ਸਪੇਨ ਅੰਦਰ ਹੋਈ ਯੂਰਪ ਲੇਵਲ ਦੀ ਮਹੱਤਵਪੂਰਨ ਕਾਨਫਰੰਸ - ਸਿੱਖ ਸੈਂਟਰ ਯੂਰਪ
13 ਜੁਲਾਈ ਦਿਨ ਐਤਵਾਰ ਵਾਲੇ ਦਿਨ ਮਨਜੀਤ ਸਿੰਘ ਸਪੇਨ ਦੀ ਅਗਵਾਈ ਅੰਦਰ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇੱਕ ਮਹੱਤਵਪੂਰਨ ਕਾਨਫਰੰਸ ਆਯੋਜਿਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਜਿਆI ਇਸ ਕਾਨਫਰੇਸ ਦਾ ਮੁੱਖ ਮੰਤਵ ਯੂਰਪ ਲੇਵਲ ਦੀ ਇੱਕ ਸਾਂਝੀ ਜਥੇਬੰਦੀ ਉਸਾਰਨਾ ਹੈ ਜੋ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਅੰਦਰ ਆਪਣੇ ਸੈਂਟਰ ਖੋਲੇਗੀ ਅਤੇ ਜਿਸ ਦੁਆਰਾ ਯੂਰਪ ਅੰਦਰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਚਣੋਤੀਆਂ ਨਾਲ ਨਜਿੱਠਣ ਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਗੁਰਬਾਣੀ, ਸਿੱਖ ਵਿਰਾਸਤ, ਪੰਜਾਬੀ ਭਾਸ਼ਾ ਦੇ ਨਾਲ ਨਾਲ ਉਹਨਾਂ ਨੂੰ ਖੇਡਾਂ ਅੰਦਰ ਉਤਸ਼ਾਹਿਤ ਕਰਨ ਲਈ ਭੀ ਵਚਨਬੱਧ ਹੋਵੇਗੀ ਜਿਸ ਨਾਲ ਅਸੀਂ ਇਹਨਾਂ ਦੇਸ਼ਾਂ ਅੰਦਰ ਇੱਕ ਸਾਕਾਰਤਮਕ ਪਹਿਚਾਣ ਬਣਾਉਣ ਦੇ ਕਾਬਿਲ ਹੋ ਸਕੀਏI
ਯੂਰਪ ਅੰਦਰ ਤੇਜੀ ਨਾਲ ਬਦਲ ਰਹੇ ਸਿਆਸੀ ਪਰਿਪੇਖ ਦੀ ਨਬਜ਼ ਨੂੰ ਸਮਝਦੇ ਹੋਏ ਜਥੇਬੰਦੀ ਲੋਕਲ ਸਿਆਸਤ ਤੋਂ ਲੈ ਕੇ ਨੈਸ਼ਨਲ ਲੇਵਲ ਦੀ ਸਿਆਸਤ ਅੰਦਰ ਸਿੱਖਾਂ ਨੌਜਵਾਨ ਬੱਚੇ-ਬੱਚੀਆਂ ਨੂੰ ਸਿਆਸਤ ਅੰਦਰ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇਗੀ ਤਾਂ ਕਿ ਤਾਂ ਕਿ ਸਿੱਖਾਂ ਦੀ ਦਿੱਖ ਜਾਂ ਪਹਿਚਾਣ ਸਿਆਸੀ ਪੱਧਰ ਤੇ ਉੱਭਰ ਕੇ ਆਵੇ ਅਤੇ ਸਾਨੂੰ ਸਾਡੀ ਗੁਆਂਢੀ ਕੌਮ ਨਾਲ ਰਲਗੱਡ ਕਰਕੇ ਨਾ ਦੇਖਿਆ ਜਾਵੇ ਅਤੇ ਨਾਲ ਸਾਡੇ ਇਹਨਾਂ ਦੇਸ਼ਾਂ ਅੰਦਰ ਪਾਏ ਜਾ ਰਹੇ ਯੋਗਦਾਨ ਦੀ ਵਾਰਤਾ ਯੂਰਪ ਦੇ ਸਿਆਸਤੀ ਖੇਤਰ ਅੰਦਰ ਚੱਲ ਸਕੇ I
