ਪੁਰਾਣੀ ਸਕੂਟੀ ਤੋਂ ਰਾਸ਼ਟਰੀ ਰਿਕਾਰਡ ਤੱਕ: ਪੰਜਾਬ ਦੇ ਦੌੜਾਕ ਦੀ ਪ੍ਰੇਰਕ ਕਹਾਣੀ

ਜਲੰਧਰ ਦੇ ਭੋਗਪੁਰ ਨੇੜਲੇ ਪਿੰਡ ਪਟਿਆਲ ਦੇ ਨੌਜਵਾਨ ਗੁਰਿੰਦਰਵੀਰ ਸਿੰਘ ਨੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। 25 ਸਾਲਾ ਦੌੜਾਕ ਨੇ 10.09 ਸੈਕਿੰਡ ਵਿੱਚ ਦੌੜ ਪੂਰੀ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਇਸ ਉਪਲਬਧੀ ਨਾਲ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ, ਪਰ ਇਸ ਕਾਮਯਾਬੀ ਦੇ ਪਿੱਛੇ ਇੱਕ ਪਿਤਾ ਦੀ ਲੰਬੀ ਮਿਹਨਤ, ਕੁਰਬਾਨੀ ਅਤੇ ਵਿਸ਼ਵਾਸ ਦੀ ਭਾਵੁਕ ਕਹਾਣੀ ਵੀ ਜੁੜੀ ਹੋਈ ਹੈ। ਗੁਰਿੰਦਰਵੀਰ ਦੇ ਪਿਤਾ ਕਮਲਜੀਤ ਸਿੰਘ, ਜੋ ਪੁਲੀਸ ਵਿਭਾਗ ਤੋਂ ਸੇਵਾਮੁਕਤ ਹਨ ਅਤੇ ਖੁਦ ਵੀ ਖੇਡਾਂ ਨਾਲ ਜੁੜੇ ਰਹੇ ਹਨ, ਨੇ ਆਪਣੇ ਪੁੱਤਰ ਦੀ ਕਾਬਲੀਅਤ ਨੂੰ ਬਚਪਨ ਵਿੱਚ ਹੀ ਪਛਾਣ ਲਿਆ ਸੀ। ਉਹ ਹਰ ਰੋਜ਼ ਆਪਣੇ ਪੁੱਤਰ ਨੂੰ ਪੁਰਾਣੀ ਸਕੂਟੀ &rsquoਤੇ ਮੈਦਾਨ ਲੈ ਕੇ ਜਾਂਦੇ ਰਹੇ ਤਾਂ ਜੋ ਉਸ ਦੀ ਪ੍ਰੈਕਟਿਸ ਵਿੱਚ ਕੋਈ ਰੁਕਾਵਟ ਨਾ ਆਵੇ। ਪਰਿਵਾਰ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਕਦੇ ਹੌਸਲਾ ਨਹੀਂ ਹਾਰਿਆ। ਪਿਤਾ ਦਾ ਕਹਿਣਾ ਹੈ ਕਿ ਗੁਰਿੰਦਰਵੀਰ ਬਚਪਨ ਤੋਂ ਹੀ ਬਹੁਤ ਫੁਰਤੀਲਾ ਸੀ ਅਤੇ ਉਸ ਦੀ ਦੌੜ ਵਿੱਚ ਇੱਕ ਵੱਖਰੀ ਚਮਕ ਨਜ਼ਰ ਆਉਂਦੀ ਸੀ। ਅੱਜ ਗੁਰਿੰਦਰਵੀਰ ਦੀ ਇਸ ਸਫ਼ਲਤਾ ਨਾਲ ਨਾ ਸਿਰਫ਼ ਪਰਿਵਾਰ ਸਗੋਂ ਪੂਰਾ ਪੰਜਾਬ ਮਾਣ ਮਹਿਸੂਸ ਕਰ ਰਿਹਾ ਹੈ। ਉਸ ਦੀ ਇਹ ਕਹਾਣੀ ਹਰ ਉਸ ਨੌਜਵਾਨ ਲਈ ਪ੍ਰੇਰਣਾ ਬਣੀ ਹੈ ਜੋ ਸੰਘਰਸ਼ਾਂ ਦੇ ਬਾਵਜੂਦ ਆਪਣੇ ਸੁਪਨੇ ਪੂਰੇ ਕਰਨ ਦੀ ਹਿੰਮਤ ਰੱਖਦਾ ਹੈ।