ਲੋਕਤੰਤਰ ਦੇ ਸੈਮੀਫਾਈਨਲ ਵਿੱਚ ਹਿੰਸਾ ਦੀ ਦਸਤਕ ਅਤੇ ਖ਼ਾਕੀ ਤੇ ਸਵਾਲ
ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੋਕਤੰਤਰ ਦੀ ਸਭ ਤੋਂ ਮੁੱਢਲੀ ਅਤੇ ਮਜ਼ਬੂਤ ਕੜੀ ਮੰਨਿਆ ਜਾਂਦਾ ਹੈ, ਜਿੱਥੇ ਆਮ ਲੋਕ ਆਪਣੇ ਗਲੀਆਂ-ਮਹੱਲਿਆਂ ਦੇ ਵਿਕਾਸ ਲਈ ਸਿੱਧੇ ਤੌਰ ਤੇ ਨੁਮਾਇੰਦੇ ਚੁਣਦੇ ਹਨ| ਪਰ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਦੌਰਾਨ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਚਿੰਤਾਜਨਕ ਵੀ ਹਨ ਅਤੇ ਸ਼ਰਮਨਾਕ ਵੀ| ਬਠਿੰਡਾ, ਸਮਾਣਾ, ਗਿੱਦੜਬਾਹਾ, ਮਜੀਠਾ, ਬਰਨਾਲਾ ਅਤੇ ਰਾਏਕੋਟ ਵਰਗੇ ਇਲਾਕਿਆਂ ਵਿੱਚ ਸਿਆਸੀ ਸਮਰਥਕਾਂ ਵਿਚਾਲੇ ਹੋਈਆਂ ਖੂਨੀ ਝੜਪਾਂ, ਇੱਟਾਂ-ਰੋੜੇ ਚੱਲਣੇ, ਬੂਥ ਕੈਪਚਰਿੰਗ (ਬੂਥਾਂ ਤੇ ਕਬਜ਼ੇ) ਦੇ ਇਲਜ਼ਾਮ ਅਤੇ ਉਮੀਦਵਾਰਾਂ ਤੇ ਹੋਏ ਜਾਨਲੇਵਾ ਹਮਲੇ ਇਹ ਸਾਬਤ ਕਰਦੇ ਹਨ ਕਿ ਸਾਡਾ ਸਿਆਸੀ ਮਿਆਰ ਕਿੰਨਾ ਗਿਰ ਚੁੱਕਾ ਹੈ| ਲਗਭਗ 61.5 ਫੀਸਦੀ ਅਸਥਾਈ ਵੋਟਿੰਗ ਦੱਸਦੀ ਹੈ ਕਿ ਲੋਕਾਂ ਵਿੱਚ ਲੋਕਤੰਤਰ ਪ੍ਰਤੀ ਉਤਸ਼ਾਹ ਸੀ, ਪਰ ਸਿਆਸੀ ਪਾਰਟੀਆਂ ਖਾਸ ਕਰਕੇ ਆਪ ਸਰਕਾਰ ਨੇ ਇਸ ਉਤਸ਼ਾਹ ਨੂੰ ਹਿੰਸਾ ਦੀ ਭੇਟ ਚੜ੍ਹਾਉਣ ਵਿੱਚ ਕੋਈ ਕਸਰ ਨਹੀਂ ਛੱਡੀ|
ਚੋਣਾਂ ਦੌਰਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਵਾਇਤੀ ਦੋਸ਼-ਪ੍ਰਤੀਦੋਸ਼ ਦਾ ਦੌਰ ਦੇਖਣ ਨੂੰ ਮਿਲਿਆ| ਵਿਰੋਧੀ ਧਿਰਾਂ-ਕਾਂਗਰਸ, ਅਕਾਲੀ ਦਲ ਅਤੇ ਭਾਜਪਾ-ਨੇ ਇੱਕਸੁਰ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ &rsquoਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਲਗਾਏ| ਕਾਂਗਰਸ ਵੱਲੋਂ ਰਾਏਕੋਟ ਵਿੱਚ ਆਪਣੇ ਉਮੀਦਵਾਰ ਤੇ ਹੋਏ ਹਮਲੇ ਨੂੰ ਲੈ ਕੇ ਕਾਨੂੰਨ-ਵਿਵਸਥਾ ਤੇ ਸਵਾਲ ਚੁੱਕੇ ਗਏ, ਜਦਕਿ ਅਕਾਲੀ ਦਲ ਅਤੇ ਭਾਜਪਾ ਨੇ ਵੀ ਆਪਣੇ ਆਗੂਆਂ ਅਤੇ ਵਰਕਰਾਂ ਦੇ ਜ਼ਖਮੀ ਹੋਣ &rsquoਤੇ ਸਰਕਾਰ ਦੀ ਬੁਖਲਾਹਟ ਨੂੰ ਜ਼ਿੰਮੇਵਾਰ ਠਹਿਰਾਇਆ|
