image caption:

ਸ਼ੰਕਰਾ ਨੰਦ ਦਾ ਲੁਕਆਊਟ ਨੋਟਿਸ ਜਾਰੀ : ਪੁਲਿਸ ਪੈ ਗਈ ਮਗਰ

ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਮਾਮਲੇ ਵਿੱਚ ਮੁੱਲਾਂਪੁਰ ਦਾਖਾ ਪੁਲਿਸ ਨੇ ਉਸ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸਵਾਮੀ ਸ਼ੰਕਰਾ ਨੰਦ ਵੱਲੋਂ ਆਪਣੇ ਬਚਾਅ ਲਈ ਜ਼ਮਾਨਤ ਲਗਾਈ ਗਈ ਸੀ, ਪਰ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰੀ ਲਈ ਕਾਰਵਾਈ ਤੇਜ਼ ਕਰਦਿਆਂ ਇਹ ਨੋਟਿਸ ਜਾਰੀ ਕੀਤਾ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਲੁਕਆਊਟ ਨੋਟਿਸ ਜਾਰੀ ਹੋਣ ਦੀ ਪੁਸ਼ਟੀ ਕੀਤੀ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਫਿਲਹਾਲ ਸਵਾਮੀ ਸ਼ੰਕਰਾ ਨੰਦ ਵਿਦੇਸ਼ ਨਹੀਂ ਭੱਜੇ, ਪਰ ਉਹ ਦੇਸ਼ ਨਾ ਛੱਡ ਸਕਣ, ਇਸ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਸਵਾਮੀ ਸ਼ੰਕਰਾ ਨੰਦ ਦੇ ਚੇਲੇ ਅਤੇ ਸੇਵਾਦਾਰਾਂ ਨੇ ਵੀ ਹੁਣ ਚੁੱਪੀ ਤੋੜੀ ਹੈ। ਉਨ੍ਹਾਂ ਦੇ ਨਜ਼ਦੀਕੀ ਸਵਾਮੀ ਓਮਾ ਨੰਦ ਨੇ ਵੀਡੀਓ ਦੀ ਸੱਚਾਈ ਜਾਂ ਝੂਠ ਬਾਰੇ ਸਿੱਧਾ ਕੁਝ ਨਹੀਂ ਕਿਹਾ, ਪਰ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਜਲਦੀ ਅਸਲੀਅਤ ਸਾਹਮਣੇ ਆ ਜਾਵੇਗੀ। ਡੇਰੇ ਦੇ ਕੁਝ ਸ਼ਰਧਾਲੂਆਂ ਨੇ ਵੀਡੀਓ ਨੂੰ ਪੂਰੀ ਤਰ੍ਹਾਂ ਫੇਕ ਦੱਸਿਆ ਅਤੇ ਕਾਨੂੰਨ &rsquoਤੇ ਭਰੋਸਾ ਜਤਾਇਆ ਕਿ ਸੱਚਾਈ ਜਲਦੀ ਸਾਹਮਣੇ ਆਵੇਗੀ। ਪੁਲਿਸ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵਾਇਰਲ ਵੀਡੀਓ ਮਾਮਲੇ ਵਿਚ ਮੁਕੱਦਮਾ ਦਰਜ ਕਰ ਚੁੱਕੀ ਹੈ। ਛੁਡਾਨੀ ਧਾਮ ਦੇ ਮੁਖੀ ਸਮੇਤ ਇਸ ਮਾਮਲੇ &rsquoਚ ਪੁਲਿਸ ਨੂੰ ਜਿੰਨੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਸਾਰਿਆਂ ਦੀ ਹੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇੱਕ ਐੱਫਆਈਆਰ ਹੀ ਦਰਜ ਕਰਨੀ ਬਣਦੀ ਸੀ। ਬਾਕੀ ਸ਼ਿਕਾਇਤ ਕਰਤਾਵਾਂ ਦੇ ਇਸੇ ਮਾਮਲੇ ਵਿਚ ਬਿਆਨ ਕਲਮਬੰਦ ਕਰਕੇ ਨਾਲ ਜੋੜਿਆ ਜਾ ਰਿਹਾ ਹੈ।