ਸਿਆਸਤ ਦੀ ਲਾਡਲੀ ਜਾਂ ਸਿਰਫ਼ ਵੋਟ ਬੈਂਕ
ਔਰਤਾਂ ਨੂੰ ਅਸਲ ਤਾਕਤ ਅਤੇ ਆਤਮ-ਨਿਰਭਰਤਾ ਦੇਣ ਦੀ ਬਜਾਏ, ਉਨ੍ਹਾਂ ਨੂੰ ਵੱਖ-ਵੱਖ ਸਹਾਰਿਆਂ ਅਤੇ ਆਸਰਿਆਂ &rsquoਤੇ ਨਿਰਭਰ ਬਣਾਈ ਰੱਖਣ ਦੀ ਪ੍ਰਵਿਰਤੀ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਜਿਵੇਂ ਤਨੋਂ-ਮਨੋਂ ਅਪਣਾ ਲਈ ਹੈ| ਇਹ ਮਹਿਜ਼ ਇੱਕ ਸੰਜੋਗ ਹੀ ਨਹੀਂ ਹੈ ਕਿ ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ, ਤਾਂ ਔਰਤਾਂ ਦੇ ਕਲਿਆਣ ਦੀਆਂ ਯੋਜਨਾਵਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਇੱਕ ਅਨੋਖੀ ਹੋੜ ਜਿਹੀ ਲੱਗ ਜਾਂਦੀ ਹੈ| ਹਰ ਕੋਈ ਔਰਤਾਂ ਨੂੰ ਵੱਖ-ਵੱਖ ਸਹੂਲਤਾਂ ਦਾ ਐਲਾਨ ਹੀ ਨਹੀਂ ਕਰ ਰਿਹਾ, ਸਗੋਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਦਾਅਵਾ ਵੀ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦਾ ਅੱਧੀ ਆਬਾਦੀ ਵਾਲਾ ਵੋਟ ਬੈਂਕ ਪੂਰੀ ਤਰ੍ਹਾਂ ਪੱਕਾ ਹੋ ਸਕੇ|
ਭਾਜਪਾ ਹੋਵੇ ਜਾਂ ਕਾਂਗਰਸ, ਤ੍ਰਿਣਮੂਲ ਕਾਂਗਰਸ (ਟੀ. ਐਮ. ਸੀ) ਹੋਵੇ ਜਾਂ ਆਮ ਆਦਮੀ ਪਾਰਟੀ -ਇਸ ਸਿਆਸੀ ਖੇਡ ਵਿੱਚ ਸਾਰੇ ਹੀ ਆਪਣੀ ਪੂਰੀ ਤਾਕਤ ਲਗਾ ਰਹੇ ਹਨ| ਚੋਣਾਂ ਤੋਂ ਠੀਕ ਪਹਿਲਾਂ ਜਾਂ ਬਾਅਦ ਵਿੱਚ, ਇੱਕ ਨਿਸ਼ਚਿਤ ਨਗਦ ਰਾਸ਼ੀ ਸਿੱਧੀ ਔਰਤਾਂ ਦੇ ਬੈਂਕ ਖ਼ਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਅਤੇ ਸਰਕਾਰੀ ਬੱਸਾਂ ਵਿੱਚ ਯਾਤਰਾ ਉਨ੍ਹਾਂ ਲਈ ਪੂਰੀ ਤਰ੍ਹਾਂ ਮੁਫ਼ਤ ਹੋ ਜਾਂਦੀ ਹੈ| ਅਸਲ ਵਿੱਚ, ਮੁਫ਼ਤ ਦੀਆਂ ਰੇਉੜੀਆਂ ਵੰਡਣ ਦੀ ਇਹ ਪ੍ਰਥਾ ਭਾਰਤੀ ਲੋਕਤੰਤਰ ਦਾ ਇੱਕ ਅਹਿਮ ਅਤੇ ਚਿੰਤਾਜਨਕ ਹਿੱਸਾ ਬਣ ਚੁੱਕੀ ਹੈ| ਭਾਰਤੀ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਵੀ ਮੁਫ਼ਤ ਤੋਹਫ਼ੇ ਪ੍ਰਦਾਨ ਕਰਨ ਦੀ ਇਸ ਸੰਸਕ੍ਰਿਤੀ ਨੂੰ ਲੈ ਕੇ ਕਈ ਵਾਰ ਡੂੰਘੀ ਚਿੰਤਾ ਪ੍ਰਗਟ ਕਰ ਚੁੱਕੇ ਹਨ, ਪਰ ਸਿਆਸੀ ਲਾਹੇ ਅੱਗੇ ਇਹ ਚਿੰਤਾਵਾਂ ਬੇਅਸਰ ਦਿਖਾਈ ਦਿੰਦੀਆਂ ਹਨ|
ਆਰਥਿਕ ਮਾਹਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਔਰਤਾਂ ਦੇ ਕਲਿਆਣ ਦੇ ਨਾਂ ਤੇ  ਸ਼ੁਰੂ ਕੀਤੀ ਗਈ ਇਸ ਸਿਆਸੀ ਹੋੜ ਕਾਰਨ ਕਈ ਸੂਬੇ ਕਰਜ਼ੇ ਦੇ ਭਾਰੀ ਦਲਦਲ ਵਿੱਚ ਧਸਦੇ ਜਾ ਰਹੇ ਹਨ| ਵਿੱਤੀ ਅਨੁਸ਼ਾਸਨ, ਜੋ ਕਿਸੇ ਵੀ ਸੂਬੇ ਜਾਂ ਦੇਸ਼ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ, ਉਹ ਪੂਰੀ ਤਰ੍ਹਾਂ ਚਰਮਰਾ ਚੁੱਕਾ ਹੈ| ਹਾਲ ਹੀ ਵਿੱਚ ਹੋਏ ਕੁਝ ਆਰਥਿਕ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਨੂੰ 1,000 ਰੁਪਏ ਤੋਂ ਲੈ ਕੇ 2,500 ਰੁਪਏ ਤੱਕ ਮਹੀਨਾਵਾਰ ਦੇਣ ਵਾਲੀਆਂ ਇਨ੍ਹਾਂ ਸਕੀਮਾਂ ਨੇ ਸੂਬਿਆਂ ਦੇ ਵਿੱਤੀ ਖੇਤਰ ਵਿੱਚ ਇੱਕ ਤਰ੍ਹਾਂ ਦੀ ਸੁਨਾਮੀ ਲਿਆਂਦੀ ਹੈ| ਇਸ ਨਾਲ ਮੱਧ ਪ੍ਰਦੇਸ਼, ਪੰਜਾਬ, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ, ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਦਾ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ|
ਮੱਧ ਪ੍ਰਦੇਸ਼ ਦੀ ਬੇਹੱਦ ਚਰਚਿਤ ਲਾਡਲੀ ਬਹਿਨਾ ਯੋਜਨਾ ਤਹਿਤ ਯੋਗ ਔਰਤਾਂ ਨੂੰ ਹਰ ਮਹੀਨੇ 1,000 ਰੁਪਏ (ਹੁਣ ਵਧਾਈ ਹੋਈ ਰਾਸ਼ੀ) ਦੇਣ ਨਾਲ ਸੂਬਾ ਸਰਕਾਰ ਤੇ ਸਾਲਾਨਾ ਲਗਭਗ 12,000 ਕਰੋੜ ਰੁਪਏ ਦਾ ਸਿੱਧਾ ਵਿੱਤੀ ਬੋਝ ਪੈ ਰਿਹਾ ਹੈ| ਮਹਾਰਾਸ਼ਟਰ ਵਿੱਚ ਸ਼ੁਰੂ ਕੀਤੀ ਗਈ ਇਸੇ ਤਰ੍ਹਾਂ ਦੀ ਯੋਜਨਾ ਤੇ ਸੂਬੇ ਦੇ ਖ਼ਜ਼ਾਨੇ ਵਿੱਚੋਂ ਲਗਭਗ 46,000 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜਿਸ ਨਾਲ ਰਾਜ ਦੇ ਹੋਰ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ|
