image caption: ਰਜਿੰਦਰ ਸਿੰਘ ਪੁਰੇਵਾਲ

ਭਗਵੀਆਂ ਹਿੰਸਕ ਭੀੜਾਂ ਦੇ ਮੰਤਰੀ ਤੇ ਪੁਲੀਸ ਹਮਾਇਤੀ

      ਪਿਛਲੇ ਹਫਤੇ ਸੁਪਰੀਮ ਕੋਰਟ ਨੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਹਿੰਸਕ ਭੀੜ ਦੇ ਰਾਹੀਂ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਸੀ ਤੇ ਸਖ਼ਤ ਲਹਿਜੇ ਵਿਚ ਕਿਹਾ ਸੀ ਕਿ ਲੋਕਤੰਤਰ ਵਿਚ ਕੋਈ ਵਿਅਕਤੀ ਕਾਨੂੰਨ ਨਹੀਂ ਬਣ ਸਕਦਾ। ਲੋਕਤੰਤਰ ਵਿਚ ਭੀੜ ਤੰਤਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਗਊ ਰੱਖਿਅਕਾਂ ਤੇ ਭੀੜ ਦੇ ਹਿੰਸਕ ਅਪਰਾਧਾਂ ਨਾਲ ਨਿਪਟਣ ਦੇ ਲਈ ਸਖ਼ਤ ਕਾਨੂੰਨ ਪ੍ਰਬੰਧ ਜਾਰੀ ਕੀਤੇ ਹਨ। ਪਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇਕ ਵਾਰ ਫਿਰ ਜਿਸ ਤਰ੍ਹਾਂ ਭਗਵੇਂਵਾਦੀਆਂ ਨੇ ਇਕ ਵਿਅਕਤੀ ਅਕਬਰ ਖਾਨ ਨੂੰ ਕੁੱਟ ਕੁੱਟ ਕੇ ਕਤਲ ਕਰ ਦਿੱਤਾ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਹਿੰਸਕ ਹੋਏ ਲੋਕਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਇਸ ਘਟਨਾ ਦੇ ਬਾਅਦ ਸੁਪਰੀਮ ਕੋਰਟ ਨੇ ਹਜੂਮੀ ਕਤਲਾਂ ਦੇ ਮਾਮਲੇ ਵਿੱਚ ਰਾਜਸਥਾਨ ਸਰਕਾਰ ਖ਼ਿਲਾਫ਼ ਹੱਤਕ ਇੱਜ਼ਤ ਮਾਮਲੇ 'ਤੇ ਕਾਰਵਾਈ ਲਈ ਆਗਾਮੀ 28 ਅਗਸਤ ਨੂੰ ਸੁਣਵਾਈ ਲਈ ਹਾਮੀ ਭਰੀ ਹੈ। ਇਸ ਸਬੰਧੀ ਤੁਸ਼ਾਰ ਗਾਂਧੀ ਅਤੇ ਕਾਂਗਰਸੀ ਆਗੂ ਤਹਿਸੀਨ ਪੂਨਾਵਾਲਾ ਨੇ ਪਟੀਸ਼ਨ ਦਾਇਰ ਕੀਤੀ ਸੀ। ਯਾਚਿਕਾ ਵਿਚ ਕਿਹਾ ਗਿਆ ਸੀ ਕਿ ਅਦਾਲਤ ਦੇ ਹੁਕਮ ਦੇ ਬਾਵਜੂਦ ਭੀੜਾਂ ਦੁਆਰਾ ਮਾਰੇ ਜਾਣ ਦੀਆਂ ਤੇ ਗਊ ਰੱਖਿਆ ਦੇ ਨਾਮ 'ਤੇ ਹੱਤਿਆਵਾਂ ਹੋ ਰਹੀਆਂ ਹਨ। ਹਾਲਾਂਕਿ ਸਰਕਾਰਾਂ ਨੂੰ ਅਪਰਾਧੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ, ਪਰ ਸਰਕਾਰਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਰਹੀਆਂ ਹਨ।
