ਰੂਸ ਨੇ ਯੂਕਰੇਨ ’ਚ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ : ਯੂਰਪੀਅਨ ਅਦਾਲਤ
ਯੂਰਪ ਦੀ ਚੋਟੀ ਦੀ ਮਨੁੱਖੀ ਅਧਿਕਾਰ ਅਦਾਲਤ ਨੇ ਕਿਹਾ ਹੈ ਕਿ ਰੂਸ ਯੂਕਰੇਨ &rsquoਚ ਕੌਮਾਂਤਰੀ ਕਾਨੂੰਨਾਂ ਦੀ ਵਿਆਪਕ ਉਲੰਘਣਾ ਲਈ ਜ਼ਿੰਮੇਵਾਰ ਹੈ, ਜਿਸ &rsquoਚ 2014 &rsquoਚ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐਮ.ਐਚ.-17 ਨੂੰ ਵੀ ਮਾਰ ਸੁੱਟਣਾ ਵੀ ਸ਼ਾਮਲ ਹੈ। ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਦੇ ਜੱਜਾਂ ਨੇ ਬੁਧਵਾਰ ਨੂੰ ਯੂਕਰੇਨ ਅਤੇ ਨੀਦਰਲੈਂਡਜ਼ ਵਲੋਂ ਰੂਸ ਵਿਰੁਧ ਲਿਆਂਦੇ ਗਏ ਚਾਰ ਮਾਮਲਿਆਂ ਉਤੇ ਫੈਸਲਾ ਸੁਣਾਇਆ। ਇਨ੍ਹਾਂ ਦੋਸ਼ਾਂ ਵਿਚ ਕਤਲ, ਤਸ਼ੱਦਦ, ਜਬਰ ਜਨਾਹ, ਨਾਗਰਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ, ਯੂਕਰੇਨ ਦੇ ਬੱਚਿਆਂ ਨੂੰ ਅਗਵਾ ਕਰਨਾ ਅਤੇ ਰੂਸ ਦਾ ਪੱਖ ਲੈਣ ਵਾਲੇ ਯੂਕਰੇਨੀ ਵੱਖਵਾਦੀਆਂ ਵਲੋਂ ਮਲੇਸ਼ੀਅਨ ਏਅਰਲਾਈਨਜ਼ ਦੇ ਮੁਸਾਫ਼ਰ ਜਹਾਜ਼ ਫਲਾਈਟ ਐਮ.ਐਚ.-17 ਨੂੰ ਡੇਗਣਾ ਸ਼ਾਮਲ ਹੈ।
ਸਟਰਾਸਬਰਗ ਦੀ ਖਚਾਖਚ ਭਰੀ ਅਦਾਲਤ ਵਿਚ ਫੈਸਲੇ ਪੜ੍ਹਦੇ ਹੋਏ ਅਦਾਲਤ ਦੇ ਪ੍ਰਧਾਨ ਮੈਟੀਅਸ ਗੁਯੋਮਰ ਨੇ ਕਿਹਾ ਕਿ ਰੂਸੀ ਬਲਾਂ ਨੇ ਹਮਲੇ ਕਰ ਕੇ ਯੂਕਰੇਨ ਵਿਚ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਵਿਚ ਹਜ਼ਾਰਾਂ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਅਤੇ ਡਰ ਅਤੇ ਦਹਿਸ਼ਤ ਪੈਦਾ ਕੀਤੀ ਗਈ।
ਫਰਾਂਸ ਦੇ ਜੱਜ ਨੇ ਕਿਹਾ ਕਿ ਜੱਜਾਂ ਨੇ ਪਾਇਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਫੌਜੀ ਉਦੇਸ਼ ਤੋਂ ਪਰੇ ਹੈ ਅਤੇ ਰੂਸ ਨੇ ਯੂਕਰੇਨ ਦੇ ਮਨੋਬਲ ਨੂੰ ਤੋੜਨ ਦੀ ਰਣਨੀਤੀ ਦੇ ਹਿੱਸੇ ਵਜੋਂ ਜਿਨਸੀ ਹਿੰਸਾ ਦੀ ਵਰਤੋਂ ਕੀਤੀ। ਗੁਯੋਮਰ ਨੇ ਕਿਹਾ ਕਿ ਜਬਰ ਜਨਾਹ ਨੂੰ ਜੰਗ ਦੇ ਹਥਿਆਰ ਵਜੋਂ ਵਰਤਣਾ ਅੱਤਿਆਚਾਰ ਦੀ ਕਾਰਵਾਈ ਸੀ ਜੋ ਤਸੀਹੇ ਦੇ ਬਰਾਬਰ ਸੀ।