ਪੱਛਮੀ ਬੰਗਾਲ ਦੀ ਅੰਨਪੂਰਨਾ ਭੰਡਾਰ ਯੋਜਨਾ ਲਈ 79,000 ਕਰੋੜ ਰੁਪਏ, ਬੇਰੁਜ਼ਗਾਰੀ ਭੱਤੇ ਲਈ 30,000 ਕਰੋੜ ਰੁਪਏ ਅਤੇ ਮਹਿੰਗਾਈ ਭੱਤੇ (ਡੀ.ਏ.) ਦੇ ਬਕਾਏ ਲਈ 62,000 ਕਰੋੜ ਰੁਪਏ ਦਾ ਪ੍ਰਬੰਧ ਹੈ| ਜੇਕਰ ਇਨ੍ਹਾਂ ਤਿੰਨਾਂ ਨੂੰ ਮਿਲਾ ਦਿੱਤਾ ਜਾਵੇ, ਤਾਂ ਇਹ ਰਾਸ਼ੀ 1,71,000 ਕਰੋੜ ਰੁਪਏ ਵਰਗੀ ਭਾਰੀ-ਭਰਕਮ ਰਕਮ ਬਣਦੀ ਹੈ|
ਸਵਾਲ ਇਹ ਉੱਠਦਾ ਹੈ ਕਿ ਕੀ ਇਹ ਰਿਆਇਤਾਂ ਅਤੇ ਮੁਫ਼ਤ ਯੋਜਨਾਵਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸੂਬਿਆਂ ਵਿੱਚ ਇੱਕ ਗੰਭੀਰ ਵਿੱਤੀ ਐਮਰਜੈਂਸੀ ਵਰਗੀ ਸਥਿਤੀ ਪੈਦਾ ਨਹੀਂ ਕਰ ਦੇਣਗੀਆਂ? ਵੋਟਾਂ ਨੂੰ ਬਟੋਰਨ ਦੀ ਕਾਹਲ ਵਿੱਚ ਸੂਬਿਆਂ ਦੀ ਲੰਮੇ ਸਮੇਂ ਦੀ ਆਰਥਿਕ ਸਿਹਤ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾ ਰਹੀ ਹੈ| ਸਿਆਸੀ ਲਾਭ ਲਈ ਬਣਾਈਆਂ ਗਈਆਂ ਇਹ ਯੋਜਨਾਵਾਂ ਸਮਾਜ ਅਤੇ ਸਰਕਾਰੀ ਤੰਤਰ ਵਿੱਚ ਇਸ ਕਦਰ ਆਪਣੀਆਂ ਜੜ੍ਹਾਂ ਜਮਾ ਲੈਂਦੀਆਂ ਹਨ ਕਿ ਬਾਅਦ ਵਿੱਚ ਕਿਸੇ ਵੀ ਸਰਕਾਰ ਲਈ ਇਨ੍ਹਾਂ ਨੂੰ ਵਾਪਸ ਲੈਣਾ ਜਾਂ ਬੰਦ ਕਰਨਾ ਸਿਆਸੀ ਤੌਰ ਤੇ ਲਗਭਗ ਅਸੰਭਵ ਹੋ ਜਾਂਦਾ ਹੈ| ਉਦਾਹਰਨ ਲਈ, ਪੰਜਾਬ ਵਿੱਚ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਅਤੇ ਆਮ ਜਨਤਾ ਲਈ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਕੀ ਕਦੇ ਕੋਈ ਸਰਕਾਰ ਬੰਦ ਕਰਨ ਦੀ ਹਿੰਮਤ ਕਰ ਸਕੇਗੀ? ਜਵਾਬ ਹੈ-ਬਿਲਕੁਲ ਨਹੀਂ, ਕਿਉਂਕਿ ਅਜਿਹਾ ਕਰਨਾ ਕਿਸੇ ਵੀ ਪਾਰਟੀ ਲਈ ਸਿਆਸੀ ਖ਼ੁਦਕੁਸ਼ੀ ਵਰਗਾ ਹੋਵੇਗਾ|
