12 ਮਈ 1710 ਨੂੰ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਵਜੀਦ ਖ਼ਾਨ ਨੂੰ ਮਾਰਕੇ ਸਰਹੰਦ ਉੱਤੇ ਖ਼ਾਲਸਈ ਨਿਸ਼ਾਨ ਝੁਲਾ ਦਿੱਤਾ ਸੀ ।, 27 ਮਈ 1710 ਨੂੰ ਦਰਬਾਰੇ-ਖ਼ਾਲਸਾ ਦੀ ਪਹਿਲੀ ਸੰਸਦ ਰਾਹੀਂ ਖ਼ਾਲਸੇ ਨੇ ਵਿਸ਼ਵ ਵਿੱਚ ਪਹਿਲੇ ਲੋਕਤੰਤਰੀ ਗਣਰਾਜ ਦੀ ਨੀਂਹ ਰੱਖੀ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਸਰਹੰਦ ਦੇ ਸੂਬੇਦਾਰ ਵਜੀਦ ਖ਼ਾਨ ਦੀਆਂ ਫ਼ੌਜਾਂ ਨਾਲ ਬੰਦਾ ਸਿੰਘ ਬਹਾਦਰ ਦੀ ਜਰਨੈਲੀ ਹੇਠ ਖ਼ਾਲਸੇ ਨੇ ਲਹੂ-ਡੋਲ੍ਹਵੀਂ ਲੜਾਈ ਲੜੀ । ਇਸ ਲੜਾਈ ਵਿੱਚ ਸੂਬਾ ਸਰਹੰਦ ਵਜੀਦ ਖ਼ਾਨ ਮਾਰਿਆ ਗਿਆ ਅਤੇ ਖ਼ਾਲਸਾ ਪੰਥ ਦੀ ਜਿੱਤ ਹੋਈ । 14 ਮਈ 1710 ਨੂੰ ਹਿੰਦ ਉੱਤੇ ਸਦੀਆਂ ਤੋਂ ਰਾਜ ਕਰਦੀ ਆ ਰਹੀ ਮੁਗ਼ਲ ਹਕੂਮਤ ਦਾ ਬੰਦਾ ਸਿੰਘ ਬਹਾਦਰ ਨੇ ਤਖ਼ਤਾ ਉਲਟਾ ਕੇ ਖ਼ਾਲਸਾ ਰਾਜ ਸਥਾਪਿਤ ਕਰ ਲਿਆ ਸੀ । ਹੁਣ ਖ਼ਾਲਸੇ ਕੋਲ ਮੁਗ਼ਲਾਂ ਵਾਂਗ ਸਭ ਕੁਝ ਆਪਣਾ ਸੀ ਮੁਲਕ, ਤਖ਼ਤ, ਰਾਜਧਾਨੀ, ਸਿੱਕਾ, ਮੋਹਰ, ਝੰਡਾ, ਬਾਦਸ਼ਾਹ ।
ਫਰਕ ਸਿਰਫ਼ ਇੰਨਾ ਸੀ ਕਿ ਮੁਗ਼ਲਾਂ ਕੋਲ ਸਭ ਕੁਝ ਮੁਗ਼ਲ ਹਕੂਮਤ ਦੇ ਨਾਂ ਥੱਲੇ ਸੀ ਅਤੇ ਮੁਗ਼ਲ ਬਾਦਸ਼ਾਹ ਦਾ ਰਾਜ, ਸਿੱਕੇ ਅਤੇ ਮੋਹਰਾਂ ਉਨ੍ਹਾਂ ਦੇ ਨਿੱਜੀ ਨਾਉਂ ਉੱਤੇ ਚੱਲਦੇ ਸਨ, ਪਰ ਖ਼ਾਲਸੇ ਦਾ ਰਾਜਸੀ ਨੇਤਾ ਬੰਦਾ ਸਿੰਘ ਆਪਣੇ ਨਿੱਜੀ ਨਾਉਂ ਉੱਤੇ ਕੁਝ ਨਹੀਂ ਸੀ ਕਰਦਾ, ਉਹ ਰਾਜ ਦੀ ਪ੍ਰਾਪਤੀ ਸੱਚੇ ਸਾਹਿਬ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਹੋਈ ਕਹਿੰਦਾ ਹੈ ਅਤੇ ਆਪ ਦੇਗ ਅਤੇ ਤੇਗ ਰਾਹੀਂ ਕੇਵਲ ਸੇਵਾਦਾਰ ਹੈ । ਉਸ ਲਈ ਬਖ਼ਸ਼ਿਸ਼ ਗੁਰੂ ਨਾਨਕ ਦੀ ਹੈ, ਫ਼ਤਹਿ ਗੁਰੂ ਗੋਬਿੰਦ ਸਿੰਘ ਦੀ ਅਤੇ ਪਾਤਿਸ਼ਾਹੀ ਅਕਾਲ ਪੁਰਖ ਵਾਹਿਗੁਰੂ ਦੀ । ਇਹ ਸੰਸਾਰ ਦੇ ਇਤਿਹਾਸ ਵਿੱਚ ਸਿੱਖ ਇਨਕਲਾਬ ਦੀ ਅਦੁੱਤੀ ਮਿਸਾਲ ਹੈ । ਖ਼ਾਲਸੇ ਦੀ ਸ਼ਾਹੀ ਮੋਹਰ ਤੇ ਦੇਗੋ ਤੇਗੋ ਫ਼ਤਹਿ ਓ ਨੁਸਰਤਿ ਬੇ-ਦਰੰਗ, ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਦੇਗ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ ।
ਬੰਦਾ ਸਿੰਘ ਬਹਾਦਰ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਖ਼ਾਲਸਾ ਰਾਜ ਦਾ ਜੋ ਮਾਡਲ ਪੇਸ਼ ਕੀਤਾ ਸੀ, ਉਹ ਦੁਨੀਆਂ ਦੇ ਪੂਰੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੇ ਵਾਪਰਿਆ ਤੇ ਨਾ ਹੀ ਬਾਅਦ ਵਿੱਚ ਵਾਪਰਿਆ । 27 ਮਈ 1710 ਨੂੰ ਦਰਬਾਰੇ-ਖ਼ਾਲਸਾ ਦੀ ਪਹਿਲੀ ਸੰਸਦ ਰਾਹੀਂ ਵਿਸ਼ਵ ਵਿੱਚ ਪਹਿਲੇ ਲੋਕਤੰਤਰੀ ਗਣਰਾਜ ਦੀ ਨੀਂਹ ਰੱਖੀ ਗਈ । 
ਨਾਨਕਿ ਰਾਜੁ ਚਲਾਇਆ ਸਭੁ ਕੋਟੁ ਸਤਾਣੀ ਨੀਵਦੈ ਅਤੇ 
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥
ਦੇ ਗੁਰ-ਉਪਦੇਸ਼ ਨੂੰ ਖ਼ਾਲਸੇ ਅਮਲੀ ਜਾਮਾ ਪਹਿਨਾਇਆ । ਇਹ ਭਾਰਤੀ ਉਪਮਹਾਂਦੀਪ ਵਿੱਚੋਂ ਨਹੀਂ ਸਗੋਂ ਸੰਪੂਰਨ ਏਸ਼ੀਆ ਤੋਂ ਵੀ ਅੱਗੇ ਸੰਸਾਰ ਭਰ ਵਿੱਚ ਅਕਾਲ ਨਸਲੀ ਮਨੁੱਖ ਹਿਤ ਪਹਿਲੇ ਲੋਕਤੰਤਰੀ ਗਣਰਾਜ ਦੇ ਵਾਸਤਵਿਕ ਪ੍ਰਗਟਾਅ ਦਾ ਹਕੀਕੀ ਅਰੰਭ ਸੀ । ਦੁਨੀਆਂ ਵਿੱਚ ਜਿਥੇ ਇਹ ਸਭ ਕੁਝ ਪ੍ਰਗਟ ਹੋਇਆ ਉਥੇ ਇਹ ਚਮਤਕਾਰੀ ਅਮਲ ਬਰਾਬਰਤਾ ਦੇ ਅਧਾਰ &lsquoਤੇ ਇਕ ਸਮਾਨ ਰੂਪ ਵਿੱਚ ਐਲਾਨ ਜਾਰੀ ਕੀਤਾ ਗਿਆ ਕਿ ਜਿਹੜਾ ਮਨੁੱਖ ਜ਼ਮੀਨ ਵਾਹੁੰਦਾ ਹੈ ਉਹ ਹੀ ਉਸ ਜ਼ਮੀਨ ਦਾ ਮਾਲਕ ਹੋਵੇਗਾ । ਇੰਜ ਨਾਗਰਿਕਾਂ ਨੂੰ ਆਪੋ ਆਪਣੀ ਜ਼ਮੀਨ ਦਾ ਅਸਲ ਮਾਲਕ ਤੇ ਆਪਣੀ ਮਿਹਨਤ ਤੇ ਉਜਰਤ ਦਾ ਹੱਕਦਾਰ ਬਣਾਇਆ ਗਿਆ । ਪੂਰੀ ਦੁਨੀਆਂ ਵਿੱਚ ਜ਼ਿੰਮੀਂਦਾਰੀ ਅਤੇ ਜਗੀਰਦਾਰੀ ਪ੍ਰਥਾ ਲਾਗੂ ਸੀ । ਬਾਬਾ ਬੰਦਾ ਸਿੰਘ ਬਹਾਦਰ ਨੇ ਦਰਬਾਰੇ-ਖ਼ਾਲਸਾ ਵਿੱਚ ਸੰਸਦੀ ਵਿਧਾਨਿਕਤਾ ਨੂੰ ਅਪਣਾਉਂਦੇ ਹੋਏ ਇਸ ਪ੍ਰਥਾ ਦਾ ਹਮੇਸ਼ਾ ਲਈ ਅੰਤ ਕਰ ਦਿੱਤਾ । ਸਰਕਾਰ-ਏ-ਖ਼ਾਲਸਾ ਦੇ ਹੁਕਮ ਰਾਹੀਂ ਰਾਜਾ ਸ਼ਾਹੀ ਅਤੇ ਤਾਨਾਸ਼ਾਹੀ ਦਾ ਖ਼ਾਤਮਾ ਕਰਕੇ ਸੰਸਦੀ ਲੋਕਤੰਤਰ ਦੀ ਸੱਤਾ ਬਹਾਲ ਕੀਤੀ । ਇਤਿਹਾਸਕਾਰ ਵਿਲੀਅਮ ਅਰਵਿਨ ਲਿਖਦਾ ਹੈ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਲੋਕਾਂ ਨੂੰ ਖ਼ਾਲਸਾ ਰਾਜ ਦੇ ਭਾਗੀਦਾਰ ਬਣਾਇਆ, ਜਿਨ੍ਹਾਂ ਨੂੰ ਹਿੰਦੂ ਧਰਮ ਵੱਲੋਂ ਸ਼ੂਦਰ ਕਹਿਕੇ ਦੁਰਕਾਰਿਆ ਜਾਂਦਾ ਸੀ - ਉਨ੍ਹਾਂ ਸ਼ੂਦਰਾਂ ਨੇ ਖੰਡੇ-ਬਾਟੇ ਦੀ ਪਹੁਲ ਛੱਕ ਕੇ ਮੁਗ਼ਲੀਆ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ।
1711 ਦੇ ਸਾਲ ਵਿੱਚ ਬੰਦਾ ਸਿੰਘ ਬਹਾਦਰ ਨੇ ਸਾਰੀਆਂ ਪਹਾੜੀ ਰਿਆਸਤਾਂ ਅਤੇ ਰਾਵੀ-ਬਿਆਸ ਦਰਿਆਵਾਂ ਦੇ ਮੈਦਾਨੀ ਇਲਾਕੇ ਵਿੱਚ ਪੂਰੀ ਤਰ੍ਹਾਂ ਖ਼ਾਲਸਾ ਰਾਜ ਸਥਾਪਤ ਕਰ ਲਿਆ ਸੀ । 1711 ਦੀ ਤਰ੍ਹਾਂ 1712 ਸਾਲ ਵੀ ਖ਼ਾਲਸੇ ਦਾ ਸਾਲ ਸੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਰਾਵੀ ਤੋਂ ਲੈ ਕੇ ਜਮਨਾ ਤੱਕ ਦੇ ਖੇਤਰ ਉੱਪਰ ਵੀ ਖ਼ਾਲਸੇ ਦਾ ਹੀ ਰਾਜ ਸੀ । ਦਿਨ ਰਾਤ ਖ਼ਾਲਸੇ ਦੇ ਜੈਕਾਰੇ ਗੂੰਜਦੇ ਸਨ । ਦੂਜੇ ਪਾਸੇ 1712 ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਲਈ ਬੜਾ ਸੰਕਟਮਈ ਸਮਾਂ ਸੀ । ਉਸ ਨੂੰ ਲਗਾਤਾਰ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਭੇਜੀਆਂ ਗਈਆਂ ਮੁਹਿੰਮਾਂ ਦੀ ਅਸਫਲਤਾਵਾਂ ਦੀਆਂ ਖ਼ਬਰਾਂ ਮਿਲ ਰਹੀਆਂ ਸਨ ।
ਦਿੱਲੀ ਦਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਦੀ ਯੁੱਧਨੀਤੀ ਤੋਂ ਇੰਨਾ ਭੈ-ਭੀਤ ਹੋ ਗਿਆ ਤੇ ਇੰਨਾ ਡਰ ਗਿਆ ਕਿ ਕਿਤੇ ਦਾੜ੍ਹੀ ਵਾਲੇ ਹਿੰਦੂਆਂ ਵਿੱਚ ਕੋਈ ਸਿੱਖ ਹੀ ਨਾ ਹੋਵੇ, ਜੋ ਬੰਦਾ ਸਿੰਘ ਬਹਾਦਰ ਲਈ ਸੂਹੀਏ ਦਾ ਕੰਮ ਕਰਦਾ ਹੋਵੇ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬਾਦਸ਼ਾਹੀ ਦਫ਼ਤਰਾਂ ਵਿੱਚ ਜਿੰਨੇ ਭੀ ਹਿੰਦੂ ਪੇਸ਼ਕਾਰ ਨੌਕਰ ਸਨ, ਉਹ ਆਪਣੀਆਂ ਦਾੜ੍ਹੀਆਂ ਮੁੰਨਵਾ ਦੇਣ ਤਾਂ ਕਿ ਹਿੰਦੂ-ਸਿੱਖ ਦੇ ਫਰਕ ਦਾ ਪਤਾ ਲੱਗਦਾ ਰਹੇ ।
ਭਾਵੇਂ ਉਸ ਦੇ ਬਾਦਸ਼ਾਹੀ ਦਫ਼ਤਰ ਵਿੱਚ ਕੋਈ ਸਿੱਖ ਹੈ ਹੀ ਨਹੀਂ ਸੀ ਫਿਰ ਵੀ ਹਿੰਦੂ ਦੀਵਾਨਾਂ ਅਤੇ ਪੇਸ਼ਕਾਰਾਂ ਨੇ ਇਸ ਹੁਕਮ ਦੀ ਤੁਰੰਤ ਪਾਲਣਾ ਕਰਦੇ ਹੋਏ ਤੁਰੰਤ ਦਾੜ੍ਹੀਆਂ ਮੁਨਾ ਦਿੱਤੀਆਂ । ਜਿਸ ਤੋਂ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਇਨ੍ਹਾਂ ਨੂੰ ਖਿੱਲਤਾ ਬਖ਼ਸ਼ੀਆਂ । ਹੋਰ ਬਹਾਦਰਸ਼ਾਹ ਦਿਨ ਪਰ ਦਿਨ ਬੰਦਾ ਸਿੰਘ ਬਹਾਦਰ ਦੇ ਖ਼ੌਫ਼ ਨਾਲ ਬੇਚੈਨ ਰਹਿਣ ਲੱਗ ਪਿਆ ਤੇ ਅੰਤ ਵਿੱਚ ਇੰਨਾ ਬੇਜ਼ਾਰ ਹੋ ਗਿਆ ਕਿ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਤੇ ਸਿੱਟੇ ਵਜੋਂ ਬਹਾਦਰਸ਼ਾਹ ਪਾਗਲ ਹੋ ਗਿਆ । ਸੈਨਿਕ ਜਰਨੈਲਾਂ ਅਤੇ ਰਾਜ ਦਰਬਾਰੀਆਂ ਦੀਆਂ ਨਿਗਾਹਾਂ ਕਾਂ ਵਾਂਗ ਬਾਦਸ਼ਾਹ ਵੱਲ ਲੱਗੀਆਂ ਹੋਈਆਂ ਸਨ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਪਾਸ ਇੰਨੀ ਤਾਕਤ ਸੀ ਕਿ ਉਹ ਮੁਗ਼ਲਸ਼ਾਹੀ ਦੀ ਡਾਵਾਂਡੋਲ ਹਾਲਤ ਦਾ ਫਾਇਦਾ ਉਠਾਉਣ ਲਈ ਆਪਣੀ ਪੂਰੀ ਤਾਕਤ ਨਾਲ ਪਹਾੜਾਂ ਉੱਤੋਂ ਉੱਤਰ ਕੇ ਮੈਦਾਨੀ ਇਲਾਕਿਆਂ ਵਿੱਚ ਆ ਗਿਆ ਸੀ । ਜਨਵਰੀ-ਫ਼ਰਵਰੀ ਦੇ ਦੋਵੇਂ ਮਹੀਨੇ ਸਾਰੀ ਮੁਗ਼ਲਸ਼ਾਹੀ ਬਾਦਸ਼ਾਹ ਦੇ ਆਲੇ ਦੁਆਲੇ ਕੇਂਦਰਿਤ ਹੋਈ ਰਹੀ ਤੇ ਅਖ਼ੀਰ 27-28 ਫ਼ਰਵਰੀ, 1712 ਦੀ ਵਿੱਚਕਾਰਲੀ ਰਾਤ ਨੂੰ ਬਾਦਸ਼ਾਹ ਮਰ ਗਿਆ ਸੀ । ਇਹੀ ਸਮਾਂ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਤੋਂ ਤੂਫ਼ਾਨ ਵਾਂਗ ਮੈਦਾਨਾਂ ਵਿੱਚ ਆ ਕੇ ਪੰਜਾਬ ਵਿੱਚ ਆਪਣੇ ਅਫ਼ਸਰ ਤਾਇਨਾਤ ਕਰ ਦਿੱਤੇ । ਉਹ ਫਿਰ ਤੋਂ ਲੋਹਗੜ੍ਹ ਦੇ ਕਿਲੇ੍ਹ ਵਿੱਚ ਆ ਗਿਆ ਸੀ । ਫਿਰ ਤੋਂ ਕਿਲ੍ਹੇ ਦੀ ਤਾਮੀਰ ਕਰਵਾਈ ਗਈ, ਖ਼ਾਲਸੇ ਦੇ ਸਿੱਕੇ ਤੇ ਮੋਹਰਾਂ ਜਾਰੀ ਰੱਖੀਆਂ । ਕਲਾਨੌਰ, ਬਟਾਲਾ ਅਤੇ ਹੁਸ਼ਿਆਰਪੁਰ ਦਾ ਇਲਾਕਾ ਪਹਿਲੋਂ ਹੀ ਬੰਦਾ ਸਿੰਘ ਦੇ ਕਬਜ਼ੇ ਵਿੱਚ ਸੀ । ਜੇ ਇਉਂ ਕਹਿ ਲਿਆ ਜਾਵੇ ਕਿ ਰਾਵੀ-ਬਿਆਸ ਦੇ ਦਬਾਬ ਦਾ ਉਪਰਲਾ ਇਲਾਕਾ ਅਤੇ ਸਾਰੇ ਬਿਸ-ਦਬਾਬ ਸਮੇਤ ਪਹਾੜੀ ਰਿਆਸਤਾਂ ਦਾ ਅਤੇ ਸਤਲੁਜ ਤੋਂ ਜਮੁਨਾ ਤੱਕ ਦਾ ਵਿਸ਼ਾਲ ਖੇਤਰ ਖ਼ਾਲਸੇ ਦੀ ਸਲਤਨਤ ਸੀ ਤਾਂ ਵੀ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋ ਸਕਦੀ ।