ਦੂਜੇ ਪਾਸੇ, ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਵਿਰੋਧੀਆਂ ਤੇ ਹੀ ਮਾਹੌਲ ਖਰਾਬ ਕਰਨ ਦੇ ਪਲਟਵਾਰ ਕੀਤੇ| ਹਾਲਾਂਕਿ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਨਾ ਇੱਕ ਸਕਾਰਾਤਮਕ ਕਦਮ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਪ੍ਰਸ਼ਾਸਨ ਅਜਿਹੇ ਅਨਸਰਾਂ &rsquoਤੇ ਪਹਿਲਾਂ ਹੀ ਨੱਥ ਕਿਉਂ ਨਹੀਂ ਪਾਉਂਦਾ?
ਸਭ ਤੋਂ ਹੈਰਾਨੀਜਨਕ ਪਹਿਲੂ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਹੈ| ਇੱਕ ਪਾਸੇ ਜਿੱਥੇ ਕਈ ਥਾਵਾਂ ਤੇ ਦਿਨ-ਦਿਹੜੇ ਗੱਡੀਆਂ ਦੀ ਭੰਨਤੋੜ ਹੋਈ, ਸਾਬਕਾ ਵਿਧਾਇਕਾਂ ਅਤੇ ਉਮੀਦਵਾਰਾਂ ਦੇ ਸਿਰ ਪਾਟੇ ਅਤੇ ਸੀਸੀਟੀਵੀ ਤੱਕ ਤੋੜੇ ਗਏ, ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਇਹ ਬਿਆਨ ਕਿ ਚੋਣਾਂ ਸ਼ਾਂਤਮਈ ਮਾਹੌਲ ਵਿੱਚ ਹੋਈਆਂ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨਜ਼ਰ ਆਉਂਦਾ ਹੈ| ਜਦੋਂ ਤੱਕ ਪੁਲਿਸ ਪ੍ਰਸ਼ਾਸਨ ਸੱਤਾਧਾਰੀ ਧਿਰ ਦੇ ਦਬਾਅ ਤੋਂ ਮੁਕਤ ਹੋ ਕੇ ਨਿਰਪੱਖਤਾ ਨਾਲ ਕੰਮ ਨਹੀਂ ਕਰੇਗਾ, ਉਦੋਂ ਤੱਕ ਚੋਣਾਂ ਦੌਰਾਨ ਅਜਿਹੀ ਅਰਾਜਕਤਾ ਨੂੰ ਰੋਕਣਾ ਅਸੰਭਵ ਹੈ|
ਸਮਾਣਾ ਵਿਖੇ ਇੱਥੇ ਮਾਹੌਲ ਸਭ ਤੋਂ ਵੱਧ ਹਿੰਸਕ ਹੋਇਆ, ਜਿੱਥੇ ਦੋ ਧਿਰਾਂ ਵਿਚਾਲੇ ਇੱਟਾਂ-ਰੋੜੇ ਚੱਲੇ| ਭਗਦੜ ਦੌਰਾਨ ਇੱਕ ਨੌਜਵਾਨ ਤਾਰਾਂ ਵਿੱਚ ਉਲਝ ਕੇ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਪੁਲੀਸ ਨੂੰ ਸਥਿਤੀ &rsquoਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ|
ਰਾਏਕੋਟ ਵਾਰਡ ਨੰ. 4 ਵਿਚਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਹੋਇਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ|
