image caption:

ਬੇਅਦਬੀਆਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਸੰਜੀਦਾ ਹੋਵੇ ਸਰਕਾਰ- ਐਡਵੋਕੇਟ ਧਾਮੀ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਬੇਅਦਬੀਆਂ ਦੇ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਮਾਣਾ ਵਿਖੇ ਟਾਵਰ &rsquoਤੇ ਚੜ੍ਹ ਕੇ ਸੰਘਰਸ਼ ਕਰ ਰਹੇ ਸਿੱਖ ਨੌਜੁਆਨ ਸ. ਗੁਰਜੀਤ ਸਿੰਘ ਖ਼ਾਲਸਾ ਦੀ ਵਿਗੜ ਰਹੀ ਹਾਲਤ &rsquoਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ &rsquoਤੇ ਸਰਕਾਰ ਦੀ ਪਹੁੰਚ ਲਗਾਤਾਰ ਗੈਰ- ਜ਼ੁੰਮੇਵਰਾਨਾ ਰਹੀ ਹੈ, ਜਿਸ ਕਾਰਨ ਸਿੱਖ ਨੌਜੁਆਨ ਦੀ ਜ਼ਿੰਦਗੀ ਨੂੰ ਖ਼ਤਰਾ ਬਣਿਆ ਹੋਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬੇਅਦਬੀਆਂ ਦਾ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੇਅਦਬੀਆਂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕਾਨੂੰਨ ਪਾਸ ਕਰਨ ਵਾਸਤੇ ਕਈ ਵਾਰ ਸਰਕਾਰਾਂ ਨੂੰ ਲਿਖਿਆ ਹੈ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਬੇਹੱਦ ਸੰਜੀਦਾ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸੇ ਹੀ ਸਬੰਧ ਵਿਚ ਸਿੱਖ ਨੌਜੁਆਨ ਸ. ਗੁਰਜੀਤ ਸਿੰਘ ਖਾਲਸਾ ਸੰਘਰਸ਼ ਦੇ ਰਾਹ &rsquoਤੇ ਹੈ, ਪ੍ਰੰਤੂ ਸਰਕਾਰ ਦੀ ਖ਼ਾਮੋਸ਼ੀ ਸਵਾਲ ਖੜ੍ਹੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਵਿਚ ਫੜ੍ਹੇ ਗਏ ਦੋਸ਼ੀ ਅਕਸਰ ਹੀ ਸਖ਼ਤ ਕਾਨੂੰਨ ਦੀ ਘਾਟ ਕਾਰਨ ਜਲਦ ਛੁੱਟ ਜਾਂਦੇ ਹਨ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜੁਆਨ ਦੀ ਸਮੁੱਚਾ ਪੰਥ ਹਮਾਇਤ ਕਰਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਸ ਨੌਜੁਆਨ ਨੂੰ ਮਿਲ ਕੇ ਸਮਰਥਨ ਦਿੱਤਾ ਗਿਆ ਸੀ ਅਤੇ ਹੁਣ ਵੀ ਸਿੱਖ ਸੰਸਥਾ ਉਸ ਦੇ ਨਾਲ ਹੈ।