image caption: -ਰਜਿੰਦਰ ਸਿੰਘ ਪੁਰੇਵਾਲ

ਨਸ਼ਿਆਂ ਦੇ ਚੱਕਰਵਿਊ 'ਚ ਗੁਰੂਆਂ ਦੇ ਪੰਜਾਬ ਦਾ ਹੱਲ ਕੀ ਹੋਵੇ

        ਗੁਰੂਆਂ ਦੀ ਧਰਤੀ ਦੇਸ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਹੀ ਦਰਜਨ ਤੋਂ ਵੱਧ ਪੰਜਾਬੀ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਨਾਲ ਜਾਨਾਂ ਗੁਆ ਚੁੱਕੇ ਹਨ, ਪਰ ਕੈਪਟਨ ਸਰਕਾਰ ਨੇ ਮੌਤ ਦਾ ਇਹ ਤਾਂਡਵ ਰੋਕਣ ਲਈ ਕੋਈ ਰੁਚੀ ਨਹੀਂ ਦਿਖਾਈ। ਪਿਛਲੇ ਇੱਕ ਮਹੀਨੇ ਦੌਰਾਨ ਸਿਰਫ਼ ਮਾਝੇ ਦੇ ਦੋ ਜ਼ਿਲ੍ਹਿਆਂ - ਅੰਮ੍ਰਿਤਸਰ ਤੇ ਤਰਨ ਤਾਰਨ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ 15 ਮੌਤਾਂ ਹੋ ਚੁੱਕੀਆਂ ਹਨ। ਇਥੋਂ ਤੱਕ ਪੁਲੀਸ ਰਿਪੋਰਟਾਂ ਵੀ ਦਰਜ ਨਹੀਂ ਕਰ ਰਹੀ। ਪੁਲਿਸ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ। ਡਰੱਗ ਸਮੱਗਲਰ ਅਵਾਜ਼ ਉਠਾਉਣ ਵਾਲੇ ਲੋਕਾਂ ਉੱਪਰ ਜਾਨਲੇਵਾ ਹਮਲੇ ਕਰ ਰਹੇ ਹਨ ਤੇ ਪੰਜਾਬ ਡਰੱਗ ਤੇ ਮਾਈਨਿੰਗ ਤਸਕਰਾਂ ਦੀ ਧਰਤੀ ਬਣ ਚੁੱਕਿਆ ਹੈ। ਅਸੀਂ ਯਾਦ ਕਰਾਉਂਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਉਹ ਸਰਕਾਰ ਬਣਨ 'ਤੇ  ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣਗੇ ਤੇ ਨਸ਼ੇ ਦੇ ਵਪਾਰੀਆਂ ਨੂੰ ਜੇਲਾਂ ਵਿਚ ਸੁੱਟਣਗੇ। ਪਰ ਅਜੇ ਤੱਕ ਨਸ਼ਿਆਂ ਦਾ ਕਹਿਰ ਅਕਾਲੀ ਸਰਕਾਰ ਵਾਂਗ ਕਾਇਮ ਹੈ। ਕੋਈ ਵੱਡਾ ਸਮੱਗਲਰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਸੀਂ ਵਾਰ-ਵਾਰ ਪੰਜਾਬ ਟਾਈਮਜ਼ ਦੀ ਸੰਪਾਦਕੀ ਰਾਹੀਂ ਦਸਾਂ ਸਾਲਾਂ ਤੋਂ ਦਸ ਰਹੇ ਹਾਂ ਕਿ ਨਸ਼ਾ, ਭ੍ਰਿਸ਼ਟ ਪੁਲੀਸ ਪ੍ਰਸ਼ਾਸ਼ਣ ਤੇ ਭ੍ਰਿਸ਼ਟ ਸੱਤਾਧਾਰੀਆਂ ਤੇ ਗੱਠਜੋੜ ਰਾਹੀਂ ਵਿਕ ਰਿਹਾ ਹੈ। ਜੇਕਰ ਨਸ਼ਾ ਸਮੱਗਲਰਾਂ ਉੱਪਰ ਇਨ੍ਹਾਂ ਲੋਕਾਂ ਦਾ ਥਾਪੜਾ ਨਾ ਹੋਵੇ ਤਾਂ ਪੰਜਾਬ ਕਦੋਂ ਦਾ ਨਸ਼ਿਆਂ ਤੋਂ ਅਜ਼ਾਦ ਹੋ ਗਿਆ ਹੁੰਦਾ। ਨਸ਼ਿਆਂ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦਾ ਨੌਜਵਾਨ ਬੇਗਾਨਾ ਹੈ, ਬੇਰੁਜ਼ਗਾਰ ਹੈ। ਜੇਕਰ ਉਸ ਕੋਲ ਕੋਈ ਕੰਮਕਾਰ ਹੁੰਦਾ ਤਾਂ ਉਹ ਨਸ਼ਿਆਂ ਵਿਚ ਨਾ ਪੈਂਦਾ। ਜੇਕਰ ਉਸ ਨੂੰ ਪੰਜਾਬ ਵਿਚ  ਢੁੱਕਵਾਂ ਵਿੱਦਿਅਕ ਮਾਹੌਲ ਮਿਲਦਾ, ਖੇਡਾਂ ਦੇ ਖੇਤਰ ਵਿੱਚ ਵੀ ਸਹੂਲਤਾਂ ਮਿਲਦੀਆਂ ਤਾਂ ਪੰਜਾਬ ਵਿਚ ਨਸ਼ਾ ਨਾ ਪੈਦਾ ਹੁੰਦਾ। ਜੇਕਰ ਪੰਜਾਬ ਦੀ ਲੀਡਰਸ਼ਿਪ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਆਪਣੇ ਹਥਿਆਰ ਨਾ ਬਣਾਉਂਦੀ ਤਾਂ ਪੰਜਾਬ ਵਿਚ ਕਦੇ ਨਸ਼ੇ ਪੈਦਾ ਨਹੀਂ ਸੀ   ਹੋਣੇ। ਜੇਕਰ ਪੰਜਾਬ ਪੁਲੀਸ ਇਮਾਨਦਾਰ ਹੁੰਦੀ ਤਾਂ ਪੰਜਾਬ ਵਿਚ ਨਸ਼ਾ ਸਮੱਗਲਰ ਪੈਦਾ ਨਾ ਹੁੰਦੇ। ਜੇਕਰ ਪੰਜਾਬ ਦੀਆਂ ਪੰਥਕ ਸੰਸਥਾਵਾਂ ਤੇ ਸਾਮਾਜਿਕ ਸੰਸਥਾਵਾਂ ਨੇ ਸੰਗਤ ਸਿਰਜ ਕੇ ਨਸ਼ਾ ਸਮੱਗਲਰਾਂ ਤੇ ਨਸ਼ਿਆਂ ਵਿਰੁੱਧ ਧਰਮਯੁੱਧ ਅਰੰਭਿਆ ਹੁੰਦਾ ਤਾਂ ਪੰਜਾਬ ਵਿਚ ਨਸ਼ੇ ਕਦੋਂ ਦੇ ਖਤਮ ਹੋ ਗਏ ਹੁੰਦੇ।
       ਅੱਜ ਪੰਜਾਬ ਦੇ ਗੱਭਰੂ  ਫੌਜ ਵਿਚ ਭਰਤੀ ਹੋਣ ਜੋਗੇ ਨਹੀਂ ਰਹੇ, ਕਿਉਂਕਿ ਉਹ ਸਿਹਤਮੰਦ ਨਹੀਂ ਹਨ। ਉਹ ਨਸ਼ੇੜੀ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਫ਼ੌਜ ਵਿਚੋਂ ਪੰਜਾਬੀਆਂ ਦੀ ਗਿਣਤੀ ਮਨਫੀ ਹੰਦੀ ਜਾ ਰਹੀ ਹੈ। ਤੰਬਾਕੂ, ਜਰਦਾ, ਸਮੈਕ, ਅਫੀਮ, ਨਸ਼ੀਲੀਆਂ ਦਵਾਈਆਂ, ਟੀਕੇ ਅਤੇ ਨੀਂਦ ਦੀਆਂ ਗੋਲੀਆਂ ਹੁਣ ਪੰਜਾਬੀਆਂ ਦੀ ਖੁਰਾਕ ਬਣ ਚੁੱਕੇ ਹਨ। ਨਸ਼ੇ ਸਿਰਫ਼ ਪਿੰਡਾਂ ਤੱਕ ਹੀ ਨਹੀਂ, ਸਗੋਂ ਸ਼ਹਿਰਾਂ ਅਤੇ ਸਕੂਲਾਂ, ਕਾਲਜਾਂ ਵਿੱਚ ਵੀ ਪੁੱਜ ਚੁੱਕੇ ਹਨ। ਇਥੋਂ ਤੱਕ ਲੜਕੀਆਂ ਵੀ ਨਸ਼ੇ ਕਰ ਰਹੀਆਂ ਹਨ। ਬਲਾਤਕਾਰ ਅਤੇ ਕਤਲਾਂ ਵਰਗੀਆਂ ਨਿੱਤ ਵਾਪਰਦੀਆਂ ਘਟਨਾਵਾਂ ਵੀ ਪੰਜਾਬ ਵਿਚ ਵਧ ਰਹੇ ਨਸ਼ਿਆਂ ਦਾ ਨਤੀਜਾ ਹਨ। ਇੱਕ ਸਰਵੇਖਣ ਅਨੁਸਾਰ ਪੰਜਾਬ ਦੇ ਮਾਝੇ ਵਿੱਚ 60 ਫੀਸਦੀ, ਮਾਲਵੇ ਵਿੱਚ 65 ਫੀਸਦੀ ਅਤੇ ਦੁਆਬੇ ਵਿੱਚ 68 ਫੀਸਦੀ ਲੋਕ ਨਸ਼ਿਆਂ ਦੇ ਸ਼ਿਕਾਰ ਹਨ। ਸਾਲ ਵਿੱਚ ਲੋਕਾਂ ਦੀ ਤਕਰੀਬਨ 7500 ਕਰੋੜ ਰੁਪਏ ਨਸ਼ਿਆਂ 'ਤੇ ਬਰਬਾਦ ਹੋ ਰਿਹਾ ਹੈ। ਭਾਰਤ ਦੀ ਸਰਕਾਰ ਆਖਦੀ ਹੈ ਕਿ  ਨਸ਼ੇ ਪਾਕਿਸਤਾਨ ਤੋਂ ਸਮੱਗਲਿੰਗ ਦੇ ਮਾਲ ਵਿੱਚ ਆਉਂਦੇ ਹਨ। ਜੇਕਰ ਅਜਿਹਾ ਹੈ ਤਾਂ ਫਿਰ ਪੰਜਾਬ ਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਕਿੱਥੇ ਹਨ? ਸੁਰੱਖਿਆ ਦਸਤੇ ਕਿੱਥੇ ਹਨ? ਇਨ੍ਹਾਂ ਨਸ਼ਿਆਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ? ਅਸਲ ਵਿਚ ਇਹ ਸਭ ਨਸ਼ੇ ਹਾਕਮਾਂ, ਪੁਲੀਸ ਪ੍ਰਸ਼ਾਸ਼ਣ ਤੇ ਤਸਕਰਾਂ ਦੇ ਗੱਠਜੋੜ ਦਾ ਨਤੀਜਾ ਹਨ।
ਪੰਜਾਬੀ ਗਾਇਕ ਤੇ ਗੀਤਕਾਰ ਵੀ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਗਾਇਕੀ ਰਾਹੀਂ ਨਸ਼ਿਆਂ ਦਾ ਪ੍ਰਦੂਸ਼ਣ ਫੈਲਾਇਆ ਹੈ। ਜਿਵੇਂ
ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ.... ......।
ਖਾਣ ਬੱਕਰੇ ਤੇ ਪੀਣ ਸ਼ਰਾਬਾਂ ਨੀ ਪੁੱਤ ਸਰਦਾਰਾਂ ਦੇ..।
ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ........।
ਨਾਭੇ ਦੀਏ ਬੰਦ ਬੋਤਲੇ.......।
ਆਦਿ......।
     ਪੰਜਾਬ ਦੇ ਨਸ਼ਾ ਛੁਡਾਉ ਕੇਂਦਰਾਂ ਵਿਚ ਵੀ ਨਸ਼ੇ ਵਿਕ ਰਹੇ ਹਨ। ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਵਧੇਰੇ ਕਰਕੇ ਲੁੱਟ ਦਾ ਕੇਂਦਰ ਬਣ ਕੇ ਰਹਿ ਗਏ। ਦੁੱਖੀਆਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ,ਅੱਠ ਦਸ ਹਜ਼ਾਰ ਤੋਂ ਲੈਕੇ ਪੱਚੀ ਹਜ਼ਾਰ ਮਹੀਨਾ ਤੱਕ ਲਿਆ ਜਾਂਦਾ ਹੈ। ਕੋਈ ਕੋਂਸਲਿੰਗ ਨਹੀਂ, ਕੋਈ ਮਨੋਵਿਗਿਆਨੀ ਡਾਕਟਰ ਨਹੀਂ, ਬੱਸ ਪੈਸੇ ਬਟੋਰਨ ਦਾ ਸਾਧਨ ਬਣਕੇ ਰਹਿ ਗਏ ਨੇ। ਪ੍ਰਸਿੱਧ ਚਿੰਤਕ ਤੇ ਕਵੀ ਮਿਲਟਨ ਨੇ ਲਿਖਿਆ ਸੀ ਕਿ ਸੰਸਾਰ ਦੀਆਂ ਸਾਰੀਆਂ ਸੈਨਾਵਾਂ ਮਿਲਕੇ ਇੰਨੇ ਮਨੁੱਖਾਂ ਤੇ ਐਨੀ ਜਾਇਦਾਦ ਨੂੰ ਤਬਾਹ ਨਹੀਂ ਕਰ ਸਕਦੀਆਂ, ਜਿੰਨੀ ਕਿ ਨਸ਼ੇ ਕਰਨ ਦੀ ਆਦਤ।
       ਹੁਣੇ ਜਿਹੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ ਬਿਆਨ ਜਾਰੀ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਸਮੱਗਲਰਾਂ ਵਿਰੁੱਧ ਸੰਘਰਸ਼ ਕਰਨ ਦੇ ਲਈ ਤਿਆਰ ਰਹਿਣ ਤੇ ਇਕੱਠੇ ਹੋਣ। ਜਿੰਨਾ ਚਿਰ ਤੱਕ ਉਹ ਪੰਜਾਬ ਨੂੰ ਨਸ਼ਿਆਂ ਤੋਂ ਅਜ਼ਾਦ ਨਹੀਂ ਕਰਵਾ ਲੈਂਦੇ, ਓਨਾ ਚਿਰ ਤੱਕ ਉਹ ਚੁੱਪ ਕਰਕੇ ਨਾ ਬੈਠਣ। ਉਨ੍ਹਾਂ ਦਾ ਕਹਿਣਾ ਸੀ ਕਿ ਸੁਨਹਿਰੀ ਘੋੜੇ 'ਤੇ ਰਾਜਕੁਮਾਰ ਉਨ੍ਹਾਂ ਦੀ ਸਾਰ ਲੈਣ ਨਹੀਂ ਆਵੇਗਾ, ਉਨ੍ਹਾਂ ਨੂੰ ਆਪਣੀ ਹੋਣੀ ਦੇ ਖੁਦ ਮਾਲਕ ਬਣਨਾ ਪਵੇਗਾ। ਅਸਲ ਵਿਚ ਗੁਰਬਾਣੀ ਦਾ ਵੀ ਇਹੀ ਸੰਦੇਸ਼ ਹੈ ਕਿ ਜੇਕਰ ਤੁਸੀਂ ਜੀਵਨ ਮੁਕਤ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸੋਝੀ ਬਲਵਾਨ ਕਰਨੀ ਪਵੇਗਾ ਤੇ ਸੰਗਤ ਤੇ ਸੰਗ ਸੱਚ 'ਤੇ ਪਹਿਰਾ ਦੇਣਾ ਪਵੇਗਾ। ਸਾਨੂੰ ਸੰਸਾਰ ਵਿਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਪੰਜਾਬ ਨੂੰ ਬਚਾਉਣ ਦੇ ਲਈ ਕਮਰਕੱਸੇ ਕਰਨੇ ਚਾਹੀਦੇ ਹਨ ਤੇ ਪੰਜਾਬ ਵਿਚ ਫੈਲ ਰਹੇ ਨਸ਼ਿਆਂ ਵਿਰੁੱਧ ਮੀਡੀਆ ਵਿਚ ਪ੍ਰਚਾਰ ਕਰਨਾ ਹੀ ਚਾਹੀਦਾ ਹੈ ਤੇ ਆਪਣੇ ਪਿੰਡਾਂ ਤੇ ਸ਼ਹਿਰਾਂ ਵਿਚ ਗੁਰਦੁਆਰਿਆਂ ਰਾਹੀਂ ਸੁਨੇਹੇ ਜਾਰੀ ਕਰਨੇ ਚਾਹੀਦੇ ਹਨ ਕਿ ਜਿੱਥੇ ਵੀ ਨਸ਼ੇ ਵੰਡੇ ਜਾਣ ਜਾਂ ਨਸ਼ਾ ਸਮੱਗਲਰ ਗੁੰਡਾਗਰਦੀ ਕਰਨ ਤਾਂ ਸੰਗਤ ਸ਼ਕਤੀ ਰਾਹੀਂ ਉਨ੍ਹਾਂ ਦੀਆਂ ਨਾਸਾਂ ਵੀ ਭੰਨਣ ਤੇ ਕਾਨੂੰਨ ਕਾਰਵਾਈ ਵੀ ਕਰਾਉਣ। ਜਦੋਂ ਲੋਕ ਇਕੱਠੇ ਹੋਣ ਜਾਣਗੇ ਤਾਂ ਹਾਕਮਾਂ ਨੂੰ ਆਪੇ ਸਮਝ ਪੈ ਜਾਵੇਗੀ ਤੇ ਉਹ ਨਸ਼ਿਆਂ 'ਤੇ ਆਪ ਹੀ ਪਾਬੰਦੀ ਲਗਾ ਦੇਣਗੇ। ਲੋੜ ਹੈ ਸਾਨੂੰ ਜਾਗਣ ਦੀ।

-ਰਜਿੰਦਰ ਸਿੰਘ ਪੁਰੇਵਾਲ