Diljit Dosanjh ਦੇ ਇੱਕ ਟੂਰ ਨੇ ਦਿੱਤਾ 1.2 ਲੱਖ ਲੋਕਾਂ ਨੂੰ ਰੁਜ਼ਗਾਰ ! ਸਰਕਾਰ ਦੇ ਖਜ਼ਾਨੇ ’ਚ 114 ਕਰੋੜ ਦਾ ਟੈਕਸ

ਤੁਸੀਂ Diljit Dosanjh ਦੇ ਗਾਣਿਆਂ 'ਤੇ ਲੋਕਾਂ ਨੂੰ ਨੱਚਦੇ ਤਾਂ ਬਹੁਤ ਦੇਖਿਆ ਹੋਵੇਗਾ ਪਰ ਇਸ ਨੇ ਅਰਥਵਿਵਸਥਾ ਵਿੱਚ ਵੀ ਭਰਵਾਂ ਯੋਗਦਾਨ ਪਾਇਆ ਹੈ। EY ਦੀ ਤਾਜ਼ਾ ਰਿਪੋਰਟ ਮੁਤਾਬਿਕ ਦਿਲ-ਲੁਮੀਨਾਟੀ ਟੂਰ ਨੇ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਕਮਾਈ ਦਾ ਉਹ ਰਿਕਾਰਡ ਬਣਾਇਆ ਹੈ, ਜਿਸ ਤੱਕ ਪਹੁੰਚਣਾ ਕਿਸੇ ਹੋਰ ਲਈ ਸੁਪਨਾ ਜਾਪਦਾ ਹੈ। ਪੂਰੇ 943 ਕਰੋੜ ਰੁਪਏ! ਇਸ ਟੂਰ ਨੇ ਇਕੱਲੇ ਟੈਕਸ ਦੇ ਰੂਪ ਵਿੱਚ ਸਰਕਾਰ ਦੇ ਖਜ਼ਾਨੇ ਵਿੱਚ 114 ਕਰੋੜ ਰੁਪਏ ਜਮ੍ਹਾ ਕਰਵਾਏ ਹਨ।

ਇਸ ਵਿੱਚ 111 ਕਰੋੜ ਰੁਪਏ ਦਾ GST ਅਤੇ ਬਾਕੀ ਲੋਕਲ ਪਰਮਿਸ਼ਨ ਫੀਸਾਂ ਸ਼ਾਮਲ ਹਨ। ਮਤਲਬ ਕਿ ਦਿਲਜੀਤ ਸਿਰਫ਼ ਮਨੋਰੰਜਨ ਨਹੀਂ ਕਰ ਰਿਹਾ, ਸਗੋਂ ਦੇਸ਼ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਜਿੱਥੇ Diljit Dosanjh ਜਾਂਦਾ ਹੈ, ਉੱਥੇ ਰੌਣਕਾਂ ਦੇ ਨਾਲ-ਨਾਲ ਪੈਸੇ ਦੀ ਬਾਰਿਸ਼ ਵੀ ਹੁੰਦੀ ਹੈ ! ਸਿਰਫ਼ ਟੈਕਸ ਹੀ ਨਹੀਂ, ਇਸ ਟੂਰ ਨੇ 1.2 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਸਟੇਜ ਬਣਾਉਣ ਵਾਲਿਆਂ ਤੋਂ ਲੈ ਕੇ ਸੁਰੱਖਿਆ ਗਾਰਡਾਂ ਅਤੇ ਸਥਾਨਕ ਹੋਟਲਾਂ ਤੱਕ, ਸਭ ਦੀ ਚਾਂਦੀ ਹੋ ਗਈ।