image caption: ਰਜਿੰਦਰ ਸਿੰਘ ਪੁਰੇਵਾਲ

ਬਾਦਲ ਦਲ ਦੀ ਰਾਜਨੀਤੀ ਦਾ ਦੁਖਾਂਤ ਬਨਾਮ ਨਵੇਂ ਅਕਾਲੀ ਦਲ ਦੀ ਸਿਰਜਣਾ

      ਗੁਰਬਾਣੀ ਵਿਚ ਰਾਜਨੀਤਕ ਮੱਦ, ਹੰਕਾਰ ਨੂੰ ਨਿੰਦਿਆ ਗਿਆ ਹੈ। ਗੁਰਬਾਣੀ ਵਿਚ ਇਹ ਕਿਹਾ ਗਿਆ ਹੈ ਕਿ ਰਾਜਾ ਤਖ਼ਤ ਦੇ ਲਾਇਕ ਹੋਵੇ ਜੇਕਰ ਉਸ ਦਾ ਰਿਸ਼ਤਾ ਪਰਜਾ ਨਾਲ ਵਧੀਆ ਨਹੀਂ ਹੋਵੇਗਾ, ਰਾਜ ਪ੍ਰਬੰਧ ਵਧੀਆ ਨਹੀਂ ਹੋਵੇਗਾ, ਸਿਸਟਮ ਭ੍ਰਿਸ਼ਟ ਹੋਵੇਗਾ ਉਹ ਰਾਜਾ ਕਾਬਲ ਨਹੀਂ ਹੋਵੇਗਾ। ਇਸ ਗਲ ਨੂੰ ਹਰੇਕ ਸਿਆਸਤਦਾਨ ਨੂੰ ਸਮਝਣਾ ਚਾਹੀਦਾ ਸੀ। ਸ਼੍ਰੋਮਣੀ ਅਕਾਲੀ ਦਲ ਦੀ 1920 ਦੌਰਾਨ ਰਚਨਾ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਨੇ ਕੌਮੀ ਹਿੱਤਾਂ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ, ਵੱਡੇ ਵੱਡੇ ਮੋਰਚੇ ਲਗਾਏ ਤੇ ਜਿੱਤੇ ਵੀ। ਇਹ ਸਾਡਾ ਸੁਨਹਿਰੀ ਇਤਿਹਾਸ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੌਰਾਨ ਕੁਝ ਚਿਰ ਅਕਾਲੀ ਦਲ ਕੌਮ ਦੀ ਪ੍ਰਗਤੀ ਲਈ ਜਦੋ ਜਹਿਦ ਕਰਦਾ ਰਿਹਾ, ਪਰ ਕੁਝ ਚਿਰ ਮਗਰੋਂ ਇਹ ਭਾਜਪਾ ਨਾਲ ਗੱਠਜੋੜ ਕਰਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਾਰਟੀ ਬਣ ਗਿਆ।  ਅਸਲ ਵਿਚ ਜੇਕਰ ਇਸ ਦਾ ਨਿਸ਼ਾਨਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੁੰਦਾ ਤਾਂ ਕੋਈ ਮਾੜੀ ਗਲ ਨਹੀਂ ਸੀ। ਪਰ ਅਕਾਲੀ ਦਲ ਭਾਜਪਾ ਦਾ ਇਕ ਅੰਗ ਬਣ ਕੇ ਰਹਿ ਗਿਆ। ਅਸਲ ਵਿਚ ਇਹ ਗੱਠਜੋੜ ਬਰਾਬਰੀ ਦੇ ਆਧਾਰ ਉਤੇ ਹੋਣਾ ਚਾਹੀਦਾ ਸੀ।  ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਸੀ। ਇਸ ਲਈ ਉਸ ਨੂੰ ਭਾਜਪਾ ਦੀ ਅਗਵਾਈ ਪੰਜਾਬ ਵਿਚ ਕਬੂਲਣ ਦੀ ਲੋੜ ਨਹੀਂ ਸੀ। ਉਸ ਨੂੰ ਸਮੂਹਿਕ ਪੰਜਾਬੀ ਹਿੱਤਾਂ ਦੇ ਲਈ ਆਪਣੀਆਂ ਨੀਤੀਆਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ। ਅੱਜ ਹਾਲਾਤ ਇਹ ਹਨ ਕਿ ਭਾਜਪਾ ਅਕਾਲੀ ਦਲ ਦੀ ਪ੍ਰਵਾਹ ਨਹੀਂ ਕਰ ਰਹੀ। ਬਾਦਲ ਦੇ ਰਾਜ ਦੌਰਾਨ ਨਸ਼ਿਆਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆ, ਸਨਅਤ ਖੇਤੀ ਬਾੜੀ ਕੇਂਦਰ ਵਲੋਂ ਤਬਾਹ ਕਰ ਦਿੱਤੀ ਗਈ। ਪਰ ਬਾਦਲ ਅਕਾਲੀ ਦਲ ਇਸ ਸੰਬੰਧ ਵਿਚ ਆਪਣੀ ਹੋਂਦ ਨਾ ਦਰਸਾ ਸਕਿਆ, ਨਾ ਹੀ ਮੋਦੀ ਸਰਕਾਰ ਦਾ ਵਿਰੋਧ ਕਰ ਸਕਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਬਾਦਲ ਦਲ ਦੀ ਭੂਮਿਕਾ ਉਸਾਰੂ ਨਹੀਂ ਰਹੀ। ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਹੋਂਦ ਵਿਚ ਨਹੀਂ ਸੀ ਆਉਣਾ ਚਾਹੀਦਾ। ਪਰ ਬਾਦਲ ਰਾਜ ਦੇ ਦੌਰਾਨ ਕੁਝ ਪੰਜਾਬ ਸੰਤਾਪ ਦੇ ਜ਼ਿੰਮੇਵਾਰ ਦੋਸ਼ੀ ਪੁਲੀਸ ਅਫ਼ਸਰਾਂ ਨੇ ਸਿੱਖ ਪੰਥ ਦੇ ਨਾਲ ਮਾੜਾ ਵਿਹਾਰ ਕੀਤਾ ਤੇ ਗੋਲੀ ਚਲਾ ਕੇ ਬਾਦਲ ਦਲ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ। ਸੁਖਬੀਰ ਸਿੰਘ ਬਾਦਲ ਨੇ ਪੰਥਕ ਰੋਹ ਨੂੰ ਸਮਝਿਆ ਨਾ। ਉਹ ਗ਼ੈਰ ਸਿੱਖਾਂ ਤੇ ਡੇਰਿਆਂ ਦੀ ਸਿਆਸਤ ਨੂੰ ਹੀ ਪ੍ਰਮੁਖ ਮੰਨਦੇ ਰਹੇ, ਪਰ ਅੱਜ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਨੇ ਬਾਦਲ ਅਕਾਲੀ ਦਲ ਨੂੰ ਦਿਨੇ ਤਾਰੇ ਦਿਖਾ ਦਿੱਤੇ। ਵੱਡੇ ਪੰਥਕ ਇਕੱਠਾਂ ਨੇ ਬਾਦਲ ਦਲ ਵਿਚ ਬਗਾਵਤ ਕਰਨ ਲਈ ਮਜ਼ਬੂਰ ਕਰ ਦਿੱਤਾ। ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਦੀ ਬਗਾਵਤ ਇਸੇ ਗਲ ਦਾ ਪ੍ਰਗਟਾਵਾ ਹੈ। ਇਨ੍ਹਾਂ ਦੇ ਕਾਫਲੇ ਵਿਚ ਹੋਰ ਵੀ ਜਥੇਦਾਰ ਸ਼ਾਮਲ ਹੋ ਰਹੇ ਹਨ ਤੇ ਬਾਦਲ ਦਲ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਇੱਕ ਸਦੀ ਦੇ ਲਗਭਗ ਉਮਰ ਹੰਢਾ ਚੁੱਕੇ ਬਾਦਲ ਅਕਾਲੀ ਦਲ ਦੀ ਅੱਜ ਦੀ ਹਾਲਤ ਇਹ ਹੈ ਕਿ ਉਸ ਦੇ ਲੀਡਰ ਆਮ ਲੋਕਾਂ ਵਿੱਚ ਜਾਣ ਵੇਲੇ ਵੀ ਡਰ ਰਹੇ ਹਨ, ਕਿਉਕਿ ਉਹ ਜਦੋਂ ਵੀ ਉਹ ਕਿਸੇ ਸਮਾਗਮ ਵਿਚ ਜਾਂਦੇ ਹਨ ਤਾਂ ਸਿੱਖਾਂ ਵਲੋਂ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਨਿੱਕੇ ਘੁੰਮਣਾਂ ਦੀ ਘਟਨਾ ਇਸ ਗਲ ਦੀ ਗਵਾਹ ਹੈ ਕਿ ਬਾਦਲ ਦਲ ਦਾ ਪ੍ਰਮੁਖ ਲੀਡਰਾਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਟੇਜਾਂ 'ਤੇ ਸੰਗਤ ਨੂੰ ਸੰਬੋਧਨ ਨਾ ਕਰ ਸਕੇ। ਸੰਗਤਾਂ ਨੇ ਨਿੱਕੇ ਘੁੰਮਣਾਂ ਵਾਲੇ ਸਾਧ ਦੀ ਵੀ ਗੱਲ ਨਾ ਮੰਨੀ ਤੇ ਪੰਡਾਲ ਖਾਲੀ ਕਰਕੇ ਬਾਦਲ ਦਲ ਦਾ ਬਾਈਕਾਟ ਕਰ ਦਿੱਤਾ। ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਮੁਖੀ ਦੇ ਨਾਲ ਉਸ ਦਾ ਸਾਲਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਈ ਵਿਧਾਇਕ ਤੇ ਸਾਬਕਾ ਵਿਧਾਇਕ ਓਥੇ ਸੰਗਤਾਂ ਦੇ ਡਰ ਹੇਠ ਕਿੰਨਾ ਸਮਾਂ ਇੱਕ ਬੰਦ ਕਮਰੇ ਵਿੱਚ ਪੁਲਸ ਦੇ ਘੇਰੇ ਵਿੱਚ ਬੈਠੇ ਰਹੇ ਸਨ। ਸਟੇਜ ਤੋਂ ਸਾਧ ਵਲੋਂ ਆਵਾਜ਼ਾਂ ਪੈਂਦੀਆਂ ਸਨ ਕਿ ਆਓ ਤੁਹਾਡਾ ਸਨਮਾਨ ਕਰਨਾ ਹੈ ਤੇ ਉਹ ਕਮਰੇ ਤੋਂ ਬਾਹਰ ਨਹੀਂ ਸੀ ਨਿਕਲ ਰਹੇ। ਫਿਰ ਪੁਲਸ ਦੀ ਹੋਰ ਨਫਰੀ ਮੰਗਵਾ ਕੇ ਸਟੇਜ ਤੱਕ ਆਏ ਤੇ ਸਨਮਾਨ ਕਰਵਾ ਕੇ ਬਿਨਾਂ ਸੰਬੋਧਨ ਕੀਤੇ ਓਥੋਂ ਨਿਕਲੇ ਸਨ।