        ਅਦਾਲਤ ਦੀ ਸਖ਼ਤੀ ਦੇ ਬਾਅਦ ਵੀ ਹਾਲਤ ਇਹ ਹੈ ਕਿ ਹਿੰਸਕ ਭੀੜਾਂ ਕਿਤੇ ਨਾ ਕਿਤੇ ਗਊ ਰੱÎਿਖਆ ਦੇ ਨਾਮ 'ਤੇ ਕਿਸੇ ਬੇਗੁਨਾਹ ਵਿਅਕਤੀ ਦੀ ਹੱਤਿਆ ਕਰ ਰਹੀਆਂ ਹਨ। ਅਲਵਰ ਵਿਚ ਅਕਬਰ ਨਾਮ ਦੇ ਵਿਅਕਤੀ ਨੂੰ ਜਿਨ੍ਹਾਂ ਕਥਿਤ ਗਊ ਰੱਖਿਅਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਉਨ੍ਹਾਂ ਦੇ ਅੰਦਰ ਪੁਲੀਸ ਦਾ ਕੋਈ ਡਰ ਨਹੀਂ ਸੀ। ਜਦ ਉਥੇ ਪੁਲੀਸ ਪਹੁੰਚੀ ਤਾਂ ਉਨ੍ਹਾਂ ਨੇ ਅਕਬਰ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਅਤੇ ਹਸਪਤਾਲ ਪਹੁੰਚਾਉਂਦਿਆਂ ਤਿੰਨ ਘੰਟੇ ਲਗਾ ਦਿੱਤੇ। ਇਸ ਦੇਰੀ ਕਾਰਨ ਉਸ ਦੀ ਮੌਤ ਹੋਈ। ਦੋਸ਼ ਇਹ ਵੀ ਲੱਗ ਰਹੇ ਹਨ ਕਿ ਪੀੜਤ ਨੂੰ ਪੁਲੀਸ ਨੇ ਵੀ ਕੁੱਟਿਆ। 
      ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭੀੜਾਂ ਹੱਥੋਂ ਕਤਲ ਹੋਏ ਅਖ਼ਲਾਕ ਦਾ ਕਾਤਲ ਜੇਲ ਵਿਚ ਮਰ ਗਿਆ ਸੀ ਤੇ ਉਸ ਨੂੰ ਮਰਨ ਵੇਲੇ ਭਾਜਪਾ ਦੇ ਵਿਧਾਇਕ ਤੇਜਪਾਲ ਸਿੰਘ ਨਾਗਰ ਨੇ ਨਾ ਸਿਰਫ਼ ਉਸ ਕਾਤਲ ਦੇ ਜਿਸਮ ਉਤੇ ਤਿਰੰਗਾ ਲਪੇਟਿਆ ਬਲਕਿ ਉਸ ਦੇ ਪਰਿਵਾਰ ਨੂੰ ਲੱਖਾਂ ਦਾ ਮੁਆਵਜ਼ਾ ਵੀ ਦਿਵਾਇਆ। ਬਾਕੀ ਕਾਤਲਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਕਦੇ ਭਾਜਪਾ ਮੰਤਰੀ ਜਾ ਕੇ ਕਾਤਲਾਂ ਨੂੰ ਹਾਰ ਪਾ ਆਉਂਦੇ ਹਨ ਅਤੇ ਕਾਤਲਾਂ ਨੂੰ ਨਾਇਕ ਬਣਾ ਕੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਧਾਰਮਿਕ ਜਲੂਸਾਂ ਵਿਚ ਸਜਾਇਆ ਜਾਂਦਾ ਹੈ। ਕਠੂਆ ਵਿਚ ਇਕ ਮੁਸਲਮਾਨ ਬੱਚੀ ਦੇ ਬਲਾਤਕਾਰੀ ਦੇ ਵਕੀਲ ਨੂੰ ਸਰਕਾਰ ਵਲੋਂ ਵਧੀਕ ਏ.