ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਮਨੁੱਖੀ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ : ਡਾ. ਸੰਧੂ
 ਬੰਗਾ  :- ਸਾਡੀਆਂ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ ਅਤੇ ਜਿਸ ਕਰਕੇ ਮਰੀਜ਼ ਨੂੰ ਬਹੁਤ ਤੇਜ਼ ਦਰਦ ਸਹਿਣਾ ਪੈਂਦਾ ਹੈ । ਇਸ ਜਾਣਕਾਰੀ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਪੱਥਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਅਮਿਤ ਸੰਧੂ ਐੱਮ.ਐੱਸ., ਐੱਮ.ਸੀ.ਐੱਚ. ਨੇ ਗੱਲਬਾਤ ਕਰਦੇ ਦਿੱਤੀ । ਉਹਨਾਂ ਨੇ ਗੁਰਦਿਆਂ ਦੀ ਪੱਥਰੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਸਰੀਰ ਵਿੱਚੋਂ ਬਾਹਰ ਨਿਕਲਦੇ ਫਾਲਤੂ ਖਣਿਜ ਪਦਾਰਥ ਗੁਰਦੇ ਵਿੱਚ ਜਮ੍ਹਾਂ ਹੋ ਜਾਣ ਤਾਂ ਉਹ ਪੱਥਰੀ ਦਾ ਰੂਪ ਧਾਰ ਲੈਂਦੇ ਹਨ । ਇਹਨਾਂ ਵਿਚ ਮੁੱਖ ਤੌਰ 'ਤੇ ਕੈਲਸ਼ੀਅਮ ਅਤੇ ਯੂਰਿਕ ਐਸਿਡ ਸ਼ਾਮਿਲ ਹੁੰਦਾ ਹੈ । ਡਾ. ਸੰਧੂ ਨੇ ਦੱਸਿਆ ਕਿ ਪਿਸ਼ਾਬ ਵਿੱਚ ਕੈਲਸ਼ੀਅਮ ਅਕਸਲੇਟ  ਦੀ ਮਾਤਰਾ ਵੱਧਣ ਜਾਂ ਸਿਟਰੇਟ ਦੀ ਮਾਤਰਾ ਘੱਟਣ ਕਾਰਨ ਵੀ ਪੱਥਰੀ ਬਣ ਸਕਦੀ ਹੈ । ਇਸ ਤਰ੍ਹਾਂ ਜੇ ਪੇਟ ਵਿਚੋਂ ਦਰਦ ਸ਼ੁਰੂ ਹੋ ਕੇ ਪਿੱਠ ਵੱਲ ਜਾਵੇ ਤਾਂ ਗੁਰਦੇ ਵਿਚ ਪੱਥਰੀ ਹੋਣ ਦੀ ਸੰਭਾਵਨਾ ਹੁੰਦੀ ਹੈ । ਉਸ ਸਮੇਂ ਮਰੀਜ਼ ਨੂੰ ਬਹੁਤ ਤੇਜ਼ ਦਰਦ ਹੋ ਸਕਦਾ ਹੈ, ਪਿਸ਼ਾਬ ਵਿੱਚ ਖੂਨ ਆ ਸਕਦਾ ਹੈ ਅਤੇ ਪਿਸ਼ਾਬ ਰੁਕ ਵੀ ਸਕਦਾ ਹੈ । ਇਸ ਲਈ ਪੇਟ ਦਾ ਅਲਟਰਾ ਸਾਊਂਡ ਸਕੈਨ ਕਰਵਾ ਕੇ ਪੱਥਰੀ ਦਾ ਪਤਾ ਲੱਗਾਇਆ ਜਾਂਦਾਂ ਹੈ । ਡਾ. ਸੰਧੂ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਤੋਂ ਬਚਣ ਲਈ ਆਪਣੀ ਖੁਰਾਕ ਨੂੰ ਸੁੰਤਲਿਤ ਰੱਖਣਾ ਪਵੇਗਾ । ਖਾਣ-ਪੀਣ ਅਤੇ ਨਿਯਮਤ ਰੂਪ ਵਿੱਚ ਸਹੀ ਮਾਤਰਾ ਵਿਚ ਰੋਜ਼ਾਨਾ ਪਾਣੀ ਪੀਣ ਨਾਲ ਪੱਥਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇੱਕ ਵਾਰ ਪੱਥਰੀ ਬਣ ਜਾਣ ਤੋਂ ਬਾਅਦ ਦੁਬਾਰਾ ਬਣਨ ਦੀ ਬਹੁਤ ਸੰਭਾਵਨਾ ਰਹਿੰਦੀ ਹੈ । ਮੌਜੂਦਾ ਸਮੇਂ ਵਿਚ ਔਰਤਾਂ ਅਤੇ ਮਰਦਾਂ ਵਿਚ ਕਿਸੇ ਵੀ ਉਮਰ ਵਿਚ ਪੱਥਰੀਆਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ । ਉਹਨਾਂ ਦੱਸਿਆ ਕਿ ਗੁਰਦਿਆਂ ਵਿਚ ਛੋਟੀਆਂ ਪੱਥਰੀਆਂ ਹੋਣ ਦੀ ਸੂਰਤ ਵਿਚ ਇਹ ਦਵਾਈਆਂ ਦੀ ਸਹਾਇਤਾ ਨਾਲ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀਆਂ ਹਨ । ਪਰ ਵੱਡੀਆਂ ਪੱਥਰੀਆਂ ਹੋਣ ਜਾਂ ਪਿਸ਼ਾਬ ਨਲੀ ਵਿਚ ਫਸੇ ਹੋਣ ਦੀ ਸੂਰਤ ਵਿਚ ਦੂਰਬੀਨ (ਐਂਡੋਸਕੋਪਿਕ ਸਰਜਰੀ) ਰਾਹੀਂ ਅਪਰੇਸ਼ਨ ਕਰਕੇ ਇਲਾਜ ਕੀਤਾ ਜਾ ਸਕਦਾ ਹੈ । ਇਸ ਲਈ ਸਮੇਂ ਸਿਰ ਮਾਹਿਰ ਡਾਕਟਰ ਸਾਹਿਬਾਨ ਤੋਂ ਚੈੱਕਅੱਪ ਕਰਵਾ ਕਰਵਾਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਯੂਰੋਲੌਜੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨ ਲਈ ਆਧੁਨਿਕ ਪ੍ਰਬੰਧ ਹਨ ਅਤੇ ਮਰੀਜ਼ਾਂ ਦਾ ਰੋਜ਼ਾਨਾ ਚੈੱਕਅੱਪ ਹੁੰਦਾ ਹੈ ।