ਬਾਦਲ ਦਲ ਲਈ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਬਹੁਤ ਮਹਿੰਗੀ ਪਈ। ਹੁਣ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਨ ਲਈ ਕੋਈ ਪੰਥਕ ਸਖਸ਼ੀਅਤ ਤਿਆਰ ਨਹੀਂ। ਸੌਦਾ ਸਾਧ ਦੀ ਮਾਫੀ ਮਨਜ਼ੂਰ ਕਰਕੇ ਜੋ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਾਦਲਾਂ ਦੇ ਕਹਿਣ 'ਤੇ ਜੋ ਰਚਨਾ ਰਚੀ, ਉਹ ਬਾਦਲ ਦਲ ਲਈ ਪੁੱਠੀ ਪੈ ਗਈ। ਭਾਵੇਂ ਬਾਦਲ ਪਰਿਵਾਰ ਜਥੇਦਾਰਾਂ ਤੇ ਸਾਰੀ ਜ਼ਿੰਮੇਵਾਰੀ ਸੁੱਟ ਕੇ ਪਾਸੇ ਹੋ ਗਿਆ ਕਿ ਅਸੀਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿਚ ਦਖਲ ਅੰਦਾਜ਼ੀ ਨਹੀਂ ਕਰਦੇ, ਪਰ ਲੋਕ ਇਸ ਡਰਾਮੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਹੀ ਗੱਲ ਸੰਗਤਾਂ ਲਈ ਰੋਸ ਦਾ ਕਾਰਨ ਬਣੀ।  ਇਸ ਤੋਂ ਬਾਅਦ ਇਨ੍ਹਾਂ ਹਾਲਾਤਾਂ ਬਾਰੇ ਚਰਚਾ ਕਰਨ ਲਈ ਚੰਡੀਗੜ੍ਹ ਵਿਚ ਬਾਦਲ ਦਲ ਵਲੋਂ ਬਾਦਲਾਂ ਦੇ ਨੇੜਲੇ ਜਥੇਦਾਰਾਂ ਦੀ ਗੁਪਤ ਮੀਟਿੰਗ ਵੀ ਬੁਲਾਈ ਗਈ। ਚਰਚਾ ਇਹ ਵੀ ਚੱਲੀ ਕਿ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮਾਫੀ ਮੰਗ ਲਈ ਜਾਵੇ, ਪਰ ਇਸ ਦਾ ਹੱਲ ਅਜੇ ਵੀ ਨਹੀਂ ਨਿਕਲ ਸਕਿਆ। ਅਸਲ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਿੱਜੀ ਲਾਭਾਂ ਦੇ ਲਈ ਤੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਥਾਪਤ ਕਰਨ ਦੇ ਲਈ ਰਾਜਨੀਤੀ ਲਈ ਜੋ ਧਰਮ ਦੀ ਦੁਰਵਰਤੋਂ ਕੀਤੀ, ਉਸ ਦੇ ਨਤੀਜੇ ਅੱਜ ਬਾਦਲ ਪਰਿਵਾਰ ਭੁਗਤ ਰਿਹਾ ਹੈ। ਹੁਣ ਉਸ ਦੇ ਸਿਆਸਤ ਵਿਚ ਪੈਰ ਨਹੀਂ ਲੱਗ ਰਹੇ।
ਲੋੜ ਇਸ ਗੱਲ ਦੀ ਹੈ ਕਿ ਸਭ ਸਿਆਣੇ ਸਿੱਖ ਲੀਡਰ ਤੇ ਚਿੰਤਕ ਇਕੱਠੇ ਹੋਣ ਤੇ ਅਕਾਲੀ ਦਲ ਨੂੰ ਬਚਾਉਣ ਦੇ ਲਈ ਯੋਗਦਾਨ ਪਾਉਣ। ਹੁਣ ਅਜਿਹੇ ਅਕਾਲੀ ਦਲ ਦੀ ਸਿਰਜਣਾ ਦੀ ਲੋੜ ਹੈ, ਜੋ ਪੰਜਾਬ, ਪੰਥ ਲਈ ਸਮਰਪਿਤ ਹੋਵੇ ਤੇ ਲੋਕ ਹਿਤੂ ਹੋਵੇ।
ਰਜਿੰਦਰ ਸਿੰਘ ਪੁਰੇਵਾਲ