About Us

ਪੰਜਾਬ ਟਾਈਮਜ਼ ਦਾ ਮਾਣ ਮੱਤਾ ਇਤਿਹਾਸ

ਪੰਜਾਬ ਟਾਈਮਜ਼- ਬਰਤਾਨੀਆ ਅਤੇ ਦੇਸ਼ ਵਿਦੇਸ਼ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਹਫ਼ਤਾਵਾਰ ਅਖ਼ਬਾਰ ਪੰਜਾਬ ਟਾਈਮਜ਼ (ਯੂ ਕੇ) ਨੂੰ ਇਕੱਲੇ ਬਰਤਾਨੀਆ ਵਿਚ ਹੀ ਨਹੀ ਸਗੋਂ ਸਾਰੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ । ਇਸ ਨੂੰ ‘ਪੰਜਾਬੀਆਂ ਦੀ ਆਵਾਜ਼’ ਕਿਹਾ ਜਾਂਦਾ ਹੈ । ਵਿਦੇਸ਼ ਵਿਚ ਪੰਜਾਬੀ ਪੱਤਰਕਾਰੀ ਤਕਰੀਬਨ ਅੱਧੀ ਸਦੀ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੀ ਹੈ । ਪੰਜਾਬ ਟਾਈਮਜ਼ ਯੂ ਕੇ ਵਿਚ 1965 ਤੋਂ ਛਪਦਾ ਰਿਹਾ ਹੈ । ਇਹ ਪਰਚਾ ਪੰਜਾਬ ਟਾਈਮਜ਼ ਦੇ ਸੰਸਥਾਪਕ ਸੰਪਾਦਕ ਸ: ਗੁਰਨਾਮ ਸਿੰਘ ਸਾਹਨੀ ਵੱਲੋਂ ਲੰਡਨ ਤੋਂ ਸ਼ੁਰੂ ਕੀਤਾ ਗਿਆ ਸੀ, ਬਾਅਦ ਵਿਚ ਇਹ ਪਰਚਾ ਸਾਊਥਾਲ ਆ ਗਿਆ । ਇਥੇ ਇਹਨਾਂ ਨੇ ਇਹ ਪਰਚਾ 1990 ਦੇ ਲੱਗਭਗ ਇਕ ਟਰੱਸਟ ਨੂੰ ਦੇ ਦਿੱਤਾ ਜਿਸ ਨੇ ਦੋ ਕੁ ਸਾਲ ਇਸ ਪਰਚੇ ਦੀ ਸੇਵਾ ਕੀਤੀ ਅਤੇ 1992 ਤੋਂ ਇਹ ਪਰਚਾ ਸ: ਰਾਜਿੰਦਰ ਸਿੰਘ ਪੁਰੇਵਾਲ ਦੀ ਦੇਖ ਰੇਖ ਹੇਠ ਦੇਸ਼ ਵਿਦੇਸ਼ ਦੇ ਪੰਜਾਬੀਆਂ ਦੀ ਸੇਵਾ ਕਰਦਾ ਆ ਰਿਹਾ ਹੈ । ਇਸ ਅਖਬਾਰ ਦੇ ਪਹਿਲੇ ਸੰਪਾਦਕਾਂ ਵਿਚ ਗਿਆਨੀ ਗੁਰਚਰਨ ਸਿੰਘ ਦਾ ਨਾਂ ਵਰਣਨਯੋਗ ਹੈ । ਉਹਨਾਂ ਪਿੱਛੋਂ ਅਵਿਨਾਸ਼ ਆਜ਼ਾਦ ਨੇ ਕਾਫ਼ੀ ਸਮਾਂ ਸੰਪਾਦਕ ਵਜੋਂ ਸੇਵਾ ਨਿਭਾਈ । ਉਹਨਾਂ ਪਿੱਛੋਂ ਡਾ: ਦਲਜੀਤ ਸਿੰਘ ਵਿਰਕ ਨੇ ਸੰਪਾਦਕ ਦੀ ਸੇਵਾ ਨਿਭਾਈ । ਇਹਨਾਂ ਦੇ ਇਲਾਵਾ ਇਸ ਦੇ ਨਿਊਜ਼ ਐਡੀਟਰਾਂ ਵਜੋਂ ਡਾ: ਗੁਰਦੀਪ ਸਿੰਘ ਜਗਬੀਰ ਅਤੇ ਸ: ਹਰਜਿੰਦਰ ਸਿੰਘ ਮੰਡੇਰ ਨੇ ਵੀ ਸੇਵਾ ਨਿਭਾਈ ।