ਬਰਨਾਲਾ ਵਿਖੇ ਭਾਜਪਾ ਉਮੀਦਵਾਰ ਦੇ ਪਤੀ ਦੀ ਪੱਗ ਉਤਾਰ ਦਿੱਤੀ ਗਈ, ਜਦਕਿ ਬਠਿੰਡਾ ਵਿੱਚ ਵੋਟਿੰਗ ਖ਼ਤਮ ਹੋਣ ਮਗਰੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਉਨ੍ਹਾਂ ਦੇ ਪੁੱਤਰ ਤੇ ਹਮਲਾ ਹੋਇਆ, ਜਿਸ ਵਿੱਚ 6 ਲੋਕ ਜ਼ਖ਼ਮੀ ਹੋਏ|
ਪੱਟੀ ਤੇ ਭਿੱਖੀਵਿੰਡ ਵਿਖੇ ਬੈਲੇਟ ਪੇਪਰ ਖੋਹਣ, ਸੀਸੀਟੀਵੀ ਕੈਮਰੇ ਤੋੜਨ ਅਤੇ ਬੂਥ ਕੈਪਚਰਿੰਗ (ਕਬਜ਼ੇ) ਦੇ ਗੰਭੀਰ ਇਲਜ਼ਾਮ ਲੱਗੇ|
ਨਗਰ ਕੌਂਸਲ ਮਜੀਠਾ ਦੇ ਵਾਰਡ ਨੰਬਰ 9 ਵਿੱਚ ਉਸ ਵੇਲੇ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਧਾਇਕਾ ਗਨੀਵ ਕੌਰ ਵੋਟ ਪਾਉਣ ਪਹੁੰਚੇ| ਉੱਥੇ ਮੌਜੂਦ ਸੱਤਾਧਾਰੀ ਆਪ ਦੇ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ| ਮਾਹੌਲ ਉਸ ਵੇਲੇ ਹੋਰ ਤਣਾਅਪੂਰਨ ਹੋ ਗਿਆ ਜਦੋਂ ਵਾਰਡ ਨੰਬਰ 6 ਵਿੱਚ ਇੱਕ ਅਕਾਲੀ ਵਰਕਰ ਦੀ ਕੁੱਟਮਾਰ ਕਰ ਕੇ ਉਸ ਦੀ ਪੱਗ ਉਤਾਰ ਦਿੱਤੀ ਗਈ| ਇਸ ਬੇਅਦਬੀ ਅਤੇ ਧੱਕੇਸ਼ਾਹੀ ਨੂੰ ਦੇਖ ਕੇ ਬਿਕਰਮ ਮਜੀਠੀਆ ਭੜਕ ਗਏ ਅਤੇ ਉਨ੍ਹਾਂ ਨੇ ਮੌਕੇ ਤੇ ਤਾਇਨਾਤ ਪੁਲੀਸ ਅਧਿਕਾਰੀਆਂ ਨੂੰ ਲਤਾੜਿਆ| ਮਜੀਠੀਆ ਦੀ ਉੱਥੇ ਮੌਜੂਦ ਐੱਸ.ਐੱਸ.ਪੀ.  ਨਾਲ ਵੀ ਤਿੱਖੀ ਬਹਿਸ ਹੋਈ, ਜਿੱਥੇ ਉਨ੍ਹਾਂ ਨੇ ਪੁਲੀਸ &rsquoਤੇ ਸੱਤਾਧਾਰੀ ਧਿਰ ਦੀ ਕਠਪੁਤਲੀ ਬਣਨ ਦੇ ਸਿੱਧੇ ਦੋਸ਼ ਲਾਏ|
ਸੰਗਰੂਰ ਜ਼ਿਲ੍ਹੇ ਦੇ ਧੂਰੀ (ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਹੈ ਅਤੇ ਭਵਾਨੀਗੜ੍ਹ ਵਿਖੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੁਲੀਸ ਪ੍ਰਸ਼ਾਸਨ ਵਿਚਾਲੇ ਸਿੱਧੀ ਟੱਕਰ ਦੇਖਣ ਨੂੰ ਮਿਲੀ| ਰਵਨੀਤ ਬਿੱਟੂ ਨੇ ਚੋਣ ਮੈਦਾਨ ਵਿੱਚ ਨਿੱਤਰ ਕੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖੁੱਲ੍ਹੇਆਮ ਆਪਣੀ ਹੱਦ ਵਿੱਚ ਰਹਿਣ ਦੀ ਚੇਤਾਵਨੀ ਦਿੱਤੀ| ਉਨ੍ਹਾਂ ਸਾਫ਼ ਕਿਹਾ ਕਿ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ ਨੂੰ ਨਤੀਜੇ ਭੁਗਤਣੇ ਪਏਗਾ|