ਜੀ. ਦਾ ਅਹੁਦਾ ਦਿਤਾ ਗਿਆ। ਅਲਵਰ ਵਿਚ ਵੀ ਭੀੜ ਨੇ ਖ਼ੁਦ ਨੂੰ ਵਿਧਾਇਕ ਦੀ ਹਮਾਇਤੀ ਹੋਣ ਦਾ ਦਾਅਵਾ ਕੀਤਾ। ਅਲਵਰ (ਰਾਜਸਥਾਨ) ਵਿਚ ਗਊ ਰਖਿਅਕਾਂ ਵਲੋਂ ਕੀਤੇ ਇਕ ਹੋਰ ਮੁਸਲਮਾਨ ਅਕਬਰ ਦੇ ਕਤਲ ਮਗਰੋਂ, ਗਊ ਰਖਿਅਕਾਂ ਦੇ ਨਾਂ ਤੇ ਕੀਤੀ ਜਾ ਰਹੀ ਗੁੰਡਾਗਰਦੀ ਵੇਖ ਕੇ, ਦੇਸ਼ ਹੁਣ ਦਹਿਸ਼ਤ ਵਿਚ ਹੈ, ਕਿਉਂਕਿ ਇਸ ਹਿੰਸਾ ਵਿਚ ਪੁਲਿਸ ਦੀ ਸ਼ਰੇਆਮ ਭਾਈਵਾਲੀ ਹੈ। ਜਿਸ ਤਰ੍ਹਾਂ ਪੁਲਿਸ ਵਲੋਂ 6 ਕਿਲੋਮੀਟਰ ਦੇ ਸਫ਼ਰ ਨੂੰ ਪੂਰਾ ਕਰਨ ਲਈ ਸਾਢੇ ਤਿੰਨ ਘੰਟੇ ਦਾ ਸਮਾਂ ਲਗਾਇਆ ਗਿਆ, ਉਸ ਤੋਂ ਸਾਫ਼ ਹੈ ਕਿ ਰਾਜਸਥਾਨ ਦੀ ਪੁਲਿਸ ਦਾ ਨਿਆਂ ਅਤੇ ਪੀੜਤ ਦੀ ਪੀੜਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਹਿਲਾਂ ਉਨ੍ਹਾਂ ਪੁਲਸੀਆਂ ਨੇ ਗਊਆਂ ਨੂੰ ਗਊਸ਼ਾਲਾ ਵਿਚ ਛਡਿਆ, ਫਿਰ ਚਾਹ ਪੀਤੀ। ਇਸ ਦੌਰਾਨ ਸ਼ਾਇਦ ਪੀੜਤ ਨੂੰ ਹੋਰ ਕੁਟਿਆ ਵੀ ਗਿਆ ਅਤੇ ਜਦੋਂ ਤਕ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਉਹ ਖ਼ਤਮ ਹੋ ਚੁੱਕਾ ਸੀ। ਪਿਛਲੇ ਸਵਾ ਚਾਰ ਸਾਲਾਂ ਵਿਚ ਫ਼ਿਰਕੂ ਭੀੜਾਂ ਵਲੋਂ ਬੇਰਹਿਮੀ ਨਾਲ ਕੁਟ ਕੁਟ ਕੇ ਮਾਰ ਦਿਤਾ ਗਿਆ ਇਹ 21ਵਾਂ ਮੁਸਲਮਾਨ ਸੀ। ਕੁਲ 25 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ 21 ਮੁਸਲਮਾਨ ਸਨ।
ਸਰਕਾਰ ਇਹੋ ਜਿਹੀਆਂ ਘਟਨਾਵਾਂ 'ਤੇ ਨਿੰਦਾ ਕਰਕੇ ਖਾਨਾਪੂਰਤੀ ਕਰਦੀ ਹੈ, ਜਿਸ ਕਰਕੇ ਅਪਰਾਧੀਆਂ ਦੇ ਹੌਂਸਲੇ ਵਧ ਰਹੇ ਹਨ। ਜਦ ਕਿ ਸਰਕਾਰ ਦਾ ਧਰਮ ਹੈ ਕਿ ਉਹ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖੇ। ਇਸ ਦੇ ਉਲਟ ਸਰਕਾਰ ਦੇ ਮੰਤਰੀ ਤੇ ਨੇਤਾਵਾਂ ਉੱਪਰ ਇਨ੍ਹਾਂ ਭੀੜਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗ ਰਹੇ ਹਨ। ਕਿਹਾ ਜਾ ਸਕਦਾ ਹੈ ਕਿ ਜਦ ਮੰਤਰੀ, ਸੰਤਰੀ ਸਭ ਹਿੰਸਕ ਭੀੜਾਂ ਨੂੰ ਤਿਰੰਗੇ ਵਿਚ ਲਪੇਟ ਵਿਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਮਾਰਨ ਤਾਂ ਸਮਾਜ ਵਿਚ ਸ਼ਾਂਤੀ ਕਿਵੇਂ ਕਾਇਮ ਰੱਖੀ ਜਾ ਸਕਦੀ ਹੈ ਤੇ ਸਮਾਜ ਨੂੰ ਕਿਵੇਂ ਇਕ ਰੱਖਿਆ ਜਾ ਸਕਦਾ ਹੈ। ਅਸਲ ਵਿਚ ਇਹ ਅੱਤਵਾਦ ਦਾ ਹੀ ਪਸਾਰਾ ਹੈ। ਵੱਡੀ ਗੱਲ ਇਹ ਹੈ ਕਿ ਭਾਰਤੀ ਮੀਡੀਆ ਭਗਵਾਂ ਮੀਡੀਆ ਬਣ ਚੁੱਕਾ ਹੈ ਤੇ ਉਹ ਇਨ੍ਹਾਂ ਹਿੰਸਕ ਭੀੜਾਂ ਦਾ ਹੀ ਬੁਲਾਰਾ ਹੈ। ਉਨ੍ਹਾਂ ਦੀਆਂ ਚੀਕਾਂ ਭਗਵੇਂਵਾਦ ਦੇ ਹੱਕ ਵਿਚ ਭੁਗਤਦੀਆਂ ਹਨ। ਬਰਗਾੜੀ ਮੋਰਚੇ ਬਾਰੇ ਭਾਰਤੀ ਮੀਡੀਏ ਦੀ ਪਹੁੰਚ ਇਸੇ ਪ੍ਰਸੰਗ ਵਿਚ ਦੇਖੀ ਜਾ ਸਕਦੀ ਹੈ ਕਿ ਉਹ ਵਿਦੇਸ਼ੀ ਫੰਡ ਦੇ ਨਾਮ 'ਤੇ ਇਸ ਮੋਰਚੇ ਨੂੰ ਕਿਵੇਂ ਬਦਨਾਮ ਕਰ ਰਿਹਾ ਹੈ। ਮੀਡੀਏ ਨੂੰ ਬਰਗਾੜੀ ਮੋਰਚਾ ਜੋ ਕਿ ਸ਼ਾਂਤਮਈ ਚਲ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਅੱਤਵਾਦ ਜਾਂ ਹਿੰਸਾ ਨੂੰ ਉਤਸਾਹਿਤ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਕਿਸ ਤਰ੍ਹਾਂ ਦੋਸ਼ ਲਗਾਏ ਜਾ ਰਹੇ ਹਨ ਕਿ ਇਥੇ ਵਿਦੇਸ਼ਾਂ ਵਲੋਂ ਫੰਡ ਅੱਤਵਾਦ ਨੂੰ ਭੜਕਾਉਣ ਲਈ ਦਿੱਤੇ ਜਾ ਰਹੇ ਹਨ। ਕੀ ਵਿਦੇਸ਼ਾਂ ਵਿਚ ਬੈਠੇ ਸਿੱਖ ਆਪਣੇ ਭਾਈਚਾਰੇ ਦੀ ਮਦਦ ਨਹੀਂ ਕਰ ਸਕਦੇ? ਇਹ ਭਾਰਤੀ ਮੀਡੀਆ ਅੱਤਵਾਦ ਤੁਰੰਤ ਬੰਦ ਹੋਣਾ ਚਾਹੀਦਾ ਹੈ। ਜੇਕਰ ਭਾਰਤੀ ਮੀਡੀਏ ਨੂੰ ਭਾਰਤ ਦੀ ਏਕਤਾ ਅਖੰਡਤਾ ਦਾ ਏਨਾ ਦਰਦ ਹੈ ਤਾਂ ਉਹ ਸਭ ਤੋਂ ਪਹਿਲਾਂ ਭਗਵੇਂਵਾਦ ਵਲੋਂ ਇਕੱਠੇ ਕੀਤੇ ਜਾ ਰਹੇ ਹਥਿਆਰਾਂ ਤੇ ਹਿੰਸਾ ਬਾਰੇ ਸੱਚ ਲਿਖੇ। ਇਹ ਵੀ ਲਿਖੇ ਕਿ ਇਨ੍ਹਾਂ ਹਿੰਸਕ ਭਗਵੀਂਆਂ ਭੀੜਾਂ ਕੌਣ ਉਤਸ਼ਾਹਿਤ ਕਰ ਰਿਹਾ ਹੈ?
ਰਜਿੰਦਰ ਸਿੰਘ ਪੁਰੇਵਾਲ