ਭਾਰਤ ਦੀ ਮੌਜੂਦਾ ਰਾਜਨੀਤੀ ਵਿੱਚ ਔਰਤ ਇਸ ਕਰਕੇ ਲਾਡਲੀ ਜਾਂ ਪਿਆਰੀ ਨਹੀਂ ਬਣੀ ਕਿ ਸਿਆਸਤਦਾਨਾਂ ਦੇ ਦਿਲਾਂ ਵਿੱਚ ਉਨ੍ਹਾਂ ਲਈ ਕੋਈ ਸੱਚਾ ਸਤਿਕਾਰ ਹੈ ਜਾਂ ਉਨ੍ਹਾਂ ਦੇ ਪਿਛੜੇਪਣ ਨੂੰ ਲੈ ਕੇ ਕੋਈ ਅਸਲ ਦਰਦ ਹੈ| ਇਸਦੇ ਪਿੱਛੇ ਦਾ ਸਿੱਧਾ ਅਤੇ ਕੜਵਾ ਸੱਚ ਇਹ ਹੈ ਕਿ ਪਾਰਟੀਆਂ ਨੂੰ ਚੋਣਾਂ ਜਿੱਤਣ ਲਈ ਔਰਤਾਂ ਦਾ ਇੱਕਮੁਸ਼ਤ ਅਤੇ ਵਫ਼ਾਦਾਰ ਵੋਟ ਬੈਂਕ ਚਾਹੀਦਾ ਹੈ|
ਭਾਰਤੀ ਜਨਤਾ ਪਾਰਟੀ ਨੇ ਪਿਛਲੇ ਪਾਰਲੀਮੈਂਟ ਸੈਸ਼ਨ ਵਿੱਚ ਮਹਿਲਾ ਕਾਰਡ ਖੇਡਦੇ ਹੋਏ ਇੱਕ ਵੱਡਾ ਦਾਅ ਚੱਲਿਆ| ਪਹਿਲਾਂ ਹੀ ਸਿਧਾਂਤਕ ਰੂਪ ਵਿੱਚ ਪਾਸ ਕੀਤੇ ਜਾ ਚੁੱਕੇ 33% ਮਹਿਲਾ ਰਾਖਵਾਂਕਰਨ ਐਕਟ ਤੇ ਕੁਝ ਤਕਨੀਕੀ ਸੋਧਾਂ ਦਾ ਬਹਾਨਾ ਬਣਾ ਕੇ, ਪੱਛਮੀ ਬੰਗਾਲ, ਕੇਰਲ ਅਤੇ ਹੋਰ ਰਾਜਾਂ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬਿੱਲ ਨੂੰ ਦੁਬਾਰਾ ਸੰਸਦ ਵਿੱਚ ਚਰਚਾ ਦੇ ਕੇਂਦਰ ਵਿੱਚ ਲਿਆਂਦਾ ਗਿਆ| ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਭ ਮਹਿਲਾ ਵੋਟਰਾਂ ਨੂੰ ਇਹ ਸੰਦੇਸ਼ ਦੇਣ ਲਈ ਕੀਤਾ ਗਿਆ ਕਿ ਸਿਰਫ਼ ਮੌਜੂਦਾ ਸਰਕਾਰ ਹੀ ਉਨ੍ਹਾਂ ਦੀ ਸੱਚੀ ਹਿਤੈਸ਼ੀ ਹੈ?
ਜੇਕਰ ਅਸੀਂ ਇਤਿਹਾਸ ਵਿੱਚ ਜਾਈਏ ਕਿ ਔਰਤਾਂ ਅਚਾਨਕ ਰਾਜਨੀਤੀ ਦੀਆਂ ਇੰਨੀਆਂ ਲਾਡਲੀਆਂ ਕਦੋਂ ਤੋਂ ਬਣ ਗਈਆਂ, ਤਾਂ ਇਸਦਾ ਉੱਤਰ ਨਵੰਬਰ 2023 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਿਲਦਾ ਹੈ| ਚੋਣਾਂ ਤੋਂ ਠੀਕ ਪਹਿਲਾਂ ਸੱਤਾ ਵਿਰੋਧੀ ਲਹਿਰ ਤੋਂ ਘਬਰਾਈ ਤਤਕਾਲੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੇ ਲਾਡਲੀ ਬਹਿਨਾ ਯੋਜਨਾ ਦਾ ਦਾਅ ਖੇਡਿਆ| ਇਸ ਤਹਿਤ 21 ਤੋਂ 60 ਸਾਲ ਦੀਆਂ ਔਰਤਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਟ੍ਰਾਂਸਫਰ ਕੀਤੇ ਗਏ| ਨਤੀਜਾ ਇਹ ਹੋਇਆ ਕਿ ਤਮਾਮ ਅੰਦਾਜ਼ਿਆਂ ਨੂੰ ਦਰਕਿਨਾਰ ਕਰਦੇ ਹੋਏ ਭਾਜਪਾ ਨੇ 230 ਵਿੱਚੋਂ 163 ਸੀਟਾਂ ਜਿੱਤ ਕੇ ਹੂੰਝਾਫੇਰ ਬਹੁਮਤ ਹਾਸਲ ਕੀਤਾ| 