ਇਸ ਦੇ ਨਾਲ ਹੀ ਮਾਸਿਕ ਰਸਾਲਾ ਪ੍ਰਦੇਸਣ ਵੀ ਇਸ ਅਦਾਰੇ ਦੀ ਦੇਖ ਰੇਖ ਹੇਠ ਆ ਗਿਆ । ‘ਦੇਸ ਪੰਜਾਬ’ ਨਾਂ ਦਾ ਮਾਸਿਕ ਪਰਚਾ ਵੀ ਇਸ ਅਦਾਰੇ ਵੱਲੋਂ ਕੁਝ ਸਮਾਂ ਕੱਢਿਆ ਗਿਆ । ਪੰਜਾਬ ਟਾਈਮਜ਼ ਹਫ਼ਤੇ ਵਿਚ ਦੋ ਵਾਰ ਵੀ ਛਾਪਿਆ ਗਿਆ । ਹੁਣ ਇਸ ਸਮੇਂ ਪੰਜਾਬ ਟਾਈਮਜ਼ ਦੇ ਤਿੰਨ ਐਡੀਸ਼ਨ ਛਪਦੇ ਹਨ ।

  • ਪੰਜਾਬ ਟਾਈਮਜ਼ ਜਿਹੜਾ ਕਿ ਯੂ ਕੇ ਵਿਚ ਨਿਊਜ਼ ਏਜੰਟ ਤੇ ਗਰੌਸਰੀ ਦੁਕਾਨਾਂ ਤੋਂ 1 ਪੌਂਡ ਦਾ ਮਿਲਦਾ ਹੈ ।
  • ਮੈਗਜ਼ੀਨ ਤੇ ਐਡਵਰਟਾਈਜ਼ਮੈਂਟ ਐਡੀਸ਼ਨ – ਇਹ ਪਰਚਾ ਗੁਰਦੁਆਰਾ ਸਾਹਿਬਾਂ, ਕਮਿਊਨਿਟੀ ਸੈਂਟਰਾਂ ਅਤੇ ਮਠਿਆਈ ਦੀਆਂ ਦੁਕਾਨਾਂ ਤੋਂ ਮੁਫ਼ਤ ਮਿਲਦਾ ਹੈ ।
  • ਆਨ ਲਾਈਨ – ਤੀਜਾ ਐਡੀਜ਼ਨ ਰੋਜ਼ਾਨਾ ਅੱਪ ਲੋਡ ਕੀਤਾ ਜਾਂਦਾ ਹੈ ।

ਇਹ ਪਰਚਾ ਬੇਸ਼ੱਕ 1965 ਤੋਂ ਸੇਵਾ ਕਰ ਰਿਹਾ ਹੈ, ਫਿਰ ਵੀ ਹੋਰ ਦੂਸਰੇ ਕੌਮੀ ਤੇ ਕੌਮਾਂਤਰੀ ਅਖਬਾਰਾਂ ਦੇ ਨਾਲ ਮੁਕਾਬਲਾ ਕਰਨ ਦੇ ਸਮੱਰਥ ਹੈ ਅਤੇ ਕਈ ਖੇਤਰਾਂ ਵਿਚ ਕੌਮਾਂਤਰੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ । ਇਸ ਗੱਲ ਦੀ ਇਕ ਜਿਊਂਦੀ ਜਾਗਦੀ ਉਦਾਹਰਣ ਪੰਜਾਬ ਟਾਈਮਜ਼ ਦੀ ਵੈਬਸਾਈਟ ਦਾ ਰੋਜ਼ਾਨਾ ਐਡੀਸ਼ਨ ਹੈ ਜੋ ਕਵਰੇਜ਼ ਅਤੇ ਸਜਧਜ ਦੇ ਮਾਮਲੇ ਵਿਚ ਕਿਸੇ ਵੀ ਅਖ਼ਬਾਰ ਦਾ ਹਰ ਪੱਖੋ ਮੁਕਾਬਲਾ ਕਰਦਾ ਹੈ । ਵਿਦੇਸ਼ਾਂ ਵਿਚ ਪੰਜਾਬ ਟਾਈਮਜ਼ ਯੂ ਕੇ ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਬਾਹਰੀ ਗੱਲ ਨਹੀਂ ਹੋਵੇਗੀ । ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜਤਾ ਨਾਲ ਸ: ਰਾਜਿੰਦਰ ਸਿੰਘ ਪੁਰੇਵਾਲ ਇਸ ਅਖ਼ਬਾਰ ਨੂੰ ਏਸ ਪੱਧਰ ਦਾ ਬਣਾ ਦਿੱਤਾ ਹੈ, ਜਿਹੜਾ ਉਹਨਾਂ ਵਿਸ਼ਿਆਂ ਨੂੰ ਵੀ ਬਾਖੂਬੀ ਆਪਣੇ ਪਾਠਕਾਂ ਵਿਚ ਲਿਜਾਂਦਾ ਹੈ, ਜਿਹਨਾਂ ਨੂੰ ਕਈ ਵਾਰ ਵੱਡੇ ਕੌਮੀ ਅਖ਼ਬਾਰ ਵੀ ਅੱਖੋਂ ਪਰੋਖੇ ਕਰ ਦਿੰਦੇ ਹਨ ।