ਬਹਾਦਰਸ਼ਾਹ ਬਾਦਸ਼ਾਹ ਕੀ ਮਰਿਆ ਕਿ ਉਸ ਦੇ ਚਾਰੇ ਪੁੱਤਰਾਂ ਵਿੱਚ ਤਖ਼ਤ ਪ੍ਰਾਪਤੀ ਲਈ ਜੰਗ ਛਿੜ ਪਈ । ਇਸ ਜੰਗ ਵਿੱਚ ਬਾਦਸ਼ਾਹ ਦੇ ਪੁੱਤਰ ਜਹਾਂਦਾਰ ਸ਼ਾਹ ਦੀ ਜਿੱਤ ਹੋਈ, ਪਰ ਉਹ ਅਤਿ ਦਰਜੇ ਦਾ ਸ਼ਰਾਬੀ ਅਤੇ ਵਿਭਚਾਰੀ ਸੀ । ਜੋ ਜ਼ਿਆਦਾ ਦੇਰ ਰਾਜ ਪ੍ਰਬੰਧ ਨਾ ਚਲਾ ਸਕਿਆ । 31 ਜਨਵਰੀ, 1713 ਨੂੰ ਜਹਾਂਦਾਰ ਦੇ ਭਤੀਜੇ ਫਰੁਖ਼ਸੀਅਰ ਨੇ ਜਹਾਂਦਾਰ ਨੂੰ ਕਤਲ ਕਰਵਾ ਦਿੱਤਾ ਤੇ ਫਰੁਖ਼ਸੀਅਰ ਆਪ ਦਿੱਲੀ &lsquoਤੇ ਕਾਬਜ਼ ਹੋ ਗਿਆ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਦੀਆਂ ਹੱਦਾਂ ਵਧਾਉਣ ਲਈ ਲਾਹੌਰ ਦੇ ਸੂਬੇਦਾਰ ਅਤੇ ਦਿੱਲੀ ਦੇ ਬਾਦਸ਼ਾਹ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ । ਖ਼ਾਲਸਾ ਫ਼ੌਜਾਂ ਅਤੇ ਸ਼ਾਹੀ ਸੈਨਾ ਵਿੱਚਕਾਰ ਹੋਈਆਂ ਜੰਗਾਂ ਵਿੱਚ ਮੁਗ਼ਲ ਸਾਮਰਾਜ ਦੇ ਚੋਟੀ ਦੇ 30 ਤੋਂ ਵੱਧ ਜਰਨੈਲ ਅਤੇ ਸੂਬਾ ਸਰਹੰਦ ਵਰਗੇ ਵੱਡੇ-ਵੱਡੇ ਅਹਿਲਕਾਰ ਮਾਰੇ ਜਾ ਚੁੱਕੇ ਸਨ । ਦੁਨੀਆਂ ਵਿੱਚ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਦਿੱਲੀ ਦੇ ਦੋ ਬਾਦਸ਼ਾਹ ਖ਼ਾਲਸਾ ਰਾਜ ਦੀ ਬਲੀ ਚੜ੍ਹ ਚੁੱਕੇ ਸਨ । ਫਰੁਖ਼ਸੀਅਰ ਭਾਵੇਂ ਦਿੱਲੀ ਦੇ ਤਖ਼ਤ &lsquoਤੇ ਕਾਬਜ਼ ਹੋ ਗਿਆ ਸੀ ਪਰ ਬੰਦਾ ਸਿੰਘ ਬਹਾਦਰ ਦੀ ਏਨੀ ਤਾਕਤ ਵੱਧ ਚੁੱਕੀ ਸੀ ਕਿ ਫਰੁਖ਼ਸੀਅਰ ਦਾ ਕੋਈ ਵੀ ਮੁਗ਼ਲ ਜਰਨੈਲ ਪੰਜਾਬ ਵੱਲ ਨੂੰ ਮੂੰਹ ਕਰਨ ਨੂੰ ਤਿਆਰ ਨਹੀਂ ਸੀ । ਲਾਹੌਰ ਦੇ ਸੂਬੇਦਾਰ ਨੂੰ ਤਾਂ ਫ਼ਿਕਰ ਪਿਆ ਹੋਇਆ ਸੀ ਕਿ ਖ਼ਾਲਸਾ ਫ਼ੌਜਾਂ ਕਿਤੇ ਲਾਹੌਰ ਕਾਬਜ਼ ਨਾ ਹੋ ਜਾਣ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਦਿੱਲੀ ਦੇ ਬਾਦਸ਼ਾਹ ਅਤੇ ਲਾਹੌਰ ਦੇ ਸੂਬੇਦਾਰ ਦੇ ਜ਼ੁਲਮ ਅਤੇ ਅੱਤਿਆਚਾਰ ਰੋਕਣ ਲਈ ਅਤੇ ਖ਼ਾਲਸਾ ਰਾਜ ਦੀਆਂ ਹੱਦਾਂ ਵਧਾਉਣ ਲਈ ਲੜੀ ਜਾ ਰਹੀ ਲੜਾਈ ਨੂੰ ਧਾਰਮਿਕ ਲੜਾਈ ਨਹੀਂ ਸੀ ਬਣਨ ਦਿੱਤਾ । 
ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਪੰਜ ਹਜ਼ਾਰ ਮੁਸਲਮਾਨ ਵੀ ਭਰਤੀ ਹੋ ਗਏ ਸਨ । ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਸਿਪਾਹੀਆਂ ਨੂੰ ਨਮਾਜ ਪੜ੍ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਧਾਰਮਿਕ ਰਸਮਾਂ ਇਸਲਾਮ ਮੱਤ ਅਨੁਸਾਰ ਮਨਾਉਣ ਦੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਤਨਖ਼ਾਹ ਵੀ ਮੁਗ਼ਲ ਬਾਦਸ਼ਾਹ ਨਾਲੋਂ ਜ਼ਿਆਦਾ ਦਿੰਦਾ ਸੀ । ਇਕ ਮੁਸਲਮਾਨ ਅਹਿਲਕਾਰ ਦੀਨਦਾਰ ਖਾਂ ਅੰਮ੍ਰਿਤ ਛੱਕ ਕੇ ਦੀਨਦਾਰ ਸਿੰਘ ਬਣ ਗਿਆ ਸੀ ਅਤੇ ਇਕ ਖ਼ਬਰ ਨਵੀਸ, ਨਸੀਰ ਖ਼ਾਨ ਅੰਮ੍ਰਿਤ ਛੱਕ ਕੇ ਨਸੀਰ ਸਿੰਘ ਬਣ ਗਿਆ ਸੀ । ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੇ ਮੁਬਾਰਕ ਕਮਲਾ ਤੋਂ ਖੰਡੇ ਦੀ ਪਹੁਲ ਅਤੇ ਬਖ਼ਸ਼ਿਸ਼ ਲੈ ਕੇ ਪੰਜਾਬ ਵਿੱਚ ਸਿੱਖ ਪ੍ਰਭੂਸਤਾ ਦੀ ਪਾਤਸ਼ਾਹੀ ਕਾਇਮ ਕੀਤੀ ਸੀ ।
ਵਿਸ਼ੇਸ਼ ਨੋਟ :- ਸ: ਤਰਲੋਚਨ ਸਿੰਘ ਵਿਰਕ ਹੋਰੀਂ 23 ਮਈ ਨੂੰ ਲੈਸਟਰ ਵਿਖੇ ਖਾਲਸਾ ਰਾਜ ਨੂੰ ਰੂਪਮਾਨ ਕਰਦੀ ਹੋਈ ਪ੍ਰਦਰਸ਼ਨੀ ਲਾ ਰਹੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਦਾਸ ਉਨ੍ਹਾਂ ਨੂੰ ਜਿਥੇ ਖਾਲਸਾ ਰਾਜ ਦੀ ਪ੍ਰਦਰਸ਼ਨੀ ਲਾਉਣ ਦੀ ਵਧਾਈ ਦਿੰਦਾ ਹੈ ਉਥੇ ਧੰਨਵਾਦ ਵੀ ਕਰਦਾ ਹੈ ਕਿ ਉਨ੍ਹਾਂ ਨੇ ਦਾਸ ਦਾ ਉਕਤ ਲੇਖ ਪ੍ਰਦਰਸ਼ਨੀ ਵਿੱਚ ਲਾਉਣ ਦਾ ਫੈਸਲਾ ਕੀਤਾ ਹੈ ।
ਜਥੇਦਾਰ ਮਹਿੰਦਰ ਸਿੰਘ ਖਹਿਰਾ