image caption:

ਅੰਮ੍ਰਿਤਸਰ ਪੁਲਿਸ ਸ. ਕਰਤਾਰ ਸਿੰਘ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ਼ ਕਰੇ ਸਖ਼ਤ ਕਾਰਵਾਈ- ਜਥੇਦਾਰ ਗੜਗੱਜ

👉 ਸ. ਕਰਤਾਰ ਸਿੰਘ ਸ਼ਹੀਦ ਪਰਿਵਾਰ ਵਿੱਚੋਂ ਸਨ ਜਿਨ੍ਹਾਂ ਦੇ ਪਿਤਾ ਅਤੇ ਦੋ ਭਰਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਹਨ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨੀਂ ਭੇਤ ਭਰੇ ਹਾਲਾਤ ਵਿੱਚ ਚਲਾਣਾ ਕਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਸ. ਕਰਤਾਰ ਸਿੰਘ ਦੇ ਪਰਿਵਾਰ ਨਾਲ ਪਿੰਡ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਮੁਲਾਕਾਤ ਕੀਤੀ ਤੇ ਦੁੱਖ ਸਾਂਝਾ ਕੀਤਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸ. ਕਰਤਾਰ ਸਿੰਘ ਸ਼ਹੀਦ ਪਰਿਵਾਰ ਵਿੱਚੋਂ ਸਨ ਜਿਨ੍ਹਾਂ ਦੇ ਪਿਤਾ ਅਤੇ ਦੋ ਭਰਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਸ. ਕਰਤਾਰ ਸਿੰਘ ਪੰਥਕ ਭਾਵਨਾ ਵਾਲੇ ਸਿੰਘ ਸਨ, ਜਿਨ੍ਹਾਂ ਨੇ ਸਿੱਖ ਸੰਸਥਾ ਵੱਲੋਂ ਲੱਗੀਆਂ ਸੇਵਾਵਾਂ ਹਮੇਸ਼ਾ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈਆਂ। ਇਸ ਮੌਕੇ ਜਥੇਦਾਰ ਗੜਗੱਜ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਜਥੇਦਾਰ ਗੜਗੱਜ ਨਾਲ ਮੁਲਾਕਾਤ ਦੌਰਾਨ ਸ. ਕਰਤਾਰ ਸਿੰਘ ਦੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਖ਼ਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਨੂੰ ਕਤਲ ਕਰਕੇ ਨਹਿਰ ਵਿੱਚ ਸੁੱਟਿਆ ਗਿਆ ਹੈ ਅਤੇ ਉਹ ਚੜ੍ਹਦੀ ਕਲਾ ਵਾਲੇ ਸਿੰਘ ਸਨ ਜੋ ਆਤਮ ਹੱਤਿਆ ਨਹੀਂ ਕਰ ਸਕਦੇ ਸਨ। ਪਰਿਵਾਰ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਸ. ਕਰਤਾਰ ਸਿੰਘ ਦਾ ਮੋਬਾਈਲ ਫ਼ੋਨ ਹੁਣ ਤੱਕ ਬਰਾਮਦ ਨਹੀਂ ਕੀਤਾ ਗਿਆ ਅਤੇ ਇਹ ਮੰਗ ਕੀਤੀ ਕਿ ਪੁਲਿਸ ਜਾਂਚ ਵਿੱਚ ਕਿਸੇ ਕਿਸਮ ਦੀ ਢਿਲਾਈ ਨਾ ਵਰਤੇ। ਇਸ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਸ. ਗੁਰਬਚਨ ਸਿੰਘ ਕਰਮੂਵਾਲਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਆਦਿ ਹਾਜ਼ਰ ਸਨ।