ਵਿਵਾਦਾਂ ਤੋਂ ਬਾਅਦ ਨਵੇਂ ਅੰਦਾਜ਼ 'ਚ Badshah ਦਾ ਨਵਾਂ ਗੀਤ ਰਿਲੀਜ਼

ਭਾਰਤੀ ਰੈਪਰ ਬਾਦਸ਼ਾਹ ਨੇ ਆਪਣਾ ਨਵਾਂ ਗੀਤ 'ਟਟੀਰੀ ਫਿਰ ਸੇ' (Tateeree Phir Se) ਰਿਲੀਜ਼ ਕਰ ਦਿੱਤਾ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਬਟੋਰ ਰਿਹਾ ਹੈ। ਦੋ ਮਿੰਟ 40 ਸੈਕਿੰਡ ਦਾ ਇਹ ਗੀਤ ਹਰਿਆਣਾ ਦੀ ਸੱਭਿਆਚਾਰਕ ਊਰਜਾ ਅਤੇ ਆਧੁਨਿਕ ਹਿੱਪ-ਹੌਪ ਦਾ ਸੁਮੇਲ ਹੈ, ਜਿਸ ਵਿੱਚ ਹਰਿਆਣਾ ਦੀ ਮੁੱਕੇਬਾਜ਼ੀ ਚੈਂਪੀਅਨ ਸਿਮਰਨ ਜਗਲਾਨ ਵੀ ਨਜ਼ਰ ਆ ਰਹੀ ਹੈ।
ਪ੍ਰਸ਼ੰਸਕਾਂ ਵੱਲੋਂ ਇਸ ਨੂੰ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ, ਜਿੱਥੇ ਕੁਝ ਯੂਜ਼ਰਸ ਨੇ ਲਿਖਿਆ, "ਮੁਸ਼ਕਿਲ ਵਕਤ ਹਮ ਫੈਨ ਕੇ ਲੀਏ ਭੀ ਥਾ" ਅਤੇ ਕਈਆਂ ਨੇ ਇਸ ਨੂੰ ਸਾਲ ਦਾ ਸਭ ਤੋਂ ਵੱਡਾ ਪਾਰਟੀ ਟਰੈਕ ਦੱਸਿਆ ਹੈ। ਰਿਲੀਜ਼ ਦੇ ਮਹਿਜ਼ ਤਿੰਨ ਘੰਟਿਆਂ ਵਿੱਚ ਹੀ ਇਸ ਨੇ ਯੂਟਿਊਬ 'ਤੇ 50,000 ਤੋਂ ਵੱਧ ਵਿਊਜ਼ ਪਾਰ ਕਰ ਲਏ ਹਨ।
ਜ਼ਿਕਰਯੋਗ ਹੈ ਕਿ ਬਾਦਸ਼ਾਹ ਨੂੰ ਇਹ ਗੀਤ ਦੁਬਾਰਾ ਬਣਾਉਣਾ ਪਿਆ ਕਿਉਂਕਿ ਉਸ ਦਾ ਪਿਛਲਾ ਗੀਤ "ਟਟੀਰੀ" ਵਿਵਾਦਾਂ ਵਿੱਚ ਘਿਰ ਗਿਆ ਸੀ। ਉਸ ਗੀਤ 'ਤੇ ਔਰਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਅਤੇ ਨਾਬਾਲਗਾਂ ਦੇ ਜਿਨਸੀਕਰਨ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਪੁਲੀਸ ਕੇਸ ਅਤੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਵੱਲੋਂ ਸੰਮਨ ਵੀ ਜਾਰੀ ਕੀਤੇ ਗਏ ਸਨ। ਸਕੂਲੀ ਕੁੜੀਆਂ ਦੇ ਬੱਸ ਵਿੱਚ ਨੱਚਣ ਵਾਲੇ ਦ੍ਰਿਸ਼ਾਂ ਦੀ ਸਖ਼ਤ ਨਿਖੇਧੀ ਹੋਈ ਸੀ, ਜਿਸ ਤੋਂ ਬਾਅਦ ਬਾਦਸ਼ਾਹ ਨੇ ਮੁਆਫੀ ਮੰਗੀ ਅਤੇ ਗੀਤ ਨੂੰ ਅਧਿਕਾਰਤ ਚੈਨਲਾਂ ਤੋਂ ਹਟਾ ਦਿੱਤਾ ਸੀ। ਹੁਣ ਨਵੇਂ ਸੰਸਕਰਣ ਦੇ ਨਾਲ ਬਾਦਸ਼ਾਹ ਨੇ ਮੁੜ ਵਾਪਸੀ ਕੀਤੀ ਹੈ।