image caption:

ਇਟਲੀ ਦੀ ਯੂਨੀਵਰਸਿਟੀ ਆਫ ਪੀਜ਼ਾ ਤੋਂ ਅੰਤਰਰਾਸ਼ਟਰੀ ਪੋਲੀਟੀਕਲ ਸਾਇੰਸ ਵਿੱਚੋਂ ਮੁਨੀਸ਼ਾ ਰਾਣੀ ਨੇ ਡਿਗਰੀ ਪ੍ਰਾਪਤ ਕਰਕੇ ਰੁਸ਼ਨਾਇਆ ਭਾਈਚਾਰੇ ਦਾ ਨਾਮ * ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ,ਕੀਤੀ ਇਹ ਮਾਣਮੱਤੀ ਪ੍ਰਾਪਤੀ *

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ਵਿੱਦਿਆ ਵਿਚਾਰੀ ਤਾਂ ਪਰਉਪਕਾਰੀ , ਇਟਲੀ ਵਿੱਚ ਭਾਰਤੀ ਪੰਜਾਬੀ ਭਾਈਚਾਰੇ ਦੇ ਬੱਚੇ ਪਿਛਲੇ ਸਮੇਂ ਤੋਂ ਪੜ੍ਹਾਈ ਦੇ ਖੇਤਰ ਵਿੱਚ ਨਵੀਆਂ ਇਬਾਰਤਾਂ ਲਿਖ ਰਹੇ ਹਨ। ਇਸੇ ਹੀ ਲੜੀ ਤਹਿਤ ਇਟਲੀ ਦੇ ਅਰੈਸੋ ਜ਼ਿਲੇ ਵਿਖੇ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਮੁਨੀਸ਼ਾ ਰਾਣੀ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਬੀਤੇ ਦਿਨੀ ਉਸਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਵਿੱਚੋਂ 110 ਵਿੱਚੋਂ 105 ਅੰਕ ਪ੍ਰਾਪਤ ਕਰਕੇ ਇਹ ਡਿਗਰੀ ਹਾਸਲ ਕੀਤੀ। ਮਨੀਸ਼ਾ ਰਾਣੀ ਦਾ ਪਰਿਵਾਰ ਪੰਜਾਬ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਐਮਾਂ ਜੱਟਾਂ ਨਾਲ ਸੰਬੰਧਿਤ ਹੈ। ਉਸਦੇ ਪਿਤਾ ਦਵਿੰਦਰ ਰਾਮ ਤਕਰੀਬਨ 23 ਸਾਲ ਪਹਿਲਾਂ ਇਟਲੀ ਆਏ ਸਨ। ਮਨੀਸ਼ਾ ਰਾਣੀ ਅਤੇ ਉਹਨਾਂ ਦੀ ਮਾਤਾ ਮੀਨਾ ਕੁਮਾਰੀ ਤਕਰੀਬਨ 17 ਸਾਲ ਪਹਿਲਾਂ ਇਟਲੀ ਆਏ। ਉਹਨਾਂ ਦੇ ਪਰਿਵਾਰ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦੀ ਬੇਟੀ ਨੂੰ ਅੱਖਾਂ ਦੀ ਪ੍ਰੋਬਲਮ ਹੈ ਅਤੇ ਉਸ ਨੂੰ ਨਜ਼ਰ ਨਹੀਂ ਆਉਂਦਾ। ਇਸ ਦੇ ਬਾਵਜੂਦ ਉਹ ਬਹੁਤ ਹੀ ਹੋਣਹਾਰ ਹੈ ਅਤੇ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਹੈ। ਇਟਲੀ ਵਿੱਚ ਮੁਢਲੀ ਪੜ੍ਹਾਈ ਤੋਂ ਬਾਅਦ ਮਨੀਸ਼ਾ ਰਾਣੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਦੇ ਤਿੰਨ ਸਾਲਾਂ ਡਿਗਰੀ ਕੋਰਸ ਵਿੱਚ ਦਾਖਲਾ ਲਿਆ ਸੀ। ਜਿਸ ਵਿੱਚੋਂ ਕੇ ਬੀਤੇ ਦਿਨੀਂ ਉਸਨੇ ਇਹ ਡਿਗਰੀ ਪ੍ਰਾਪਤ ਕੀਤੀ। ਜ਼ਿਕਰ ਯੋਗ ਹੈ ਕਿ ਮਨੀਸ਼ਾ ਰਾਣੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲਾ ਇਹ ਪੜ੍ਹਾਈ ਬਰੈਲ ਵਿਧੀ (ਬਿੰਦੂਆਂ) ਰਾਹੀਂ ਕੀਤੀ ਜਾਂਦੀ ਸੀ। ਪਰੰਤੂ ਹੁਣ ਇਹ ਆਧੁਨਿਕ ਤਰੀਕੇ ਦੇ ਸਾਧਨਾ ਰਾਹੀਂ ਵੋਕਲ ਸਿਸਟਮ ਰਾਹੀਂ ਕੰਪਿਊਟਰ ਦੁਆਰਾ ਕੀਤੀ ਜਾਂਦੀ ਹੈ। ਪੜ੍ਹਾਈ ਦੌਰਾਨ ਯੂਨੀਵਰਸਿਟੀ ਵੱਲੋਂ ਵੀ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ। ਉਹ ਇਸ ਪ੍ਰਾਪਤੀ ਲਈ ਪਰਮਾਤਮਾ ਅਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦੀ ਹੈ। ਜਿਨਾਂ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ। ਮਨੀਸ਼ਾ ਰਾਣੀ ਦੀ ਪੜ੍ਹਾਈ ਦੇ ਖੇਤਰ ਵਿੱਚ ਕੀਤੀ ਇਹ ਪ੍ਰਾਪਤੀ ਇਸ ਸਮੇਂ ਪੜ੍ਹਾਈ ਕਰ ਰਹੇ ਨੌਜਵਾਨਾਂ ਲਈ ਇੱਕ ਉਦਾਹਰਣ ਹੈ। ਕਿਉਂਕਿ ਇਸ ਲੜਕੀ ਨੇ ਅੱਖਾਂ ਦੀ ਰੋਸ਼ਨੀ ਨੂੰ ਆਪਣੇ ਜਜਬੇ ਅਤੇ ਜਨੂੰਨ ਨਾਲ ਪੜਾਈ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਅਜਿਹੇ ਬੱਚੇ ਜਿੱਥੇ ਸਮਾਜ ਵਿਚ ਮਾਂ ਪਿਓ ਨੂੰ ਆਦਰ ਸਨਮਾਨ ਦਵਾਉਂਦੇ ਹਨ ਉੱਥੇ ਹੀ ਉਹ ਆਪਣੇ ਦੇਸ਼ ਅਤੇ ਆਪਣੇ ਸੂਬੇ ਲਈ ਵੀ ਮਾਣ ਬਣਦੇ ਹਨ। ਮਨੀਸ਼ਾ ਰਾਣੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਉਸ ਦਾ ਮਾਸਟਰ ਡਿਗਰੀ ਕਰਨ ਦਾ ਇਰਾਦਾ ਹੈ। ਅਸੀਂ ਇਟਾਲੀਅਨ ਇੰਡੀਅਨ ਪੰਜਾਬੀ ਪ੍ਰੈਸ ਕਲੱਬ ਵੱਲੋਂ ਮਨੀਸ਼ਾ ਰਾਣੀ ਅਤੇ ਉਸਦੇ ਮਾਤਾ ਪਿਤਾ ਨੂੰ ਮੁਬਾਰਕਾਂ ਦਿੰਦੇ ਹਾਂ 'ਤੇ ਉਮੀਦ ਕਰਦੇ ਹਾਂ ਕਿ ਇਹ ਬੇਟੀ ਭਵਿੱਖ ਵਿੱਚ ਵੀ ਤਰੱਕੀ ਦੀਆਂ ਖੂਬ ਪੁਲਾਂਘਾਂ ਪੁੱਟੇ ਅਤੇ ਆਪਣਾ,ਆਪਣੇ ਮਾਂ ਬਾਪ ਅਤੇ ਆਪਣੇ ਭਾਈਚਾਰੇ ਦਾ ਨਾਮ ਖੂਬ ਰੋਸ਼ਨ ਕਰੇ। ਇਹਨੀਂ ਦਿਨੀਂ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਸਕੇ ਸਬੰਧੀਆਂ, ਸਨੇਹੀਆਂ ਅਤੇ ਦੋਸਤਾਂ ਦਾ ਤਾਂਤਾ ਲੱਗਿਆ ਹੋਇਆ ਹੈ।