ਇਸ ਸਬੰਧ ਵਿੱਚ ਭਾਰਤੀ ਸਟੇਟ ਬੈਂਕ ਦੀ ਇੱਕ ਰਿਸਰਚ ਰਿਪੋਰਟ ਬੇਹੱਦ ਚੌਂਕਾਉਣ ਵਾਲੇ ਤੱਥ ਸਾਹਮਣੇ ਲਿਆਉਂਦੀ ਹੈ| ਰਿਪੋਰਟ ਅਨੁਸਾਰ, ਮੱਧ ਪ੍ਰਦੇਸ਼ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਲਾਡਲੀ ਬਹਿਨਾ ਯੋਜਨਾ ਦੇ ਲਾਭਪਾਤਰੀਆਂ ਦੀ ਸੰਖਿਆ ਵਿੱਚ ਮਹਿਜ਼ 1% ਦਾ ਵਾਧਾ ਦੇਖਿਆ ਗਿਆ, ਉੱਥੇ ਸੱਤਾਧਾਰੀ ਦਲ ਦੇ ਵੋਟ ਸ਼ੇਅਰ ਅਤੇ ਸਫ਼ਲਤਾ ਦਰ ਵਿੱਚ 0.36% ਦਾ ਸਿੱਧਾ ਉਛਾਲ ਦਰਜ ਕੀਤਾ ਗਿਆ| ਇਸ ਯੋਜਨਾ ਨੇ ਔਰਤਾਂ ਨੂੰ ਨਾ ਸਿਰਫ਼ ਆਰਥਿਕ ਤੌਰ &rsquoਤੇ ਪ੍ਰਭਾਵਿਤ ਕੀਤਾ, ਸਗੋਂ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਭਾਰੀ ਸੰਖਿਆ ਵਿੱਚ ਪੋਲਿੰਗ ਬੂਥਾਂ ਤੱਕ ਜਾ ਕੇ ਇੱਕਤਰਫ਼ਾ ਵੋਟ ਪਾਉਣ ਲਈ ਵੀ ਪ੍ਰੇਰਿਤ ਕੀਤਾ|
ਇਸ ਲਾਡਲੀ ਸਿਆਸਤ ਦੀ ਅਸਲੀ ਵਜ੍ਹਾ ਕੋਈ ਗੁਪਤ ਰਹੱਸ ਨਹੀਂ ਹੈ, ਸਗੋਂ ਇਹ ਮਹਿਲਾ ਵੋਟਰਾਂ ਦੇ ਤੇਜ਼ੀ ਨਾਲ ਬਦਲਦੇ ਅੰਕੜਿਆਂ ਨਾਲ ਜੁੜੀ ਹੋਈ ਹੈ| ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤ ਦੇ ਇਤਿਹਾਸ ਵਿੱਚ ਰਿਕਾਰਡ 31.2 ਕਰੋੜ ਔਰਤਾਂ ਨੇ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ| ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 19 ਰਾਜਾਂ ਵਿੱਚ ਔਰਤਾਂ ਦਾ ਵੋਟਿੰਗ ਫ਼ੀਸਦੀ ਮਰਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੀ| ਔਰਤਾਂ ਦੀ ਇਹ ਭਾਰੀ ਹਿੱਸੇਦਾਰੀ ਹੁਣ ਕਿਸੇ ਵੀ ਚੋਣ ਦਾ ਪਾਸਾ ਪਲਟਣ ਲਈ ਕਾਫ਼ੀ ਹੈ|
