image caption:

ਬਰਤਾਨੀਆ ਨੇ ਦਿੱਤੇ ਬ੍ਰੈਗਜ਼ਿਟ ਪ੍ਰਸਤਾਵ 'ਚ ਸੋਧ ਦੇ ਸੰਕੇਤ

ਲੰਡਨ -  ਬਰਤਾਨੀਆ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਰਪੀ ਯੂਨੀਅਨ (ਈਯੂ) ਨਾਲ ਸਮਝੌਤੇ ਦੇ ਆਪਣੇ ਤਾਜ਼ਾ ਪ੍ਰਸਤਾਵ 'ਚ ਬਦਲਾਅ ਕਰ ਸਕਦਾ ਹੈ। ਬਦਲਾਅ 'ਚ ਉੱਤਰੀ ਆਇਰਲੈਂਡ ਲਈ ਜ਼ਿਆਦਾ ਸਹੂਲਤਾਂ ਦਾ ਪ੍ਰਸਤਾਵ ਹੋ ਸਕਦਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਰਪੀ ਆਗੂਆਂ ਦੇ ਦਬਾਅ ਤੇ ਆਇਰਲੈਂਡ ਦੇ ਆਗੂਆਂ ਦੇ ਅਸੰਤੋਸ਼ ਨੂੰ ਵੇਖਦਿਆਂ ਪ੍ਰਸਤਾਵ 'ਚ ਬਦਲਾਅ ਦਾ ਇਹ ਸੰਕੇਤ ਦਿੱਤਾ ਹੈ।

ਬਰਤਾਨੀਆ ਦੇ ਬ੍ਰੈਗਜ਼ਿਟ ਮਾਮਲਿਆਂ ਦੇ ਮੰਤਰੀ ਸਟੀਫਨ ਬਰਕਲੇ ਨੇ ਕਿਹਾ, ਇਸੇ ਹਫ਼ਤੇ ਯੂਰਪੀ ਯੂਨੀਅਨ ਨੂੰ ਦਿੱਤਾ ਸਮਝੌਤਾ ਪ੍ਰਸਤਾਵ ਵਿਆਪਕ ਜ਼ਮੀਨੀ ਹਾਲਾਤ ਧਿਆਨ 'ਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਬੇਨਤੀ ਕੀਤੀ ਕਿ ਈਯੂ 31 ਅਕਤੂਬਰ ਨੂੰ ਬ੍ਰੈਗਜ਼ਿਟ ਦੀ ਪ੍ਰਸਤਾਵਿਤ ਤਰੀਕ ਦੇ ਮੱਦੇਨਜ਼ਰ ਤਾਜ਼ਾ ਪ੍ਰਸਤਾਵ 'ਤੇ ਸਕਾਰਾਤਮਕ ਤੇ ਲਚੀਲੇਪਨ ਨਾਲ ਫ਼ੈਸਲਾ ਲਵੇ। ਜੌਨਸਨ ਨੇ 31 ਅਕਤੂਬਰ ਨੂੰ ਯੂਰਪੀ ਯੂਨੀਅਨ ਤੋਂ ਬਰਤਾਨੀਆ ਦਾ 46 ਸਾਲ ਪੁਰਾਣਾ ਨਾਤਾ ਤੋੜਨ ਦਾ ਐਲਾਨ ਕੀਤਾ ਹੋਇਆ ਹੈ, ਬੇਸ਼ੱਕ ਹੀ ਇਹ ਬਾਸ਼ਰਤ ਹੋਵੇ ਜਾਂ ਬਿਨਾਂ ਸ਼ਰਤ।

