image caption:

ਰਾਸ਼ਟਰਪਤੀ ਟਰੰਪ ਤੇ ਮਸਕ ਵਿਚਾਲੇ ਖਿੱਚੀ ਗਈ ਲਕੀਰ

 ਮੈਗਾਬਿੱਲ ਦੇ ਹੱਕ ਵਿਚ ਵੋਟ ਪਾਉਣ ਵਾਲੇ ਹਰ ਰਿਪਬਲੀਕਨ ਸਾਂਸੰਦ ਦਾ ਮੁੱਢਲੀ ਚੋਣ ਵਿੱਚ ਕਰਾਂਗਾ ਵਿਰੋਧ- ਮਸਕ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਰਬਪਤੀ ਕਾਰੋਬਾਰੀ ਐਲਨ ਮਸਕ ਵਿਚਾਲੇ ਇਕ ਵਾਰ ਫਿਰ ਮੱਤਭੇਦ ਡੂੰਘੇ ਹੋ ਗਏ ਹਨ। ਮਸਕ ਨੇ ਟਰੰਪ ਦੁਆਰਾ ਪੇਸ਼ ਮੈਗਾਬਿੱਲ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਹੈ ਕਿ ਜੋ ਵੀ ਕੋਈ ਸੈਨੇਟ ਮੈਂਬਰ ਬਿੱਲ ਦੇ ਹੱਕ ਵਿੱਚ ਵੋਟ ਪਾਵੇਗਾ, ਉਸ ਨੂੰ ਪਾਰਟੀ ਦੀ ਮੁੱਢਲੀ ਚੋਣ ਵਿੱਚ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਮੈ ਉਸ ਦਾ ਵਿਰੋਧ ਕਰਾਂਗਾ। ਵਾਇਟ ਹਾਊਸ ਦੇ ਸਾਬਕਾ ਚੋਟੀ ਦੇ ਸਲਾਹਕਾਰ ਮਸਕ ਨੇ ਐਕਸ ਉਪਰ ਬਿੱਲ ਦਾ ਵਿਰੋਧ ਕਰਦਿਆਂ ਲਿੱਖਿਆ ਹੈ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਬਿੱਲ ਰਾਸ਼ਟਰੀ ਕਰਜ਼ਾ ਵਧਾਉਣ ਦਾ ਕੰਮ ਕਰੇਗਾ। ਮਸਕ ਨੇ ਲਿੱਖਿਆ ਹੈ " ਕਾਂਗਰਸ ਦੇ ਹਰੇਕ ਮੈਂਬਰ ਜਿਸ ਨੇ ਸਰਕਾਰੀ ਖਰਚ ਘਟਾਉਣ ਲਈ ਮੁਹਿੰਮ ਚਲਾਈ ਸੀ, ਜੇਕਰ ਹੁਣ ਉਹ ਇਤਿਹਾਸਕ ਕਰਜ਼ਾ ਵਧਾਉਣ ਵਾਲੇ ਬਿੱਲ ਦੇ ਹੱਕ ਵਿਚ ਵੋਟ ਪਾਉਂਦਾ ਹੈ ਤਾਂ ਉਸ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਅ ਲੈਣਾ ਚਾਹੀਦਾ ਹੈ। ਉਸ ਨੂੰ ਅਗਲੇ ਸਾਲ ਮੁੱਢਲੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਹ ਮੇਰੀ ਇਸ ਧਰਤੀ ਉਪਰ ਆਖਰੀ ਚੀਜ ਹੋਵੇਗੀ ਜੋ ਮੈਂ ਕਰਨ ਜਾ ਰਿਹਾ ਹਾਂ।" ਇਥੇ ਜਿਕਰਯੋਗ ਹੈ ਕਿ ਸਲਾਹਕਾਰ ਵਜੋਂ ਵਾਇਟ ਹਾਊਸ ਛੱਡਣ ਤੋਂ ਬਾਅਦ ਮਸਕ ਨੇ ਟਰੰਪ ਦੀ ਸਖਤ ਅਲੋਚਨਾ ਕੀਤੀ ਸੀ ਤੇ ਇਥੋਂ ਤੱਕ ਕਹਿ ਦਿੱਤਾ ਸੀ 'ਮਿਸਟਰ ਟਰੰਪ ਮੈ ਤੇਰੀ ਹਮਾਇਤ ਨਾ ਕਰਦਾ ਤਾਂ ਤੂੰ ਹਾਰ ਜਾਂਦਾ।" ਇਸ 'ਤੇ ਟਰੰਪ ਨੇ ਵੀ ਸਖਤ ਤੇਵਰ ਵਿਖਾਉਂਦਿਆਂ ਮਸਕ ਨੂੰ ਤਾੜਨਾ ਕੀਤੀ ਸੀ ਕਿ ਤੈਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ ਜਿਸ ਦੀ ਤੂੰ ਕਲਪਨਾ ਵੀ ਨਹੀਂ ਕਰ ਸਕਦਾ। ਇਸ 'ਤੇ ਮਸਕ ਨੇ ਮੁਆਫੀ ਮੰਗਦਿਆਂ ਕਿਹਾ ਸੀ 'ਅਫਸੋਸ ਮੈ ਟਿੱਪਣੀਆਂ ਕਰਦੇ ਸਮੇ ਹੱਦੋਂ ਬਾਹਰ ਚਲਾ ਗਿਆ ਸੀ।' ਹੁਣ ਫਿਰ ਦੋਨੋਂ ਆਹਮੋ ਸਾਹਮਣੇ ਹਨ।