image caption:

ਵੈਸਟ ਇੰਡੀਜ਼ ਦੇ ਹੇਟਮੇਅਰ ਨੇ ਭਾਰਤ ਸਾਹਮਣੇ ਖੜ੍ਹਾ ਕੀਤਾ ਦੌੜਾਂ ਦਾ ਪਹਾੜ

ਨਵੀਂ ਦਿੱਲੀ: ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਗੁਹਾਟੀ ਵਿੱਚ ਖੇਡੇ ਜਾ ਰਹੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 323 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ, ਜਿਸ ਦਾ ਵੈਸਟ ਇੰਡੀਜ਼ ਨੇ ਖ਼ੂਬ ਲਾਹਾ ਚੁੱਕਿਆ।

ਵੈਸਟ ਇੰਡੀਜ਼ ਦੇ ਸ਼ਿਮਰੋਨ ਹੇਟਮੇਅਰ ਦੀ ਸ਼ਾਨਦਾਰ ਪਾਰੀ ਨਾਲ ਮਹਿਮਾਨ ਟੀਮ ਨੇ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 322 ਦੌੜਾਂ ਬਣਾਈਆਂ। ਹੇਟਮੇਅਰ ਨੇ 78 ਗੇਂਦਾਂ ਵਿੱਚ ਤੇਜ਼ ਤਰਾਰ 106 ਦੌੜਾਂ ਬਣਾਈਆਂ। ਹਾਲਾਂਕਿ, ਵੈਸਟ ਇੰਡੀਜ਼ ਦੀ ਸ਼ੁਰੂਆਤ ਮਾੜੀ ਰਹੀ ਪਰ ਬਾਅਦ ਵਿੱਚ ਹੇਟਮੇਅਰ ਤੋਂ ਇਲਾਵਾ ਰੋਵਮਨ ਪੌਵੇਲ ਨੇ 5ਵੀਂ ਤੇ 6ਵੀਂ ਵਿਕਟ ਦੌਰਾਨ ਕ੍ਰਮਵਾਰ 74 ਤੇ 60 ਦੌੜਾਂ ਦੀ ਸਾਂਝੇਦਾਰੀ ਨਿਭਾਈ।

ਭਾਰਤ ਦੇ ਗੇਂਦਬਾਜ਼ ਮੁਹੰਮਦ ਸ਼ਮੀ 81 ਦੌੜਾਂ ਦਾ ਜ਼ਰੂਰ ਦਿੱਤੀਆਂ ਪਰ ਨਾਲ ਹੀ ਦੋ ਵਿਕਟਾਂ ਵੀ ਝਟਕਾਈਆਂ। ਯਜੁਵੇਂਦਰ ਚਹਿਲ ਨੇ ਸਭ ਤੋਂ ਘੱਟ 41 ਦੌੜਾਂ ਦੇ ਕੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੇ 66 ਰਨ ਦੇ ਕੇ ਦੋ ਜਦਕਿ ਖਲੀਲ ਅਹਿਮਦ ਨੇ 64 ਦੌੜਾਂ ਦੇ ਕੇ ਇੱਕ ਖਿਡਾਰੀ ਨੂੰ ਆਊਟ ਕੀਤਾ। ਉਮੇਸ਼ ਯਾਦਵ ਨੇ 64 ਦੌੜਾਂ ਦੇ ਕੇ ਕੋਈ ਸਫ਼ਲਤਾ ਨਾ ਹਾਸਲ ਕਰਨ ਕਾਰਨ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ। ਹੁਣ ਮੈਚ ਜਿੱਤਣ ਦਾ ਸਾਰਾ ਦਾਰੋਮਦਾਰ ਭਾਰਤੀ ਬੱਲੇਬਾਜ਼ਾਂ 'ਤੇ ਹੈ।