ਜੇਕਰ ਅਸੀਂ ਅਤੀਤ ਦੇ ਅੰਕੜਿਆਂ ਤੇ ਨਜ਼ਰ ਮਾਰੀਏ, ਤਾਂ ਸਾਲ 1962 ਦੀਆਂ ਆਮ ਚੋਣਾਂ ਵਿੱਚ ਔਰਤਾਂ ਦਾ ਕੁੱਲ ਵੋਟਿੰਗ ਟਰਨਆਊਟ ਮਹਿਜ਼ 47% ਸੀ, ਜਦੋਂ ਕਿ ਮਰਦਾਂ ਦਾ 63% ਸੀ-ਯਾਨੀ ਦੋਵਾਂ ਵਿਚਕਾਰ 16% ਦਾ ਇੱਕ ਵੱਡਾ ਫ਼ਰਕ ਸੀ| ਪਰ ਸਾਲ 2019 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਇੱਕ ਨਵਾਂ ਇਤਿਹਾਸ ਬਣਿਆ, ਜਦੋਂ ਔਰਤਾਂ ਨੇ ਮਤਦਾਨ ਦੇ ਮਾਮਲੇ ਵਿੱਚ ਮਰਦਾਂ ਨੂੰ ਪਿੱਛੇ ਛੱਡ ਦਿੱਤਾ| ਸਾਲ 2024 ਵਿੱਚ ਇਹ ਅੰਤਰ ਹੋਰ ਵਧ ਗਿਆ ਅਤੇ ਦੇਸ਼ ਦੇ ਲਗਭਗ 137 ਲੋਕ ਸਭਾ ਖੇਤਰਾਂ ਵਿੱਚ ਔਰਤਾਂ ਨੇ ਮਰਦਾਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਮਤਦਾਨ ਕੀਤਾ| ਇਹ ਬਦਲਾਅ ਸਿਰਫ਼ ਸੰਖਿਆ ਦਾ ਨਹੀਂ ਹੈ, ਸਗੋਂ ਇਹ ਭਾਰਤੀ ਔਰਤਾਂ ਦੇ ਅੰਦਰ ਆਉਂਦੀ ਜਾ ਰਹੀ ਸਿਆਸੀ ਅਤੇ ਸਮਾਜਿਕ ਚੇਤਨਾ ਦਾ ਵੀ ਇੱਕ ਵੱਡਾ ਪ੍ਰਤੀਕ ਹੈ|
ਅੰਤਰਰਾਸ਼ਟਰੀ ਥਿੰਕ ਟੈਂਕ ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਇੱਕ ਵਿਆਪਕ ਅਧਿਐਨ ਅਨੁਸਾਰ, ਚੋਣਾਂ ਵਿੱਚ ਔਰਤਾਂ ਦੀ ਇਹ ਵਧਦੀ ਹੋਈ ਭਾਗੀਦਾਰੀ ਸਿੱਧੇ ਤੌਰ ਤੇ ਉਨ੍ਹਾਂ ਕਲਿਆਣਕਾਰੀ ਅਤੇ ਵਿੱਤੀ ਯੋਜਨਾਵਾਂ ਨਾਲ ਜੁੜੀ ਹੋਈ ਹੈ ਜੋ ਸਿੱਧੇ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ| ਪਰ ਇੱਥੇ ਇੱਕ ਬੁਨਿਆਦੀ ਅਤੇ ਨੈਤਿਕ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਭਾਰਤੀ ਔਰਤਾਂ ਸੱਚਮੁੱਚ ਸਿਆਸੀ ਤੌਰ ਤੇ ਜਾਗਰੂਕ ਅਤੇ ਸੁਤੰਤਰ ਹੋ ਗਈਆਂ ਹਨ, ਜਾਂ ਫਿਰ ਸਿਆਸਤਦਾਨਾਂ ਵੱਲੋਂ ਉਨ੍ਹਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਅਤੇ ਪੈਸਿਆਂ ਦਾ ਲਾਲਚ ਦੇ ਕੇ ਆਪਣੀ ਤਰਫ਼ ਖਿੱਚਿਆ ਜਾ ਰਿਹਾ ਹੈ?
