼ਤ ਕਰਨਾ ਇਖਲਾਕੀ ਅਤੇ ਕਾਨੂੰਨੀ ਦੋਵਾਂ ਤਰੀਕੇ ਨਾਲ ਜ਼ੁਰਮ ਹੈ। ਉਹਨਾਂ ਕਿਹਾ ਕਿ ਇਸ ਜ਼ੁਰਮ ਨੂੰ ਜਨਤਕ ਤੌਰ &rsquoਤੇ ਕਬੂਲਣ ਲਈ ਪਰਮਜੀਤ ਸਿੰਘ ਸਰਨਾ ਨੂੰ ਤੁਰੰਤ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਅਤੇ ਇਕ ਵਿਸਤ੍ਰਿਤ ਜਾਂਚ ਕਮੇਟੀ ਬਣਾ ਕੇ ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸਰਨਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਅਰਦਾਸ ਕਰਨ ਵੇਲੇ ਮਰਿਆਦਾ ਦੀ ਵੀ ਘੋਰ ਉਲੰਘਣਾ ਕੀਤੀ ਹੈ, ਉਸਦਾ ਵੀ ਨੋਟਿਸ ਲਿਆ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ ਵਿਚ ਵੀ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