ਜ਼ਹਿਰੀਲੇ ਸੱਪਾਂ ਦੇ ਡੱਸਣ ਨਾਲ ਮੌਤ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕੇਂਦਰ ਬਣਿਆ ਢਾਹਾਂ ਕਲੇਰਾਂ ਹਸਪਤਾਲ
*ਸੱਪ ਦੇ ਡੱਸੇ ਦਲਬੀਰ ਸਿੰਘ ਪਿੰਡ ਪੋਸੀ ਦਾ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਫ਼ਲ ਇਲਾਜ* (
ਬੰਗਾ - ਬੰਗਾ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਸਥਾਪਿਤ ਮਲਟੀਸਪੈਸ਼ਲਿਟੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪਾਂ ਦੇ ਡੱਸੇ ਮਰੀਜ਼ਾਂ ਦਾ ਸਫਲ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣ ਚੁੱਕਾ ਹੈ। ਪਿਛਲੇ ਵੀਹ ਦਿਨਾਂ ਵਿੱਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪਾਂ ਦੇ ਡੱਸੇ ਸੱਤ ਤੋਂ ਵੱਧ ਮਰੀਜ਼ਾਂ ਨੂੰ ਵੇਲੇ ਸਿਰ ਐਂਟੀ ਸਨੇਕ ਵੇਨਮ (ਸੱਪ ਦੀ ਜ਼ਹਿਰ ਦਾ ਐਂਟੀਡਾਟ) ਅਤੇ ਵੈਂਟੀਲੇਟਰ (ਸਾਹ ਦੇਣ ਵਾਲੀ ਮਸ਼ੀਨ) ਦੀ ਮਦਦ ਨਾਲ ਬਚਾਇਆ ਜਾ ਚੁੱਕਾ ਹੈ। ਇਸੇ ਤਹਿਤ ਹੀ ਸੱਪਾਂ ਦੇ ਡੱਸੇ ਪਿੰਡ ਪੋਸੀ ਦੇ ਮਰੀਜ਼ ਦਲਬੀਰ ਸਿੰਘ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਗਿਆ ਹੈ। ਇਹ ਜਾਣਕਾਰੀ ਹਸਪਤਾਲ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਢਾਹਾਂ ਕਲੇਰਾਂ ਨੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪ੍ਰਦਾਨ ਕੀਤੀ। ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਡੱਸੇ ਮਰੀਜ਼ਾਂ ਦਾ ਇਲਾਜ ਅਤਿ ਆਧੁਨਿਕ ਤਰੀਕਿਆਂ ਨਾਲ ਸਫਲਤਾਪੂਰਵਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਦਲਬੀਰ ਸਿੰਘ ਨੂੰ ਬੀਤੀ ਨੌ ਜੁਲਾਈ ਦੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ। ਇਸ ਤੋਂ ਬਾਅਦ ਜਦੋਂ ਦਲਬੀਰ ਸਿੰਘ ਨੂੰ ਸਾਹ ਲੈਣ ਵਿਚ ਮੁਸ਼ਕਿਲ, ਪੇਟ ਦਰਦ, ਉਲਟੀ ਅਤੇ ਅੱਖਾਂ ਦਾ ਆਪਮੁਹਾਰੇ ਬੰਦ ਹੋਣਾ ਆਦਿ ਲੱਛਣ ਉਤਪੰਨ ਹੋਣ ਉਪਰੰਤ ਪਰਿਵਾਰ ਨੇ ਛੇਤੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲੈ ਕੇ ਆਇਆ। ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਮੁੱਢਲੀ ਜਾਂਚ ਤੋਂ ਮਰੀਜ਼ ਦਲਬੀਰ ਸਿੰਘ ਦੀ ਬਹੁਤ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਈ.ਸੀ.