ਹਾਲਾਂਕਿ, ਇੱਕ ਹੋਰ ਹਾਂ-ਪੱਖੀ ਪਹਿਲੂ ਇਹ ਵੀ ਹੈ ਕਿ ਸਾਲ 2014 ਅਤੇ 2019 ਦੇ ਵਿਚਕਾਰ ਕੀਤੇ ਗਏ ਕੁਝ ਸਰਵੇਖਣ ਦੱਸਦੇ ਹਨ ਕਿ ਲਗਭਗ 70% ਔਰਤਾਂ ਨੇ ਆਪਣੀ ਮਰਜ਼ੀ ਨਾਲ ਅਤੇ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਵੋਟ ਪਾਈ, ਅਤੇ ਉਨ੍ਹਾਂ ਨੇ ਆਪਣੇ ਪਤੀ ਜਾਂ ਪਰਿਵਾਰ ਦੇ ਮਰਦਾਂ ਦੇ ਸਿਆਸੀ ਦਬਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ| 2024 ਦੀਆਂ ਚੋਣਾਂ ਵਿੱਚ ਔਰਤਾਂ ਦੀ ਇਹ ਵੈਚਾਰਿਕ ਸੁਤੰਤਰਤਾ ਹੋਰ ਮਜ਼ਬੂਤ ਹੋ ਕੇ ਉਭਰੀ ਹੈ|
ਉਦਾਹਰਨ ਦੇ ਤੌਰ ਤੇ, ਤਾਮਿਲਨਾਡੂ ਵਿੱਚ ਡੀ.ਐਮ.ਕੇ. ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਦੇ ਨਤੀਜੇ ਸਮਾਜਿਕ ਤੌਰ &rsquoਤੇ ਕਾਫ਼ੀ ਉਤਸ਼ਾਹਜਨਕ ਰਹੇ| ਇਸ ਨਾਲ ਕੰਮਕਾਜੀ ਅਤੇ ਗਰੀਬ ਔਰਤਾਂ ਦੀ ਗਤੀਸ਼ੀਲਤਾ ਵਧੀ ਅਤੇ ਉਹ ਕੰਮ ਦੇ ਸਿਲਸਿਲੇ ਵਿੱਚ ਬਾਹਰ ਨਿਕਲਣ ਲੱਗੀਆਂ| ਪਰ ਇਸਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਨਾਲ ਸੂਬਾ ਟ੍ਰਾਂਸਪੋਰਟ ਨਿਗਮ ਅਤੇ ਸਰਕਾਰੀ ਖ਼ਜ਼ਾਨੇ ਤੇ ਸਾਲਾਨਾ 1,500 ਕਰੋੜ ਰੁਪਏ ਦੀ ਸਬਸਿਡੀ ਦਾ ਭਾਰੀ ਵਿੱਤੀ ਬੋਝ ਆ ਪਿਆ| ਇਸੇ ਤਰਜ਼ &rsquoਤੇ ਜੂਨ 2023 ਵਿੱਚ ਕਰਨਾਟਕ ਅਤੇ ਤੇਲੰਗਾਨਾ ਦੀਆਂ ਸਰਕਾਰਾਂ ਨੇ ਵੀ ਇਸ ਯੋਜਨਾ ਨੂੰ ਲਾਗੂ ਕੀਤਾ, ਜਿਸ ਨਾਲ ਉਨ੍ਹਾਂ ਦਾ ਬਜਟ ਘਾਟਾ ਵਧ ਗਿਆ|
ਇੱਥੇ ਸਭ ਤੋਂ ਵੱਡਾ ਅਤੇ ਗੰਭੀਰ ਸਵਾਲ ਇਹ ਹੈ ਕਿ ਕੀ ਮੁਫ਼ਤ ਦੀਆਂ ਇਹ ਲੋਕ-ਲੁਭਾਵਨ ਯੋਜਨਾਵਾਂ ਸੂਬਿਆਂ ਦੇ ਮੁੱਖ ਵਿਕਾਸ ਕਾਰਜਾਂ ਜਿਵੇਂ-ਗੁਣਵੱਤਾਪੂਰਨ ਸਿੱਖਿਆ, ਸਿਹਤ ਸਹੂਲਤਾਂ, ਹਸਪਤਾਲ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਬਹੁਤ ਪਿੱਛੇ ਨਹੀਂ ਧੱਕ ਰਹੀਆਂ? ਖ਼ਜ਼ਾਨੇ ਖਾਲੀ ਹੋਣ ਕਾਰਨ ਵਿਕਾਸ ਯੋਜਨਾਵਾਂ ਅਤੇ ਨਵੀਂਆਂ ਨੌਕਰੀਆਂ ਪੈਦਾ ਕਰਨ ਦੇ ਕੰਮ ਸਰਕਾਰਾਂ ਦੀ ਤਰਜੀਹੀ ਸੂਚੀ ਵਿੱਚ ਦੂਜੇ ਜਾਂ ਤੀਜੇ ਨੰਬਰ ਤੇ ਚਲੇ ਗਏ ਹਨ|