ਇਸ ਮੌਕੇ ਪੁਲੀਸ ਪ੍ਰਸ਼ਾਸਨ ਬਿੱਟੂ ਸਾਹਮਣੇ ਭਿੱਜੀ ਬਿੱਲੀ ਬਣਿਆ ਨਜ਼ਰ ਆਇਆ| ਇਸ ਦਾ ਮੁੱਖ ਕਾਰਨ ਇਹ ਸੀ ਕਿ ਰਵਨੀਤ ਬਿੱਟੂ ਮਹਿਜ਼ ਇੱਕ ਸਥਾਨਕ ਨੇਤਾ ਨਹੀਂ, ਬਲਕਿ ਕੇਂਦਰ ਸਰਕਾਰ ਵਿੱਚ ਮੰਤਰੀ ਹਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ| ਪੁਲੀਸ ਅਧਿਕਾਰੀ ਭਲੀਭਾਂਤ ਜਾਣਦੇ ਹਨ ਕਿ ਕੇਂਦਰੀ ਮੰਤਰੀ ਨਾਲ ਸਿੱਧਾ ਪੰਗਾ ਲੈਣਾ ਜਾਂ ਉਨ੍ਹਾਂ ਦੇ ਹਲਕੇ ਵਿੱਚ ਕੋਈ ਸਖ਼ਤ ਕਾਰਵਾਈ ਕਰਨਾ ਉਨ੍ਹਾਂ ਦੇ ਆਪਣੇ ਕਰੀਅਰ ਲਈ ਭਾਰੀ ਪੈ ਸਕਦਾ ਹੈ| ਕੇਂਦਰੀ ਸੱਤਾ ਦੇ ਇਸੇ ਦਬਾਅ ਅਤੇ ਪਾਵਰ ਪੋਲੀਟਿਕਸ ਕਾਰਨ ਪੰਜਾਬ ਪੁਲੀਸ ਬਿੱਟੂ ਸਾਹਮਣੇ ਬੇਵੱਸ ਅਤੇ ਨਰਮ ਦਿਖਾਈ ਦਿੱਤੀ|
ਵਿਰੋਧੀ ਧਿਰਾਂ-ਕਾਂਗਰਸ, ਅਕਾਲੀ ਦਲ ਅਤੇ ਭਾਜਪਾ-ਵੱਲੋਂ ਲਗਾਤਾਰ ਇਹ ਦੋਸ਼ ਲਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਚੋਣਾਂ ਜਿੱਤਣ ਲਈ ਪੰਜਾਬ ਪੁਲੀਸ ਅਤੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ| ਚੋਣਾਂ ਤੋਂ ਪਹਿਲਾਂ ਹੀ ਆਪ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਜੇ ਕੋਈ ਕਮੀ ਰਹੀ ਤਾਂ ਗੇਟ ਬੰਦ ਕਰਕੇ ਮੈਨੇਜ ਕਰ ਲਵਾਂਗੇ|
ਚੋਣਾਂ ਵਾਲੇ ਦਿਨ ਜੋ ਕੁਝ ਵਾਪਰਿਆ, ਉਹ ਇਸੇ ਕਥਿਤ ਮੈਨੇਜਮੈਂਟ ਦੀ ਗਵਾਹੀ ਭਰਦਾ ਹੈ| ਕਈ ਥਾਵਾਂ ਤੇ ਆਪ ਦੇ ਬਾਹਰੀ ਲੋਕਾਂ ਨੂੰ ਬੂਥਾਂ ਦੇ ਅੰਦਰ ਜਾਣ ਤੋਂ ਰੋਕਣ ਵਾਲੇ ਵਿਰੋਧੀ ਉਮੀਦਵਾਰਾਂ ਤੇ ਹਮਲੇ ਹੋਏ, ਉਨ੍ਹਾਂ ਦੀਆਂ ਪੱਗਾਂ ਲੱਥੀਆਂ, ਪਰ ਪੁਲੀਸ ਜਾਂ ਤਾਂ ਮੂਕ ਦਰਸ਼ਕ ਬਣੀ ਰਹੀ ਜਾਂ ਫਿਰ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਕੰਮ ਕਰਦੀ ਦਿਖੀ| ਜੇਕਰ ਰਾਜ ਚੋਣ ਕਮਿਸ਼ਨ ਇਹਨਾਂ ਘਟਨਾਵਾਂ ਨੂੰ ਨਕਾਰ ਰਿਹਾ ਹੈ, ਤਾਂ ਹਸਪਤਾਲਾਂ ਵਿੱਚ ਦਾਖ਼ਲ ਜ਼ਖ਼ਮੀ ਨੇਤਾ ਅਤੇ ਉਤਰੇ ਹੋਏ ਨਿਯਮ-ਕਾਨੂੰਨ ਕਿਸ ਵੱਲ ਇਸ਼ਾਰਾ ਕਰਦੇ ਹਨ?
