ਕਿਰਪਾਨ ਦੀ ਮਰਿਆਦਾ, ਸਿਖ ਕਿਰਦਾਰ ਅਤੇ ਕਾਨੂੰਨ ਦੀ ਨਿਰਪਖਤਾ

-ਰਜਿੰਦਰ ਸਿੰਘ ਪੁਰੇਵਾਲ

ਬਰਤਾਨੀਆ  ਵਿਚ ਇਕ ਮੰਦਭਾਗੀ ਘਟਨਾ ਦੇ ਆਧਾਰ ਤੇ ਪੂਰੀ ਸਿਖ ਕੌਮ ਦੇ ਧਾਰਮਿਕ ਚਿੰਨ੍ਹ &lsquoਕਿਰਪਾਨ&rsquo ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਚਿੰਤਾਜਨਕ ਹਨ| ਵਿਕਰਮ ਦਿਗਵਾ ਨਾਮੀ ਨੌਜਵਾਨ ਵਲੋਂ ਕੀਤੇ ਗਏ ਕਤਲ ਦੀ ਸਿਖ ਜਥੇਬੰਦੀਆਂ ਨੇ ਇਕਸੁਰ ਹੋ ਕੇ ਨਿੰਦਾ ਕੀਤੀ ਹੈ| ਪਰ ਇਕ ਵਿਅਕਤੀ ਦੇ ਅਪਰਾਧਿਕ ਕਾਰੇ ਕਰਕੇ ਪੂਰੀ ਕੌਮ ਦੇ ਧਾਰਮਿਕ ਅਧਿਕਾਰਾਂ &rsquoਤੇ ਸਵਾਲ ਖੜ੍ਹੇ ਕਰਨਾ ਸਰਾਸਰ ਨਸਲਵਾਦ ਹੈ| ਜਿਵੇਂ ਕਿ ਮਸ਼ਹੂਰ ਫਰਾਂਸੀਸੀ ਫ਼ਿਲਾਸਫ਼ਰ ਮੋਂਟੈਸਕਿੳੂ ਨੇ ਕਿਹਾ ਸੀ:
ਕਿਸੇ ਵੀ ਬੇਗੁਨਾਹ &rsquoਤੇ ਜ਼ੁਲਮ ਕਰਨਾ ਪੂਰੇ ਸਮਾਜ ਦੇ ਕਾਨੂੰਨੀ ਢਾਂਚੇ ਨੂੰ ਢਾਹ ਲਾਉਣਾ ਹੈ|
ਇਕ ਵਿਅਕਤੀ ਦੀ ਗਲਤੀ ਲਈ ਪੂਰੀ ਕੌਮ ਨੂੰ ਦੋਸ਼ੀ ਮੰਨਣ ਵਾਲੀ ਸੋਚ ਨਸਲਵਾਦੀ ਹੈ ਅਤੇ ਨਸਲਵਾਦ ਆਪਣੇ ਆਪ ਵਿਚ ਇਕ ਵਡਾ ਗੁਨਾਹ ਹੈ| ਇਸ ਲਈ ਬ੍ਰਿਟਿਸ਼ ਸਰਕਾਰ ਨੂੰ ਕਿਰਪਾਨ ਤੇ ਪਾਬੰਦੀ ਲਗਾਉਣ ਵਰਗਾ ਕੋਈ ਕਦਮ ਨਹੀਂ ਚੁਕਣਾ ਚਾਹੀਦਾ, ਸਗੋਂ ਅਪਰਾਧੀ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਿਪਟਣਾ ਚਾਹੀਦਾ ਹੈ|
ਦੂਜੇ ਪਾਸੇ, ਇਹ ਘਟਨਾ ਸਿਖ ਜਗਤ ਲਈ ਵੀ ਆਤਮ-ਚਿੰਤਨ ਦਾ ਵਿਸ਼ਾ ਹੈ| ਅਜ ਸਿਖ ਸੰਗਤ ਅਤੇ ਪੰਥਕ ਜਥੇਬੰਦੀਆਂ ਨੂੰ ਆਪਣੇ ਅੰਦਰੂਨੀ ਸੁਭਾਅ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ| ਗੁਰਦੁਆਰਿਆਂ ਵਿਚ ਕਬਜ਼ਿਆਂ, ਚੌਧਰਾਂ ਅਤੇ ਪ੍ਰਧਾਨਗੀਆਂ ਨੂੰ ਲੈ ਕੇ ਜਿਸ ਤਰ੍ਹਾਂ ਕਈ ਵਾਰ ਸ਼ਰੇਆਮ ਤਲਵਾਰਾਂ ਚਲਦੀਆਂ ਹਨ, ਉਹ ਦੁਨੀਆ ਭਰ ਵਿਚ ਸਿਖ ਪੰਥ ਦੇ ਅਕਸ ਨੂੰ ਢਾਹ ਲਾਉਂਦੀਆਂ ਹਨ ਅਤੇ ਲੋਕਾਂ ਵਿਚ ਨਫ਼ਰਤ ਪੈਦਾ ਕਰਦੀਆਂ ਹਨ| ਸਿਖ ਦਾ ਕਿਰਦਾਰ ਅਜਿਹਾ ਨਹੀਂ ਹੋਣਾ ਚਾਹੀਦਾ| ਪਛਮੀ ਫ਼ਲਸਫ਼ੇ ਦੇ ਪਿਤਾਮਾ ਸੁਕਰਾਤ ਨੇ ਕਿਹਾ ਸੀ ਕਿ ਆਪਣੇ ਆਪ ਨੂੰ ਜਾਣਨਾ , ਪਛਾਣਨਾ ਅਤੇ ਆਪਣੇ ਸੁਭਾਅ &rsquoਤੇ ਕਾਬੂ ਪਾਉਣਾ ਹੀ ਸਭ ਤੋਂ ਵਡੀ ਅਕਲਮੰਦੀ ਹੈ|
ਸਿਖਾਂ ਨੂੰ ਹਿੰਸਾ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ| ਆਪਣੀ ਸੁਰਖਿਆ ਕਰਨਾ ਹਰ ਇਨਸਾਨ ਦਾ ਹਕ ਹੈ, ਪਰ ਹਮਲਾਵਰ ਹੋਣਾ ਗੁਰੂ ਮਰਿਆਦਾ ਦੇ ਉਲਟ ਹੈ|
ਗੁਰੂ ਸਾਹਿਬਾਨ ਨੇ ਜਿਸ ਸਿਖ ਕਿਰਦਾਰ ਦੀ ਸਿਰਜਣਾ ਕੀਤੀ ਸੀ, ਉਹ ਸਹਿਜ, ਮਨੁਖਤਾ ਪਖੀ, ਨਿਆਂਪਖੀ ਅਤੇ ਸ਼ਾਂਤਮਈ ਸੀ| ਕਿਰਪਾਨ ਜ਼ੁਲਮ ਕਰਨ ਲਈ ਨਹੀਂ, ਸਗੋਂ ਮਜ਼ਲੂਮ ਦੀ ਰਖਿਆ ਲਈ ਹੈ| ਜਰਮਨ ਫ਼ਿਲਾਸਫ਼ਰ ਇਮੈਨੁਅਲ ਕਾਂਟ ਦੇ ਸਿਧਾਂਤ ਮੁਤਾਬਕ: ਇਨਸਾਨ ਨੂੰ ਹਮੇਸ਼ਾ ਅਜਿਹਾ ਕਰਮ ਕਰਨਾ ਚਾਹੀਦਾ ਹੈ ਜੋ ਪੂਰੇ ਸੰਸਾਰ ਲਈ ਇਕ ਸਰਵਵਿਆਪੀ ਨਿਯਮ ਬਣ ਸਕੇ|
ਜੇਕਰ ਸਿਖਾਂ ਦਾ ਕਿਰਦਾਰ ਉਚਾ-ਸੁਚਾ ਹੋਵੇਗਾ, ਤਾਂ ਸੰਸਾਰ ਵਿਚ ਸਾਡੀ ਪਛਾਣ ਇਕ ਬਿਹਤਰ, ਸਭਿਆਚਾਰਕ ਅਤੇ ਨੈਤਿਕ ਕੌਮ ਵਜੋਂ ਬਣੀ ਰਹੇਗੀ| ਸਾਨੂੰ ਆਪਣੇ ਆਪ ਨੂੰ ਹਿੰਸਕ ਵਜੋਂ ਪੇਸ਼ ਹੋਣ ਤੋਂ ਰੋਕਣਾ ਪਵੇਗਾ| ਗੁਰਸਿਖੀ ਦੇ ਮਾਰਗ ਵਲ ਜਾਣਾ ਪਵੇਗਾ|
ਇਸ ਸਮੇਂ ਸੰਸਾਰ ਭਰ ਵਿਚ ਜਿਥੇ-ਜਿਥੇ ਵੀ ਸੂਝਵਾਨ ਸਿਖ ਪੰਥਕ ਜਥੇਬੰਦੀਆਂ ਮੌਜੂਦ ਹਨ, ਉਨ੍ਹਾਂ ਨੂੰ ਇਸ ਨਕਾਰਾਤਮਕ ਰੁਝਾਨ ਨੂੰ ਰੋਕਣ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ| ਨੌਜਵਾਨ ਪੀੜ੍ਹੀ ਨੂੰ ਕਿਰਪਾਨ ਦੇ ਅਧਿਆਤਮਕ ਅਤੇ ਸਮਾਜਿਕ ਮਹਤਵ ਬਾਰੇ ਜਾਗਰੂਕ ਕਰਨਾ ਪਵੇਗਾ|