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਮਹੀਨਾਵਾਰ ਭੱਤੇ ਅਤੇ ਮੁਫ਼ਤ ਯਾਤਰਾਵਾਂ ਗਰੀਬ ਔਰਤਾਂ ਨੂੰ ਤਤਕਾਲੀ ਰੂਪ ਵਿੱਚ ਇੱਕ ਵੱਡੀ ਆਰਥਿਕ ਰਾਹਤ ਦਿੰਦੀਆਂ ਹਨ| ਪਰ ਉਨ੍ਹਾਂ ਲੰਮੇ ਸਮੇਂ ਦੇ ਅਤੇ ਠੋਸ ਪ੍ਰੋਜੈਕਟਾਂ ਦਾ ਕੀ ਹੋਵੇਗਾ ਜੋ ਔਰਤਾਂ ਦੇ ਸਥਾਈ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਬੇਹੱਦ ਜ਼ਰੂਰੀ ਹਨ? ਸਰਕਾਰਾਂ ਕੇਵਲ ਸ਼ਾਰਟ-ਟਰਮ (ਘੱਟ ਸਮੇਂ ਦੇ) ਫਾਇਦੇ ਦਿਖਾ ਕੇ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਸੱਤਾ ਦੀ ਕੁਰਸੀ ਹਥਿਆ ਰਹੀਆਂ ਹਨ|
ਔਰਤਾਂ ਨੂੰ ਬੱਸਾਂ ਵਿੱਚ ਸਿਰਫ਼ ਮੁਫ਼ਤ ਸਫ਼ਰ ਦਾ ਲਾਲਚ ਦੇਣ ਜਾਂ ਚੰਦ ਰੁਪਏ ਪ੍ਰਤੀ ਮਹੀਨਾ ਦੇਣ ਦੀ ਬਜਾਏ, ਉਨ੍ਹਾਂ ਨੂੰ ਸਮਾਜ ਵਿੱਚ ਬਿਹਤਰ ਅਤੇ ਉੱਚ ਸਿੱਖਿਆ ਕਿਉਂ ਨਹੀਂ ਦਿੱਤੀ ਜਾਂਦੀ? ਉਨ੍ਹਾਂ ਨੂੰ ਹਰ ਖੇਤਰ ਵਿੱਚ ਰੁਜ਼ਗਾਰ ਦੇ ਬਰਾਬਰ ਅਵਸਰ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ, ਸਖ਼ਤ ਕਾਨੂੰਨੀ ਸੁਰੱਖਿਆ, ਸੁਰੱਖਿਅਤ ਮਾਹੌਲ ਅਤੇ ਦੇਸ਼ ਦੀ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਬਰਾਬਰ ਦੀ ਟਿਕਟ ਅਤੇ ਹਿੱਸੇਦਾਰੀ ਕਿਉਂ ਨਹੀਂ ਦਿੱਤੀ ਜਾਂਦੀ? ਜਦੋਂ ਤੱਕ ਔਰਤਾਂ ਨੂੰ ਫੈਸਲੇ ਲੈਣ ਵਾਲੇ ਉੱਚ ਪ੍ਰਸ਼ਾਸਨਿਕ ਅਹੁਦਿਆਂ ਅਤੇ ਨੀਤੀ-ਘੜਨ ਵਾਲੀਆਂ ਕਮੇਟੀਆਂ ਵਿੱਚ ਅਸਲ ਨੁਮਾਇੰਦਗੀ ਨਹੀਂ ਮਿਲਦੀ, ਉਦੋਂ ਤੱਕ ਅਜਿਹੀਆਂ ਸਕੀਮਾਂ ਸਿਰਫ਼ ਸਿਆਸੀ ਹੱਥਕੰਡਾ ਹੀ ਰਹਿਣਗੀਆਂ|
ਗੁਰਮੀਤ ਸਿੰਘ ਪਲਾਹੀ