ਯੂ. ਵਿਚ ਚਾਰ ਦਿਨ ਰੱਖ ਕੇ ਵੈਂਟੀਲੇਟਰ ਦੀ ਮਦਦ ਨਾਲ ਸੱਪ ਦੇ ਡੰਗੇ ਜਾਣ 'ਤੇ ਇਲਾਜ ਕਰਨ ਵਾਲੀਆਂ ਖਾਸ ਦਵਾਈਆਂ ਨਾਲ ਇਲਾਜ ਕੀਤਾ ਗਿਆ । ਡਾਕਟਰ ਸਾਹਿਬ ਦੀ ਸਾਰੀ ਟੀਮ ਦੇ ਅਣਥੱਕ ਯਤਨਾਂ ਸਦਕਾ ਮਰੀਜ਼ ਨੂੰ ਨਵਾਂ ਜੀਵਨ ਮਿਲਿਆ, ਕਿਉਂਕਿ ਜਿਸ ਹਾਲਤ ਵਿੱਚ ਮਰੀਜ਼ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਉਸ ਸਮੇਂ ਉਹ ਬਹੁਤ ਨਾਜ਼ੁਕ ਹਾਲਤ ਵਿੱਚ ਸੀ। ਹੁਣ ਦਲਬੀਰ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਖੁਸ਼ ਹੈ । ਇਸ ਮੌਕੇ ਡਾ. ਵਿਵੇਕ ਗੁੰਬਰ ਨੇ ਗੱਲਬਾਤ ਕਰਦੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਸੱਪਾਂ ਦੇ ਡੰਗਣ ਨਾਲ 50 ਹਜ਼ਾਰ ਤੋਂ ਵੱਧ ਇਨਸਾਨ ਮੌਤ ਦੇ ਮੁੰਹ 'ਚ ਚਲੇ ਜਾਂਦੇ ਹਨ। ਡਾ. ਗੁੰਬਰ ਨੇ ਦੱਸਿਆ ਕਿ ਸੱਪ ਦੇ ਡੱਸਣ ਦੇ ਕਾਰਨ ਹੋਣ ਵਾਲੀਆਂ ਮੌਤਾਂ ਸੱਪਾਂ ਦੀਆਂ ਇਨ੍ਹਾਂ ਚਾਰ ਪ੍ਰਜਾਤੀਆਂ ਦੇ ਕਾਰਨ ਹੁੰਦੀਆਂ ਹਨ - ਕਾਮਨ ਕਰੇਟ, ਇੰਡੀਅਨ ਕੋਬਰਾ, ਰਸਲਜ਼ ਵਾਈਪਰ ਅਤੇ ਸਾਅ ਸਕੇਲਡ ਵਾਈਪਰ । ਪਰ ਬਹੁਤ ਸਾਰੇ ਲੋਕ ਅਗਿਆਨਤਾ ਕਰਕੇ ਜਾਂ ਹੋਰ ਕਾਰਨਾਂ ਕਰਕੇ ਵੇਲੇ ਸਿਰ ਉਹਨਾਂ ਸਿਹਤ ਕੇਂਦਰ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਿੱਥੇ ਐਂਟੀਵੇਨਮ (ਸੱਪ ਦੀ ਜ਼ਹਿਰ ਤੋਂ ਬਚਾਉਣ ਵਾਲਾ ਟੀਕਾ) ਉਪਲਬਧ ਹੋਵੇ ਅਤੇ ਸਮਾਂ ਰਹਿੰਦਿਆਂ ਉਹ ਟੀਕਾ ਮਰੀਜ਼ ਦੇ ਲੱਗ ਜਾਵੇ ਜੋ ਉਸ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ । ਬਹੁਤ ਵਾਰ ਲੋਕ ਵਹਿਮਾਂ-ਭਰਮਾਂ ਕਰਕੇ ਬਾਬਿਆਂ, ਤਾਂਤਰਿਕਾਂ ਦੇ ਚੱਕਰਾਂ ਵਿੱਚ ਉਲਝ ਕੇ &ldquoਮਣਕਾ, ਜਾਦੂ ਟੂਣਾ&rdquo ਆਦਿ ਕਰਵਾਉਣ ਵਿੱਚ ਕੀਮਤੀ ਸਮਾਂ ਨਸ਼ਟ ਕਰਦੇ ਹਨ ਜਿਸ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ । ਉਹਨਾਂ ਕਿਹਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ਹਿਰੀਲੇ ਸੱਪ ਦੇ ਡੱਸੇ ਮਰੀਜ਼ਾਂ ਇਲਾਜ ਲਈ ਵਿਸ਼ੇਸ਼ ਦਵਾਈਆਂ ਅਤੇ ਪੂਰੇ ਪ੍ਰਬੰਧ ਹਨ। ਮਰੀਜ਼ ਦਲਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਖੁਸ਼ੀ ਭਰੇ ਮਾਹੌਲ ਵਿਚ ਵਧੀਆ ਇਲਾਜ ਕਰਨ ਲਈ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਸੋਨੀਆ ਸਿੰਘ ਇੰਚਾਰਜ ਆਈ ਸੀ ਯੂ ਅਤੇ ਹਸਪਤਾਲ ਦਾ ਨਰਸਿੰਗ ਅਤੇ ਮੈਡੀਕਲ ਸਟਾਫ ਮੈਂਬਰ ਵੀ ਹਾਜ਼ਰ ਸਨ।