ਬ੍ਰਿਟਿਸ਼ ਅਦਾਲਤ ਵਿਚ ਪ੍ਰੋਸੀਕਿੳੂਟਰ ਨੇ ਬਿਲਕੁਲ ਠੀਕ ਕਿਹਾ ਸੀ ਕਿ ਇਹ ਕੇਸ ਸਿਖ ਧਰਮ ਬਾਰੇ ਨਹੀਂ, ਸਗੋਂ ਇਕ ਕਤਲ ਬਾਰੇ ਹੈ| ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਅਪਰਾਧੀ ਦਾ ਕੋਈ ਧਰਮ ਨਹੀਂ ਹੁੰਦਾ| ਪਰ ਇਸ ਦੇ ਨਾਲ ਹੀ ਸਿਖ ਕੌਮ ਨੂੰ ਵੀ ਅਜਿਹਾ ਮਾਹੌਲ ਸਿਰਜਣਾ ਪਵੇਗਾ ਜਿਸਨਾਲ ਸਿਖ ਕੌਮ ਦਾ ਸੰਦੇਸ਼ ਜਾਵੇ ਕਿ ਇਹ ਸ਼ਾਂਤਮਈ ਤੇ ਨੈਤਿਕ ਆਦਰਸ਼ਵਾਦੀ ਕੌਮ ਹੈ| ਨੈਤਿਕਤਾ ਕੋਈ ਇਕ ਦਿਨ ਦਾ ਕਾਰਜ ਨਹੀਂ, ਬਲਕਿ ਇਕ ਆਦਤ ਹੈ| ਸਾਨੂੰ ਆਪਣੇ ਗੁਰੂਆਂ ਵਲੋਂ ਬਖਸ਼ੇ ਉਚ ਨੈਤਿਕ ਕਿਰਦਾਰ ਨੂੰ ਆਪਣੀ ਰੋਜ਼ਾਨਾ ਦੀ ਆਦਤ ਬਣਾ ਕੇ ਪੂਰੀ ਦੁਨੀਆ ਦੇ ਸਾਹਮਣੇ ਮਿਸਾਲ ਪੇਸ਼ ਕਰਨੀ ਪਵੇਗੀ|
ਕਾਂਗਰਸ ਦਾ ਪਤਨ ਕਿਉਂ 
ਪੰਜਾਬ ਵਿੱਚ ਅਗਲੇ ਸਾਲ (2027) ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਸੂਬਾ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਅਤੇ ਗੁੱਟਬਾਜ਼ੀ ਹੋਰ ਤਿੱਖੀ ਹੁੰਦੀ ਜਾ ਰਹੀ ਹੈ| ਹਾਲ ਹੀ ਵਿੱਚ ਹੋਈਆਂ ਸਥਾਨਕ ਨਿਕਾਏ (ਮਿਉਂਸਪਲ) ਚੋਣਾਂ ਵਿੱਚ ਪਾਰਟੀ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਨੇ ਇਸ ਕਲੇਸ਼ ਨੂੰ ਜਨਤਕ ਕਰ ਦਿੱਤਾ ਹੈ| ਦਿੱਲੀ ਵਿੱਚ ਹਾਈਕਮਾਂਡ ਵੱਲੋਂ ਸੱਦੀ ਗਈ ਉੱਚ ਪੱਧਰੀ ਬੈਠਕ ਦੌਰਾਨ ਜਿਸ ਤਰ੍ਹਾਂ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੀਟਿੰਗ ਦੇ ਵਿਚਕਾਰੋਂ ਬਾਹਰ ਨਿਕਲ ਗਏ, ਉਹ ਸਾਬਤ ਕਰਦਾ ਹੈ ਕਿ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ| ਚੋਣਾਂ ਸਿਰ &rsquoਤੇ ਹੋਣ ਦੇ ਬਾਵਜੂਦ ਪਾਰਟੀ ਲੀਡਰਸ਼ਿਪ ਇੱਕਜੁੱਟ ਹੋਣ ਦੀ ਬਜਾਏ ਵੱਖ-ਵੱਖ ਖੇਮਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ|
ਇਸ ਵੇਲੇ ਪੰਜਾਬ ਕਾਂਗਰਸ ਵਿੱਚ ਸਿਆਸੀ ਵਰਚਸਵ ਦੀ ਜੰਗ ਬਹੁਤ ਡੂੰਘੀ ਹੋ ਚੁੱਕੀ ਹੈ| ਇੱਕ ਪਾਸੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਆਪਣੇ ਧੜੇ ਸਰਗਰਮ ਹਨ, ਉੱਥੇ ਹੀ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਵੱਖਰੀ ਸਿਆਸੀ ਜ਼ਮੀਨ ਤਿਆਰ ਕਰ ਰਹੇ ਹਨ| ਇਨ੍ਹਾਂ ਚੋਣਾਂ ਵਿੱਚ ਰੇਡੀਕਲ ਤਬਦੀਲੀ ਦੇਖਣ ਨੂੰ ਮਿਲੀ ਹੈ ਜਿੱਥੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਇਲਾਕੇ ਵਿੱਚ ਜਿੱਤ ਦਰਜ ਕਰਵਾ ਕੇ ਆਪਣਾ ਦਬਦਬਾ ਬਣਾਇਆ ਹੈ, ਉੱਥੇ ਹੀ ਚਮਕੌਰ ਸਾਹਿਬ ਵਿੱਚ ਚੰਗੇ ਪ੍ਰਦਰਸ਼ਨ ਕਾਰਨ ਚੰਨੀ ਦਾ ਸਿਆਸੀ ਕੱਦ ਮੁੜ ਵਧਿਆ ਹੈ| ਇਸ ਦੇ ਉਲਟ, ਰਾਜਾ ਵੜਿੰਗ ਦੇ ਆਪਣੇ ਗੜ੍ਹ ਗਿੱਦੜਬਾਹਾ ਵਿੱਚ ਪਾਰਟੀ ਦੀ ਕਰਾਰੀ ਹਾਰ ਨੇ ਉਨ੍ਹਾਂ ਨੂੰ ਵਿਰੋਧੀ ਖੇਮੇ ਦੇ ਸਿੱਧੇ ਨਿਸ਼ਾਨੇ ਤੇ ਲਿਆ ਦਿੱਤਾ ਹੈ|
ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਤੇ ਸਭ ਤੋਂ ਵੱਡਾ ਸਵਾਲੀਆ ਚਿੰਨ੍ਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਉਪ-ਚੋਣਾਂ ਨੇ ਲਗਾਇਆ ਹੈ| ਵੜਿੰਗ ਅਤੇ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ, ਜਦੋਂ ਉਨ੍ਹਾਂ ਦੀਆਂ ਖਾਲੀ ਹੋਈਆਂ ਸੀਟਾਂ &rsquoਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਤਾਂ ਕਾਂਗਰਸ ਨੂੰ ਦੋਵਾਂ ਸੀਟਾਂ &rsquoਤੇ ਹਾਰ ਦਾ ਮੂੰਹ ਦੇਖਣਾ ਪਿਆ| ਆਪਣੀਆਂ ਹੀ ਪਰਿਵਾਰਕ ਸੀਟਾਂ ਨਾ ਬਚਾ ਪਾਉਣਾ ਅਤੇ ਹੁਣ ਨਿਕਾਏ ਚੋਣਾਂ ਵਿੱਚ ਪਛੜ ਜਾਣਾ, ਇਹ ਸਾਫ਼ ਇਸ਼ਾਰਾ ਕਰਦਾ ਹੈ ਕਿ ਸੰਗਠਨਾਤਮਕ ਪੱਧਰ ਤੇ ਗੰਭੀਰ ਕਮੀਆਂ ਹਨ| ਹਾਲਾਂਕਿ ਸੂਬਾ ਇੰਚਾਰਜ ਭੂਪੇਸ਼ ਬਘੇਲ ਮੌਜੂਦਾ ਸਮੇਂ ਪ੍ਰਧਾਨ ਬਦਲਣ ਦੀ ਚਰਚਾ ਤੋਂ ਇਨਕਾਰ ਕਰ ਰਹੇ ਹਨ, ਪਰ ਹਾਈਕਮਾਂਡ ਅੰਦਰ ਇਹ ਚਿੰਤਾ ਲਾਜ਼ਮੀ ਹੈ ਕਿ ਇਸ ਬਿਖਰੇ ਹੋਏ ਸੰਗਠਨ ਨਾਲ 2027 ਦੀ ਜੰਗ ਕਿਵੇਂ ਜਿੱਤੀ ਜਾਵੇਗੀ|
ਇਤਿਹਾਸ ਗਵਾਹ ਹੈ ਕਿ ਕਾਂਗਰਸ ਨੂੰ ਪੰਜਾਬ ਵਿੱਚ ਬਾਹਰੀ ਵਿਰੋਧੀਆਂ ਨੇ ਉਤਨਾ ਨੁਕਸਾਨ ਨਹੀਂ ਪਹੁੰਚਾਇਆ, ਜਿੰਨਾ ਉਸ ਦੀ ਆਪਣੀ ਅੰਦਰੂਨੀ ਗੁੱਟਬਾਜ਼ੀ ਨੇ ਪਹੁੰਚਾਇਆ ਹੈ| 2022 ਦੀਆਂ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਵੀ ਪਾਰਟੀ ਨੇ ਕੋਈ ਸਬਕ ਨਹੀਂ ਸਿੱਖਿਆ| ਜੇਕਰ ਕਾਂਗਰਸ ਹਾਈਕਮਾਂਡ ਨੇ ਤੁਰੰਤ ਸਖ਼ਤ ਫੈਸਲੇ ਨਾ ਲਏ ਅਤੇ ਆਗੂਆਂ ਨੇ ਨਿੱਜੀ ਹਿੱਤਾਂ ਅਤੇ ਪਰਿਵਾਰਵਾਦ ਨੂੰ ਛੱਡ ਕੇ ਇੱਕਜੁੱਟਤਾ ਨਾ ਦਿਖਾਈ, ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੜ ਉੱਭਰ ਰਹੀ ਭਾਜਪਾ ਦੇ ਸਾਹਮਣੇ ਕਾਂਗਰਸ ਲਈ ਪੰਜਾਬ ਦੀ ਸਿਆਸੀ ਪਿੱਚ &rsquoਤੇ ਟਿਕਣਾ ਬੇਹੱਦ ਮੁਸ਼ਕਲ ਹੋ ਜਾਵੇਗਾ| ਅੰਦਰੂਨੀ ਫੁਟ ਦੀ ਇਹ ਅੱਗ ਕਾਂਗਰਸ ਦੀਆਂ ਚੋਣ ਉਮੀਦਾਂ ਨੂੰ ਸੁਆਹ ਕਰ ਸਕਦੀ ਹੈ|
-ਰਜਿੰਦਰ ਸਿੰਘ ਪੁਰੇਵਾਲ