ਬਰਕਲੇ ਨੇ ਕਿਹਾ ਕਿ ਸਰਕਾਰ 17-18 ਅਕਤੂਬਰ ਨੂੰ ਹੋਣ ਵਾਲੀ ਈਯੂ ਸਮਿਟ ਤੋਂ ਪਹਿਲਾਂ ਬ੍ਰੈਗਜ਼ਿਟ 'ਤੇ ਸੰਸਦ ਤੋਂ ਸਹਿਮਤੀ ਲੈਣ ਦੀ ਵੀ ਕੋਸ਼ਿਸ਼ ਕਰੇਗੀ। ਇਸ ਨਾਲ ਸਰਕਾਰ ਦੇ ਬੈ੍ਗਜ਼ਿਟ ਨੂੰ ਲੈ ਕੇ ਗੰਭੀਰ ਯਤਨਾਂ ਦਾ ਪਤਾ ਲੱਗੇਗਾ। ਪਰ ਈਯੂ ਆਗੂਆਂ ਨੇ ਬਰਤਾਨੀਆਂ ਦੇ ਤਾਜ਼ਾ ਪ੍ਰਸਤਾਵ 'ਤੇ ਕੁਝ ਇਤਰਾਜ਼ ਪ੍ਰਗਟਾਏ ਹਨ ਤੇ ਬੇਨਤੀ ਕੀਤੀ ਹੈ ਕਿ ਉਨ੍ਹਾਂ 'ਚ ਸੋਧ ਕੀਤੀ ਜਾਵੇ। ਬਰਤਾਨੀਆ ਦੇ ਸਮਝੌਤਾ ਪ੍ਰਸਤਾਵ 'ਤੇ ਈਯੂ 'ਚ ਵਿਚਾਰ ਵਟਾਂਦਰਾ ਜਾਰੀ ਹੈ। ਲਾਤਵੀਆ ਦੇ ਪ੍ਰਧਾਨ ਮੰਤਰੀ ਕ੍ਰਿਸਜਾਨਿਸ ਕਾਰਿੰਸ ਨੇ ਕਿਹਾ ਹੈ ਕਿ ਬਰਤਾਨੀਆ ਜੇਕਰ ਪ੍ਰਸਤਾਵ 'ਚ ਸੋਧ ਕਰਨ ਲਈ ਤਿਆਰ ਨਹੀਂ ਹੁੰਦਾ ਤਾਂ ਉਸ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ। ਸਭ ਕੁਝ ਬੋਰਿਸ ਜੌਨਸਨ 'ਤੇ ਨਿਰਭਰ ਕਰਦਾ ਹੈ, ਕਿਉਂਕਿ ਯੂਰਪੀ ਯੂਨੀਅਨ ਸ਼ੁਰੂ ਤੋਂ ਸਮਝੌਤੇ ਦੇ ਪ੍ਰਸਤਾਵ ਦੀ ਉਡੀਕ ਕਰ ਰਿਹਾ ਹੈ। ਸੂਤਰਾਂ ਮੁਤਾਬਕ ਜੌਨਸਨ ਨੇ ਤਾਜ਼ਾ ਪ੍ਰਸਤਾਵ ਦੇਣ ਦੇ ਅਗਲੇ ਦਿਨ ਤੋਂ ਹੀ ਯੂਰਪੀ ਆਗੂਆਂ ਤੋਂ ਟੈਲੀਫੋਨ 'ਤੇ ਹਮਾਇਤ ਮੰਗਣੀ ਸ਼ੁਰੂ ਕਰ ਦਿੱਤੀ ਸੀ ਪਰ ਸਮਝੌਤੇ ਨੂੰ ਲੈ ਕੇ ਉਨ੍ਹਾਂ ਨੂੰ ਹਾਲੇ ਤਕ ਠੋਸ ਭਰੋਸੇ ਨਹੀਂ ਮਿਲੇ ਹਨ। ਬ੍ਰੈਗਜ਼ਿਟ ਮਸਲੇ 'ਤੇ ਈਯੂ ਦੇ ਸਿਖਰਲੇ ਵਾਰਤਾਕਾਰ ਮਾਈਕਲ ਬਰਨੀਅਰ ਨੇ ਸ਼ਨਿਚਰਵਾਰ ਨੂੰ ਫਰਾਂਸ 'ਚ ਕਿਹਾ, ਤਾਜ਼ਾ ਪ੍ਰਸਤਾਵ ਨਾਲ ਕਿਸੇ ਸਮਝੌਤੇ 'ਤੇ ਪਹੁੰਚਣਾ ਬਹੁਤ ਮੁਸ਼ਕਲ ਹੈ।