ਜੇ ਸਬਸਿਡੀ ਬੰਦ ਕੀਤੀ ਤਾਂ ਮਸਕ ਨੂੰ ਦੱਖਣੀ ਅਫਰੀਕਾ ਪਰਤਣਾ ਪਵੇਗਾ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਸਲਾ ਦੇ ਸੀਈਓ ਐਲਨ ਮਸਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਕੰਪਨੀ ਦੀ ਸਬਸਿਡੀ ਬੰਦ ਕੀਤੀ ਗਈ ਤਾਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਛੱਡ ਕੇ ਦੱਖਣੀ ਅਫਰੀਕਾ ਪਰਤਣਾ ਪਵੇਗਾ। ਟਰੰਪ ਨੇ ਕਿਹਾ ਕਿ ਸਬਸਿਡੀ ਬੰਦ ਹੋਣ ਨਾਲ ਟੈਸਲਾ ਨਾ ਤਾਂ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਕਰ ਸਕੇਗੀ ਤੇ ਨਾ ਹੀ ਸਪੇਸਐਕਸ ਦੇ ਰਾਕੇਟ, ਸੈਟੇਲਾਈਟ ਲਾਂਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਸਕ ਨੂੰ ਸਰਕਾਰੀ ਸਬਸਿਡੀ ਵਜੋਂ ਕਾਫੀ ਪੈਸਾ ਮਿਲਿਆ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਟਰੰਪ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਲੈਕਟ੍ਰਿਕ ਵਾਹਨਾਂ ਲਈ ਲਾਈਆਂ ਜਾਂਦੀਆਂ ਸ਼ਰਤਾਂ ਖ਼ਿਲਾਫ਼ ਹਨ, ਭਾਵੇਂ ਇਲੈਕਟ੍ਰਿਕ ਗੱਡੀਆਂ ਚੰਗੀਆਂ ਹਨ ਪਰ ਇਨ੍ਹਾਂ ਗੱਡੀਆਂ ਨੂੰ ਖਰੀਦਣ ਲਈ ਹਰ ਇਕ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।