ਨਿਸ਼ਕਰਸ਼ : ਪੰਜਾਬ ਵਿੱਚ ਜਿਸ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ, ਸਥਾਨਕ ਚੋਣਾਂ ਵਿੱਚ ਸੱਤਾਧਾਰੀ ਧਿਰ ਵੱਲੋਂ ਪੁਲੀਸ ਦੀ ਵਰਤੋਂ ਦਾ ਰਿਵਾਜ ਪੁਰਾਣਾ ਹੈ, ਪਰ ਬਦਲਾਅ ਦਾ ਨਾਅਰਾ ਦੇ ਕੇ ਆਈ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਜੇਕਰ ਉਹੀ ਪੁਰਾਣਾ &lsquoਧੱਕਾ&rsquo ਅਤੇ ਖ਼ੂਨ-ਖ਼ਰਾਬਾ ਦੇਖਣ ਨੂੰ ਮਿਲੇ, ਤਾਂ ਇਹ ਬੇਹੱਦ ਚਿੰਤਾਜਨਕ ਹੈ| ਨਿਰਪੱਖ ਚੋਣਾਂ ਕਰਵਾਉਣ ਵਿੱਚ ਨਾਕਾਮ ਰਹਿਣਾ ਮਾਨ ਸਰਕਾਰ ਦੀ ਪ੍ਰਸ਼ਾਸਨਿਕ ਸਾਖ ਤੇ ਇੱਕ ਵੱਡਾ ਦਾਗ਼ ਹੈ| ਚੋਣਾਂ ਵਿੱਚ ਹਾਰ-ਜਿੱਤ ਸਿਆਸਤ ਦਾ ਇੱਕ ਹਿੱਸਾ ਹੈ, ਪਰ ਇਸ ਹਾਰ-ਜਿੱਤ ਲਈ ਪੰਜਾਬ ਦੇ ਆਪਸੀ ਭਾਈਚਾਰੇ ਅਤੇ ਅਮਨ-ਕਾਨੂੰਨ ਦੀ ਬਲੀ ਨਹੀਂ ਦਿੱਤੀ ਜਾ ਸਕਦੀ| 29 ਮਈ ਨੂੰ ਨਤੀਜੇ ਜੋ ਵੀ ਹੋਣ, ਪਰ ਵੋਟਿੰਗ ਵਾਲੇ ਦਿਨ ਹੋਈ ਹਿੰਸਾ ਨੇ ਪੰਜਾਬ ਦੇ ਲੋਕਤੰਤਰੀ ਇਤਿਹਾਸ ਤੇ ਇੱਕ ਹੋਰ ਦਾਗ਼ ਲਗਾ ਦਿੱਤਾ ਹੈ| ਹੁਣ ਲੋੜ ਹੈ ਕਿ ਚੋਣ ਕਮਿਸ਼ਨ ਅਤੇ ਉੱਚ ਪੁਲਿਸ ਅਧਿਕਾਰੀ ਹਿੰਸਾ ਦੀਆਂ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਬਿਨਾਂ ਕਿਸੇ ਸਿਆਸੀ ਪੱਖਪਾਤ ਦੇ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ, ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿਆਸੀ ਗੁੰਡਾ ਲੋਕਾਂ ਦੀ ਵੋਟ ਦੇ ਅਧਿਕਾਰ ਨੂੰ ਡਰਾਉਣ-ਧਮਕਾਉਣ ਦੀ ਹਿੰਮਤ ਨਾ ਕਰ ਸਕੇ|
-ਰਜਿੰਦਰ ਸਿੰਘ ਪੁਰੇਵਾਲ