ਪੰਜਾਬ ਟਾਈਮਜ਼ ਵੱਲੋਂ ਸਾਲ ਵਿਚ ਕਈ ਵਿਸ਼ੇਸ਼ ਸਪਲੀਮੈਂਟ ਛਾਪਣ ਦੀ ਪਿਰਤ ਵੀ ਹੈ, ਜਿਸ ਤਹਿਤ ਸਾਲ ਦੇ ਆਰੰਭ ਵਿਚ ਪਹਿਲੇ ਹਫ਼ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਵਿਸ਼ੇਸ਼ ਸਪਲੀਮੈਂਟ ਛਾਪਿਆ ਜਾਂਦਾ ਹੈ । ਫਰਵਰੀ ਵਿਚ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦੇ ਸਬੰਧ ਵਿਚ, ਅਪਰੈਲ ਵਿਚ ਵਿਸਾਖੀ ਮੌਕੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਪਲੀਮੈਂਟ, ਬੰਦੀਛੋੜ ਦਿਵਸ ਮੌਕੇ ਦੀਵਾਲੀ ਸਪਲੀਮੈਂਟ, ਨਵੰਬਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਸਪਲੀਮੈਂਟ ਅਤੇ ਸਾਲ ਦੇ ਆਖਰ ਵਿਚ ਕ੍ਰਿਸਮਿਸ ਤੇ ਨਵਾਂ ਸਾਲ ਵਿਸ਼ੇਸ਼ ਸਪਲੀਮੈਂਟ ਸਾਲਾਨਾ ਛਾਪੇ ਜਾਂਦੇ ਹਨ । ਇਹਨਾਂ ਦੇ ਇਲਾਵਾ ਹੋਰ ਵੀ ਕਈ ਵਾਰ ਖਾਸ ਮੌਕਿਆਂ ਤੇ ਸਪਲੀਮੈਂਟ ਛਾਪੇ ਜਾਂਦੇ ਹਨ। ਵਿਸ਼ੇਸ਼ ਸਪਲੀਮੈਂਟਾਂ ਵਿਚ ਕਾਫ਼ੀ ਸਾਰੇ ਰੰਗਦਾਰ ਸਫ਼ੇ ਪਾਏ ਜਾਂਦੇ ਹਨ ।

ਪੰਜਾਬ ਟਾਈਮਜ਼ ਦਾ ਆਪਣਾ ਇਕ ਨੈਟਵਰਕ ਹੈ ਜਿਸ ਦੇ ਨਾਲ ਇਹ ਅਖ਼ਬਾਰ ਆਨ ਲਾਈਨ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਦਾ ਹੈ । ਪੰਜਾਬ ਟਾਈਮਜ਼ ਦੇ ਸੰਪਾਦਕੀ ਪੰਨੇ ਦੇ ਨਾਲ ਨਾਲ ਅੰਗਰੇਜ਼ੀ ਵਿਚ ਇਕ ਵਿਸ਼ੇਸ਼ ਕਾਲਮ (ਨਿਊਜ਼ ਐਂਡ ਵਿਊਜ਼) ਜੋ ਸਿੱਖਾਂ ਦੇ ਅਤੇ ਦੁਨੀਆ ਭਰ ਦੇ ਅਹਿਮ ਮਸਲਿਆਂ ਨੂੰ ਅੰਗਰੇਜ਼ੀ ਵਿਚ ਪਾਠਕਾਂ ਦੀ ਨਜ਼ਰ ਕਰਦਾ ਹੈ । ਇਸ ਕਾਲਮ ਦੇ ਕਰਤਾ ਪ੍ਰਿੰਸੀਪਲ ਗੁਰਮੁਖ ਸਿੰਘ ਵੱਲੋਂ ਅੱਜਕਲ੍ ਇਕ ਹੋਰ ਅੰਗਰੇਜ਼ੀ ਕਾਲਮ ਐਂਗਲੋ ਸਿੱਖ ਵਾਰ ਅਤੇ ਪਹਿਲੇ ਵਿਸ਼ਵ ਯੁੱਧ ਦੇ ਸਬੰਧ ਵਿਚ ਚੱਲ ਰਿਹਾ ਹੈ ।

ਪੰਜਾਬ ਟਾਈਮਜ਼ ਯੂ ਕੇ ਨੂੰ ਆਪਣੇ ਸੁਯੋਗ ਪਾਠਕਾਂ ਦੇ ਸਮਰਥਨ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਯੂ ਕੇ ਤੇ ਯੂਰਪ ਵਿਚ ਮੁੱਖ ਬੁਲਾਰਾ ਬਣਨ ਦਾ ਮਾਣ ਹਾਸਲ ਹੋਇਆ ਹੈ। ਪੰਜਾਬ ਟਾਈਮਜ਼ ਯੂ ਕੇ ਵੱਖ-ਵੱਖ ਮੌਕਿਆਂ ‘ਤੇ ਸਦਾ ਸਮੂਹ ਪੰਜਾਬੀਆਂ ਨਾਲ ਡਟ ਕੇ ਖਲੋਇਆ ਹੈ।

Contact Us:
Email: panjabtimes@gmail.com
Facebook: www.fb.com/punjabtimesuk Follow us on social media for daily updates.