image caption:

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਿਆਨੀ ਰਘਬੀਰ ਸਿੰਘ ਦੀ ਸਖਤ ਅਲੋਚਨਾ

👉 ਅਤੀਤ ਦੌਰਾਨ ਵਿਦੇਸ਼ਾਂ ਵਿੱਚ ਹੋਇਆ ਸਨਮਾਨ ਭਵਿੱਖ ਦੌਰਾਨ ਅਪਮਾਨ ਵਿੱਚ ਬਦਲ ਸਕਦਾ ਹੈ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਆਪਣੀ ਨੌਕਰੀ ਬਚਾਉਣ ਖਾਤਰ ਹਾਈਕੋਰਟ ਵਿੱਚ ਅਰਜੋਈ ਕਰਨੀ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦਾ ਕਾਰਨ ਬਣੇਗੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਿਆਨੀ ਰਘਬੀਰ ਸਿੰਘ ਦੀ ਇਸ ਗੱਲ ਤੇ ਸਖਤ ਅਲੋਚਨਾ ਕੀਤੀ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਕਿ ਇਹ ਲੋਕ ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਜੀਵਨ ਤੋਂ ਹੀ ਮੱਤ ਲੈ ਲੈਂਦੇ । ਇੰਨੇ ਮਹਾਨ ਰੁਤਬਿਆਂ ਬਿਰਾਜਮਾਨ ਹੋਣ ਵਕਤ ਇਹਨਾਂ ਰੁਤਬਿਆਂ ਦੀ ਅਹਿਮੀਅਤ ਬਾਰੇ ਜਾਣਕਾਰੀ ਰੱਖਣੀ ਲਾਜਮੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਨੂੰ ਭਾਰਤੀ ਅਦਾਲਤ ਨੇ ਸੰਮਨ ਭੇਜੇ ਤਾਂ ਉਹਨਾ ਅਦਾਲਤੀ ਸੰਮਨਾਂ ਨੂੰ ਰੱਦ ਕਰਦਿਆਂ ਇੱਥੋਂ ਤੱਕ ਆਖਿਆ ਸੀ ਕਿ ਉਹ ਸੱਚੀ ਸਰਕਾਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਦੇ ਸੇਵਕ ਹਨ ਇਸ ਕਰਕੇ ਝੂਠੀ ਸਰਕਾਰ ਦੇ ਨੌਕਰਾਂ ਦੀ ਕੋਈ ਪ੍ਰਵਾਹ ਨਹੀ ਕਰਦੇ । ਉਹ ਕਿਸੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ । ਦੂਜੇ ਪਾਸੇ ਆਪਣੀ ਪੌਣੇ ਕੁ ਦੋ ਸਾਲ ਦੀ ਨੌਕਰੀ ਬਚਾਉਣ ਵਾਸਤੇ ਹਾਈਕੋਰਟ ਵਿੱਚ ਹਾੜੇ ਕੱਢਣੇ ਬਹੁਤ ਹੀ ਨਿੰਦਣਯੋਗ ਅਤੇ ਨਖਿੱਧ ਕਾਰਵਾਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਿਆਨੀ ਰਘਬੀਰ ਸਿੰਘ ਨੂੰ ਯਾਦ ਕਰਵਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਉਹਨਾਂ ਨੂੰ ਸਿੱਖ ਸੰਗਤਾਂ ਵਲੋਂ ਸੈਂਕੜੇ ਲਿਫਾਫੇ ਪੌਂਡਾਂ ਅਤੇ ਡਾਲਰਾਂ ਨਾਲ ਭਰੇ ਦਿੱਤੇ ਗਏ ਸਨ ਉਹਨਾਂ ਬਾਰੇ ਕੀ ਖਿਆਲ ਹੈ ? ਕੀ ਉਹ ਜਿਹਨਾਂ ਦਿੱਤੇ ਸੀ ਉਹਨਾਂ ਨੂੰ ਵਾਪਸ ਕਰਾਂਗੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੋਲਕ ਵਿਚ ਪਾਓਗੇ ?? ਚਾਹੀਦਾ ਤਾਂ ਇਹ ਸੀ ਕਿ ਦੋ ਦਸੰਬਰ 2024 ਤੋਂ ਜਦੋਂ ਬਾਦਲਕਿਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਂਸਲਿਆਂ ਨੂੰ ਮੰਨਣ ਤੋਂ ਟਾਲਾ ਵੱਟਿਆ ਜਾ ਰਿਹਾ ਸੀ ਤਾਂ ਉਸ ਵਕਤ ਸਰਬੱਤ ਖਾਲਸਾ ਬੁਲਾਉਂਦੇ । ਜਦੋ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਉਦੋਂ ਵੀ ਸਰਬੱਤ ਖਾਲਸਾ ਸੱਦਣ ਦਾ ਵਕਤ ਸੀ ਪਰ ਉਦੋਂ ਤੁਸੀਂ ਆਪਣੀ ਜਿੰਮੇਵਾਰੀ ਨਹੀਂ ਨਿਭਾਈ। ਅੰਦਰਖਾਤੇ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਗੱਦਾਰ ਬਾਦਲਕਿਆ ਨਾਲ ਸਾਂਝ ਭਿਆਲੀ ਕਾਇਮ ਰੱਖੀ ।ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਿਆਨੀ ਰਘਬੀਰ ਸਿੰਘ ਨੂੰ ਇਸ ਕੌਮ ਘਾਤਕ ਕਾਰਵਾਈ ਤੋਂ ਪਿੱਛੇ ਹੱਟਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਮਹਾਨ ਰੁਤਬੇ ਦੀ ਅਹਿਮੀਅਤ ਨੂੰ ਸੱਟ ਮਾਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ । ਵਰਨਾ ਅਤੀਤ ਦੌਰਾਨ ਵਿਦੇਸ਼ਾਂ ਵਿੱਚ ਹੋਇਆ ਸਨਮਾਨ ਭਵਿੱਖ ਵਿੱਚ ਅਪਮਾਨ ਵਿੱਚ ਬਦਲ ਜਾਣ ਵਿੱਚ ਦੇਰ ਨਹੀਂ ਲੱਗੇਗੀ। ਜਿਕਰਯੋਗ ਹੈ ਕਿ ਗਿਆਨੀ ਰਘਵੀਰ ਸਿੰਘ ਨੇ ਅਦਾਲਤ ਅੰਦਰੋ ਪੰਥਕ ਰੋਹ ਨੂੰ ਦੇਖਦਿਆਂ ਆਪਣੀ ਪਟੀਸ਼ਨ ਵਾਪਿਸ ਲੈ ਲਈ ਹੈ ।