ਬਾਰਡਰ ਫੋਰਸ ਨੇ ਲੰਡਨ ਗੇਟਵੇ 'ਤੇ ਜ਼ਬਤ ਕੀਤੀ £96 ਮਿਲੀਅਨ ਦੀ ਕੋਕੀਨ
ਲੰਡਨ - ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਇੱਕ ਜਹਾਜ਼ ਤੋਂ 2.4 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸਦੀ ਕੀਮਤ ਲਗਭਗ £96 ਮਿਲੀਅਨ (ਲਗਭਗ 960 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਇਸਨੂੰ ਹਾਲ ਹੀ ਦੇ ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਜ਼ਬਤੀ ਮੰਨਿਆ ਜਾ ਰਿਹਾ ਹੈ।
ਗ੍ਰਹਿ ਮੰਤਰਾਲੇ ਦੇ ਅਨੁਸਾਰ, ਪਨਾਮਾ ਤੋਂ ਆ ਰਹੇ ਇੱਕ ਜਹਾਜ਼ 'ਤੇ ਲੰਡਨ ਗੇਟਵੇ ਬੰਦਰਗਾਹ 'ਤੇ ਕੰਟੇਨਰਾਂ ਦੇ ਹੇਠਾਂ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਲੁਕਾਈ ਗਈ ਸੀ। ਇਹ ਜ਼ਬਤੀ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਸ ਖੇਪ ਦਾ ਪਤਾ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਸ਼ੇਸ਼ ਬਾਰਡਰ ਫੋਰਸ ਅਧਿਕਾਰੀਆਂ ਨੇ ਲਗਾਇਆ ਸੀ। ਬੰਦਰਗਾਹ ਸੰਚਾਲਕ ਦੀ ਸਹਾਇਤਾ ਨਾਲ, ਉਨ੍ਹਾਂ ਨੇ 37 ਵੱਡੇ ਕੰਟੇਨਰਾਂ ਨੂੰ ਹਟਾ ਕੇ ਕੋਕੀਨ ਦੇ ਭੰਡਾਰ ਤੱਕ ਪਹੁੰਚ ਪ੍ਰਾਪਤ ਕੀਤੀ। ਇਸ ਕਾਰਵਾਈ ਨੂੰ ਯੂਕੇ ਵਿੱਚ ਹੁਣ ਤੱਕ ਦੀ ਛੇਵੀਂ ਸਭ ਤੋਂ ਵੱਡੀ ਕੋਕੀਨ ਜ਼ਬਤ ਦੱਸਿਆ ਗਿਆ ਹੈ।