ਜਥੇਬੰਦੀ ਧਾਰਮਿਕ ਪ੍ਰੋਗਰਾਮਾਂ ਸੰਬੰਧੀ ਪੂਰੀ ਤਰਾਂ ਸਮਰਪਿੱਤ ਰਹੇਗੀ ਅਤੇ ਸਿੱਖ ਸੈਮੀਨਾਰ, ਕਾਨਫਰੰਸ, ਸੰਵਾਦ ਲਗਾਤਾਰ ਆਯੋਜਿਤ ਕਰਵਾਇਆ ਕਰੇਗੀ ਜਿਸ ਰਾਹੀਂ ਨਿਰੋਲ ਸਿੱਖੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਵਾਇਆ ਜਾ ਸਕੇI ਜੱਥੇਬੰਦੀ ਦੇ ਧਾਰਮਿਕ ਪ੍ਰੋਗਰਾਮਾਂ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੋਵੇਗੀ ਅਤੇ ਕਿਸੇ ਭੀ ਹੋਰ ਹੁਕਮਨਾਮੇ, ਮਰਿਯਾਦਾ ਜਾਂ ਡੇਰਾਵਾਦੀ ਵਿਚਾਰਧਾਰਾ ਦੀ ਪਾਬੰਧ ਨਹੀਂ ਹੋਵੇਗੀI
ਮੀਟਿੰਗ ਅੰਦਰ ਸ਼ਾਮਿਲ ਹੋਣ ਵਾਲੇ ਸੁਹਿਰਦ ਸੱਜਣਾਂ ਅੰਦਰ ਮਨਜੀਤ ਸਿੰਘ ਸਪੇਨ (ਸਿੱਖ ਕਾਰੋਬਾਰੀ), ਗੁਰਲਾਲ ਸਿੰਘ ਸਪੇਨ (ਸਿੱਖ ਕਾਰੋਬਾਰੀ) , ਨਿਰਮਲ ਸਿੰਘ ਹੰਸਪਾਲ ਜਰਮਨੀ (ਸਿੱਖ ਵਿਦਵਾਨ ਅਤੇ ਕਾਰੋਬਾਰੀ ) ਸਿਰਦਾਰ ਪ੍ਰਭਦੀਪ ਸਿੰਘ ਯੂਕੇ (ਸਿੱਖ ਚਿੰਤਕ ਅਤੇ ਸਿਆਸਤਦਾਨ), ਰਾਜਬੀਰ ਸਿੰਘ ਯੂਕੇ (ਸਿੱਖ ਸਿਆਸਤਦਾਨ) ਗੁਰਵਿੰਦਰ ਸਿੰਘ ਯੂਕੇ (ਸਿੱਖ ਵਿਦਵਾਨ) ਦਰਸ਼ਨ ਸਿੰਘ ਸਵੀਡਨ (ਸਾਬਕਾ ਪ੍ਰਧਾਨ ਗੁਰਦਵਾਰਾ ਸਵੀਡਨ) ਮਨਜੀਤ ਸਿੰਘ ਇਟਲੀ (ਗੁਰਦਵਾਰਾ ਕਮੇਟੀ ਪ੍ਰਬੰਧਿਕ) ਅਤੇ ਇਹਨਾਂ ਨਾਲ ਸੈਂਕੜੇ ਪੰਥ ਦਰਦੀ ਸਪੇਨ ਦੇ ਵੱਖ ਵੱਖ ਇਲਾਕਿਆਂ ਤੋਂ ਹਾਜ਼ਿਰ ਹੋਣ ਲਈ ਉਚੇਚੇ ਤੌਰ ਤੇ ਪਹੁੰਚੇ ਅਤੇ ਜਿਹਨਾਂ ਨੇ ਨਾ ਕੇਵਲ ਵਿਚਾਰਿਕ ਤੌਰ ਤੇ ਆਪਣੀ ਭੂਮਿਕਾ ਨਿਭਾਈ ਸਗੋਂ ਸੰਸਥਾ ਦੀ ਉਸਾਰੀ ਲਈ ਬੜਾ ਹਾਂ ਪੱਖੀ ਹੁੰਗਾਰਾ ਦਿੱਤਾI
ਜਥੇਬੰਦੀ ਦੀ ਅਗਲੀ ਮੀਟਿੰਗ ਸਿਤੰਬਰ ਮਹੀਨੇ ਅੰਦਰ ਹੋਵੇਗੀ ਜਿਸਦਾ ਸਮਾਂ ਅਤੇ ਸਥਾਨ ਛੇਤੀ ਹੀ ਸੰਗਤਾਂ ਨਾਲ ਸਾਂਝਾਂ ਕੀਤਾ ਜਾਵੇਗਾI