ਉਹਾਈਓ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜੰਗਲ ਵਿੱਚ ਡਿੱਗਾ, ਪਰਿਵਾਰ ਦੇ 4 ਜੀਆਂ ਸਮੇਤ 6 ਮੌਤਾਂ
 ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਉਹਾਈਓ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜੰਗਲੀ ਖੇਤਰ ਵਿੱਚ ਡਿੱਗ ਪੈਣ ਦੀ ਖਬਰ ਹੈ ਜਿਸ ਵਿੱਚ ਸਵਾਰ ਪਾਇਲਟ ਤੇ ਸਹਿ ਪਾਇਲਟ ਸਣੇ ਸਾਰੇ 6 ਵਿਅਕੀਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਹੌਲੈਂਡ ਟਾਊਨਸ਼ਿੱਪ ਵਿੱਚ ਸਥਿੱਤ ਯੰਗਸਟਾਊਨ ਵਾਰੇਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਜਮੀਨ ਉਪਰ ਡਿੱਗ ਕੇ ਬੁਰੀ ਤਰਾਂ ਤਬਾਹ ਹੋ ਗਿਆ। ਪੱਛਮੀ ਰਿਜਰਵ ਪੋਰਟ ਅਥਾਰਿਟੀ ਦੇ ਡਾਇਰੈਕਟਰ ਐਨਟਨੀ ਟਰੀਵੇਨਾ ਨੇ ਕਿਹਾ ਹੈ ਕਿ ਜਹਾਜ਼ ਵਿਚ ਸਵਾਰ ਕੋਈ ਵੀ ਵਿਅਕਤੀ ਜੀਂਦਾ ਨਹੀਂ ਬਚਿਆ ਹੈ। ਪਾਇਲਟ ਤੇ ਸਹਿ ਪਾਇਲਟ ਜੋਸਫ ਮੈਕਸਿਨ (63) ਤੇ ਟਿਮੌਥੀ ਬਲੇਕ (55) ਵੀ ਹੋਰ ਯਾਤਰੀਆਂ ਨਾਲ ਮਾਰੇ ਗਏ ਹਨ। ਬਾਕੀ 4 ਮ੍ਰਿਤਕਾਂ ਵਿਚ ਜੇਮਜ ਵੇਲਰ (67), ਉਸ ਦੀ ਪਤਨੀ ਵੇਰੋਨਿਕਾ ਵੇਲਰ (68), ਉਨਾਂ ਦਾ ਪੁੱਤਰ ਜੌਹਨ ਵੇਲਰ (26) ਤੇ ਉਸ ਦੀ ਪਤਨੀ ਮਾਰੀਆ ਵੇਲਰ ਸ਼ਾਮਿਲ ਹਨ। ਪਰਿਵਾਰ ਛੁੱਟੀਆਂ ਮਨਾਉਣ ਲਈ ਮੋਨਟਾਨਾ ਜਾ ਰਿਹਾ ਸੀ ਪਰੰਤੂ ਕੁੱਦਰਤ ਨੂੰ ਕੁਝ ਹੋਰ ਹੀ ਮੰਨਜੂਰ ਸੀ।