ਅਮਰੀਕੀ ਬੰਬਾਰੀ ਕਾਰਨ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨੇ ਹੀ ਪਿੱਛੇ ਪਿਆ-ਸੂਤਰ
ਸੈਕਰਾਮੈਂਟੋ ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੈਂਟਾਗਨ ਇੰਟੈਲੀਜੈਂਸ ਦੇ ਮੁੱਢਲੇ ਮੁਲਾਂਕਣ ਅਨੁਸਾਰ ਅਮਰੀਕੀ ਫੌਜ ਦੁਆਰਾ ਇਰਾਨ ਦੇ 3 ਪ੍ਰਮਾਣੂ ਟਿਕਾਣਿਆਂ ਉਪਰ ਕੀਤੀ ਬੰਬਾਰੀ ਕਾਰਨ ਉਸ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨੇ ਹੀ ਪਿੱਛੇ ਪਿਆ ਹੈ। ਇਹ ਜਾਣਕਾਰੀ ਇੰਟੈਲੀਜੈਂਸ ਨਾਲ ਜੁੜੇ ਅਮਰੀਕੀ ਸਰਕਾਰ ਦੇ ਸੂਤਰਾਂ ਨੇ ਦਿੱਤੀ ਹੈ। ਇਕ ਅਮਰੀਕੀ ਅਧਿਕਾਰੀ ਅਨੁਸਾਰ ਮਿਲੇ ਮੁੱਢਲੇ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਬੰਬਾਰੀ ਦਾ ਅਸਰ ਪ੍ਰਮਾਣੂ ਸਥਾਨ ਤਬਾਹ ਕਰਨ ਲਈ ਲੋੜੀਂਦੀ ਡੂੰਘਾਈ ਤੱਕ ਨਹੀਂ ਹੋਇਆ ਜੋ ਸਥਾਨ ਜਮੀਨ ਹੇਠਾਂ ਬਹੁਤ ਡੂੰਘਾਈ ਤੇ ਬਣਾਇਆ ਗਿਆ ਹੈ। ਇਥੇ ਜਿਕਰਯੋਗ ਹੈ ਕਿ 21 ਜੂਨ ਨੂੰ ਅਮਰੀਕੀ ਏਅਰ ਫੋਰਸ ਦੇ ਬੀ-2 ਅੱਤ ਆਧੁਨਿਕ ਜੰਗੀ ਜਹਾਜ਼ਾਂ ਨੇ ਬਹੁਤ ਹੀ ਸ਼ਕਤੀਸ਼ਾਲੀ ਬੰਕਰ ਬਸਟਰ ਬੰਬਾਂ ਨਾਲ ਇਰਾਨ ਦੇ ਪ੍ਰਮਾਣੂ ਟਿਕਾਣਿਆਂ ਤੇ ਬੰਬਾਰੀ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਪ੍ਰਮਾਣੂ ਟਿਕਾਣੇ ਤਬਾਹ ਕਰ ਦਿੱਤੇ ਗਏ ਹਨ। ਇਕ ਹੋਰ ਅਮਰੀਕੀ ਅਧਿਕਾਰੀ ਨੇ ਬੰਬਾਰੀ ਦੇ ਮੁੱਢਲੇ ਮੁਲਾਂਕਣ ਦੀ ਪੁਸ਼ਟੀ ਕੀਤੀ ਹੈ।