ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬੀ ਸੱਭਿਆਚਾਰ ਬਨਾਮ ਸਿੱਖੀ ਅਤੇ ਸਿੱਖ ਸੱਭਿਆਚਾਰ, ਸਿੱਖ ਸਮਾਜ ਦੇ ਵੱਡੇ ਹਿੱਸੇ ਨੇ ਮ੍ਰਿਤਕ ਸੰਸਕਾਰ ਸਮੇਂ ਵੀ ਪੰਜਾਬੀ ਗੀਤ ਵਜਾਉਣੇ ਸ਼ੁਰੂ ਕਰ ਦਿੱਤੇ ਹਨ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

  ਅਸੀਂ ਛੋਟੇ ਹੁੰਦੇ ਸਿੱਖ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਨਿਆਣੇ ਨੂੰ ਚਾਰ ਅੱਖਰ ਗੁਰਮੁਖੀ ਦੇ ਜ਼ਰੂਰ ਪੜ੍ਹਾਉਣੇ ਚਾਹੀਦੇ ਹਨ । ਉਹ ਇਹ ਨਹੀਂ ਸੀ ਕਹਿੰਦੇ ਕਿ ਪੰਜਾਬੀ ਪੜ੍ਹਾਉਣੀ ਚਾਹੀਦੀ ਹੈ । ਸਾਡੀ ਸਿੱਖ ਰਹਿਤ ਮਰਯਾਦਾ ਦੇ ਪੰਨਾ 20 ਉਤੇ ਇਹ ਦਰਜ ਹੈ ਕਿ ਸਿੱਖ ਨੂੰ ਗੁਰਮੁਖੀ ਵਿੱਦਿਆ ਪੜ੍ਹਨੀ ਜ਼ਰੂਰੀ ਹੈ - ਹੋਰ ਵਿੱਦਿਆ ਭੀ ਜ਼ਰੂਰ ਪੜ੍ਹੇ । ਸੰਤਾਨ ਨੂੰ ਗੁਰਸਿੱਖੀ ਦੀ ਵਿੱਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ । - ਸਿੱਖ ਰਹਿਤ ਮਰਯਾਦਾ
ਜਦੋਂ ਤੋਂ 1996 ਦੀ ਮੋਗਾ ਕਾਨਫਰੰਸ ਵਿੱਚ ਸਿੱਖ ਖਾਸੇ ਨੂੰ ਮੁੱਢੋਂ ਤਿਲਾਂਜਲੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨਿਆ ਹੈ, ਉਦੋਂ ਤੋਂ ਪੰਥ ਤੋਂ ਬਾਗ਼ੀ ਹੋ ਕੇ ਪੰਜਾਬ ਦੇ ਸਿੱਖਾਂ ਦੀ ਬਹੁ-ਗਿਣਤੀ ਨੇ ਆਪਣੇ ਆਪ ਨੂੰ ਪੰਜਾਬੀ ਅਖਵਾਉਣਾ ਸ਼ੁਰੂ ਕਰ ਦਿੱਤਾ ਹੈ । 11 ਮਈ 1981 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਇਕ ਵੱਖਰੀ ਕੌਮ ਹਨ ਦਾ ਮਤਾ ਵੀ ਪਾਸ ਕੀਤਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ &lsquoਤੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਏਨਾ ਭੂਤ ਸਵਾਰ ਹੋਇਆ, ਕਿ ਉਸ ਨੇ ਸਿੱਖਾਂ ਦੀ ਵਿਲੱਖਣਤਾ ਨੂੰ ਮਲੀਆਮੇਟ ਕਰਨ ਵਾਲੀ ਹਿੰਦੂਆਂ ਦੇ ਰੰਗਾਂ ਵਾਲੀ ਹੋਲੀ ਨੰਗੇ ਸਿਰ ਖੇਡਕੇ ਪੰਥਕ ਪਰੰਪਰਾਵਾਂ ਦਾ ਘਾਣ ਕੀਤਾ । ਖ਼ੈਰ ਆਪਾਂ ਗੱਲ ਕਰ ਰਹੇ ਸੀ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਉਭਾਰ, ਬਨਾਮ ਸਿੱਖ ਸੱਭਿਆਚਾਰ ਦਾ ਨਿਘਾਰ । ਹੁਣ ਅਸੀਂ ਵੇਖਦੇ ਹਾਂ ਕਿ ਸਿੱਖ ਗਾਇਕ ਭਾਵੇਂ ਸਿੱਖ ਆਗੂ ਹੋਣ ਉਨ੍ਹਾਂ ਦੀ ਇਕੋ ਅਵਾਜ਼ ਕੰਨਾਂ ਵਿੱਚ ਪੈਂਦੀ ਹੈ ਕਿ ਅਸੀਂ ਪੰਜਾਬੀਆਂ ਨੇ ਆਹ ਕੀਤਾ, ਅਸੀਂ ਪੰਜਾਬੀ ਆਹ ਕਰ ਦਿਆਂਗੇ, ਅਸੀਂ ਪੰਜਾਬੀਆਂ ਨੇ ਦੁਨੀਆਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ, ਪੰਜਾਬੀਆਂ ਨੇ ਦੁਨੀਆਂ ਵਿੱਚ ਝੰਡੇ ਗੱਡ ਦਿੱਤੇ, ਕੜਾ ਪਛਾਣ ਪੰਜਾਬੀਆਂ ਦੀ, ਹਾਲਾਂਕਿ ਕੜਾ ਸਿੱਖਾਂ ਦੀ ਪਛਾਣ ਹੈ ਪੰਜਾਬੀਆਂ ਦੀ ਨਹੀਂ । ਝੰਡੇ ਤਾਂ ਦੁਨੀਆਂ ਭਰ ਵਿੱਚ ਸਿੱਖਾਂ ਨੇ ਗੱਡੇ ਹੋਏ ਹਨ । ਦੁਨੀਆਂ ਭਰ ਦੇ ਹਰ ਕੋਨੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੀਆਂ ਇਮਾਰਤਾਂ ਉੱਤੇ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲਦੇ ਹਨ । ਇਥੇ ਇਹ ਵੀ ਜ਼ਿਕਰਯੋਗ ਹੈ ਕਿ : ਜੰਗਜੂ, ਕੌਮਾਂ ਗੁਲਾਮ ਹੋਣ ਦੇ ਬਾਵਜੂਦ ਵੀ ਆਪਣੀ ਕੌਮ ਦੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦਾ ਦਾਅਵਾ ਨਹੀਂ ਛੱਡਦੀਆਂ । 
ਆਉ ਹੁਣ ਸਿੱਖਾਂ ਤੇ ਪੰਜਾਬੀਆਂ ਦੀ ਅੱਡਰੀ - ਅੱਡਰੀ ਹੋਂਦ-ਹਸਤੀ ਬਾਰੇ ਪੰਜਾਬ ਦੇ ਇਤਿਹਾਸ &lsquoਤੇ ਇਕ ਪੰਛੀ ਝਾਤ ਮਾਰੀਏ ਅਤੇ ਸਿੱਖ ਤੇ ਪੰਜਾਬੀ ਦੀ ਵੱਖਰੀ ਵੱਖਰੀ ਪਹਿਚਾਣ ਨੂੰ ਜਾਣਨ ਦਾ ਯਤਨ ਕਰੀਏ । ਇਹੋ ਜਿਹੀ ਕੋਈ ਵੀ ਮਿਸਾਲ ਨਹੀਂ ਮਿਲਦੀ, ਜਿਸ ਤੋਂ ਸਾਬਤ ਹੋ ਸਕੇ ਕਿ ਪੰਜਾਬੀਆਂ ਨੇ ਬਤੌਰ ਪੰਜਾਬੀ ਕੋਈ ਸਾਂਝਾ ਮਿਸ਼ਨ ਅਪਣਾਇਆ ਹੋਵੇ । ਮੁਗਲ ਕਾਲ ਦੌਰਾਨ ਪੰਜਾਬ ਦੀ ਅੱਧੀ ਤੋਂ ਵੀ ਵੱਧ ਵੱਸੋਂ ਮੁਸਲਮਾਨ ਬਣ ਚੁੱਕੀ ਸੀ, ਜਿਨ੍ਹਾਂ ਦੇ ਧਾਰਮਿਕ ਜਜ਼ਬਾਤ ਉਨ੍ਹਾਂ ਨੂੰ ਮੁਗਲ ਹਕੂਮਤ ਪ੍ਰਤੀ ਵਫ਼ਾਦਾਰ ਹੋਣ ਲਈ ਪੇ੍ਰਰਿਤ ਕਰਦੇ ਸਨ ਅਤੇ ਹਿੰਦੂ ਰਾਜਸੀ ਪੱਖ ਤੋਂ ਮੁਰਦਾ ਹੋ ਚੁੱਕੇ ਸਨ । ਇਸ ਕਰਕੇ ਉਨ੍ਹਾਂ ਸਥਿਤੀਆਂ ਅੰਦਰ ਸਿੱਖਾਂ ਤੋਂ ਬਿਨਾਂ ਪੰਜਾਬ ਦੇ ਹੋਰ ਕਿਸੇ ਵੀ ਵਰਗ ਅੰਦਰ ਕੌਮ ਪ੍ਰਸਤੀ ਦਾ ਜਜ਼ਬਾ ਪੈਦਾ ਨਹੀਂ ਸੀ ਹੋਇਆ । (ਨੋਟ - ਉਕਤ ਟਿੱਪਣੀ ਸ: ਅਜਮੇਰ ਸਿੰਘ ਨੇ ਕਿਸ ਬਿਧ ਰੁਲੀ ਪਾਤਸ਼ਾਹੀ ਦੇ ਪੰਨਾ 165 ਉੱਤੇ, ਜਗਜੀਤ ਸਿੰਘ ਦਾ ਸਿੱਖ ਰੈਵੋਲੁਸ਼ਨ, ਪੰਨਾ 256 ਅਤੇ ਤੇਜਾ ਸਿੰਘ ਸਿਖੀਇਜ਼ਮ : ਇਟਸ ਆਈਡੀਅਲ ਐਂਡ ਇੰਸਟੀਚਿਊਸ਼ਨ, ਪ97 ਦੇ ਹਵਾਲਿਆਂ ਨਾਲ ਕੀਤੀ ਹੈ ) ਹੁਣ ਅਸੀਂ ਵੇਖਦੇ ਹਾਂ ਇਤਿਹਾਸਕਾਰ ਪ੍ਰੋਫੈਸਰ ਹਰੀ ਰਾਮ ਗੁਪਤਾ ਸਾਨੂੰ ਪੰਜਾਬੀਆਂ ਤੇ ਸਿੱਖਾਂ ਦੀ ਅੱਡਰੀ, ਅੱਡਰੀ ਹਸਤੀ ਦਾ ਫਰਕ ਸਾਨੂੰ ਕਿਵੇਂ ਸਮਝਾਉਂਦੇ ਹਨ । ਪ੍ਰੋ: ਹਰੀ ਰਾਮ ਗੁਪਤਾ ਲਿਖਦੇ ਹਨ : ਸਿੱਖਾਂ ਨੇ ਪੰਜਾਬ ਲਈ ਯੋਧਿਆਂ ਦਾ ਦੇਸ਼ ਦਾ ਕਾਬਲੇ ਰਸ਼ਕ ਨਾਂ ਜਿੱਤਿਆ ਹੈ ਅਤੇ ਸਿੱਖਾਂ ਨੂੰ ਹੀ ਇਸ ਗੱਲ ਦਾ ਮਾਣ ਹੋ ਸਕਦਾ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਹਮਲਾਵਰਾਂ ਅੱਗੇ ਛਾਤੀ ਡਾਹ ਕੇ ਉਨ੍ਹਾਂ ਨੂੰ ਠੱਲ੍ਹ ਪਾਈ ਹੈ । ਉਹ ਹਮਲਾਵਰ ਜੋ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੜ ਵਾਂਗ ਉੱਤਰ-ਪੱਛਮੀ ਦਰਿਆ ਵਿੱਚੋਂ ਦਾਖ਼ਲ ਹੁੰਦੇ ਰਹੇ ਹਨ । ਇਸ ਲਈ ਹਿੰਦੁਸਤਾਨ ਦੇ ਲੋਕਾਂ : ਖ਼ਾਸ ਕਰਕੇ ਪੰਜਾਬੀਆਂ ਨੂੰ ਸਿੱਖਾਂ ਦਾ ਸ਼ੁਕਰ-ਗੁਜ਼ਾਰ ਹੋਣਾ ਚਾਹੀਦਾ ਹੈ, ਇਥੇ ਇਕ ਹੋਰ ਹਵਾਲਾ ਵੀ ਦੇਣਾ ਕੁਥਾਂ ਨਹੀ ਹੋਵੇਗਾ, ਇਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ 800 ਸੌ ਸਾਲਾਂ ਦੇ ਦੌਰ ਵਿੱਚ ਸਿੱਖ ਇਸ ਖ਼ਿੱਤੇ ਦੇ ਪਹਿਲੇ ਹੁਕਮਰਾਨ ਸਨ, ਜਿਹੜੇ ਇਸੇ ਧਰਤੀ ਦੇ ਜੰਮੇ-ਜਾਏ ਸਨ । ਸਿੱਖ ਮਾਨਸਿਕਤਾ ਵਿੱਚ ਰਾਜ ਕਰਨ ਦੀ ਚਾਹਤ ਦੀ ਜੜ੍ਹ ਇਸ ਪਹਿਲੂ ਵਿੱਚ ਲੱਗੀ ਹੋਈ ਹੈ । ਇਸ ਖਿੱਤੇ ਦੇ ਕਿਸੇ ਸਮੇਂ ਹੁਕਮਰਾਨ ਰਹੇ ਹੋਣ ਦੀ ਮਾਨਸਿਕਤਾ ਹੀ ਹੈ ਜੋ ਸਮੇਂ ਸਮੇਂ &lsquoਤੇ ਸਿੱਖ ਸਮਾਜ ਦੀ ਧਾਰਮਿਕ-ਸਿਆਸੀ ਚੇਤਨਾ ਨੂੰ ਟੁੰਬਦੀ ਰਹਿੰਦੀ ਹੈ । ਇਹ ਭਾਈਚਾਰਾ (ਸਿੱਖ ਭਾਈਚਾਰਾ) ਹੁਣ ਵਿਸ਼ਵ-ਵਿਆਪੀ ਹੋ ਗਿਆ ਹੈ (ਹਵਾਲਾ ਪੁਸਤਕ, ਖਾਲਿਸਤਾਨ ਸੰਘਰਸ਼, ਕਹਾਣੀ ਬਲਦੇ ਦਰਿਆਵਾਂ ਦੀ) ਪੰਨਾ 9 - ਲੇਖਕ ਜਗਤਾਰ ਸਿੰਘ, ਅਠਾਰਵੀਂ ਸਦੀ ਵਿੱਚ ਪੰਜਾਬ ਨੂੰ ਮੁਗਲਾਂ ਤੇ ਅਫ਼ਗਾਨਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਪੰਜਾਬੀਆਂ ਦੇ ਨਹੀਂ । ਭਾਰਤ ਦੀ ਅਜ਼ਾਦੀ ਲਈ ਜੂਝਣ ਵਾਲਿਆਂ ਦੀ ਜਦੋਂ ਗਿਣਤੀ ਦੱਸੀ ਜਾਂਦੀ ਸੀ ਤਾਂ ਸ਼ਬਦ-ਸਿੱਖ ਅਤੇ ਗ਼ੈਰ ਸਿੱਖ ਵਰਤਿਆ ਜਾਂਦਾ ਸੀ, ਪੰਜਾਬੀ ਨਹੀਂ ਸੀ ਵਰਤਿਆ ਜਾਂਦਾ ।
ਮਿਸਾਲ ਦੇ ਤੌਰ &lsquoਤੇ - ਭਾਰਤ ਦੀ ਅਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਦੇ ਅੰਕੜੇ ਹੇਠ ਲਿਖੇ ਅਨੁਸਾਰ ਲਿਖੇ ਜਾਂਦੇ ਸਨ : ਫਾਂਸੀ &lsquoਤੇ ਚੜਿਆਂ ਦੀ ਕੁੱਲ ਗਿਣਤੀ = 131 ਜਿਨ੍ਹਾਂ ਵਿੱਚੋਂ 93 ਸਿੱਖ, 28 ਗ਼ੈਰ ਸਿੱਖ । ਕੂਕਾ ਲਹਿਰ ਦੇ 91 ਸ਼ਹੀਦ, ਸਾਰੇ ਹੀ ਸਿੱਖ । ਅਕਾਲੀ ਲਹਿਰ ਦੇ ਸ਼ਹੀਦ - 500 ਸਾਰੇ ਹੀ ਸਿੱਖ । ਕਾਲੇ ਪਾਣੀ ਉਮਰ ਕੈਦ ਦੀ ਸਜ਼ਾ ਕੁੱਲ ਗਿਣਤੀ 2646, ਜਿਨ੍ਹਾਂ ਵਿੱਚੋਂ 2147 ਸਿੱਖ - 499 ਗ਼ੈਰ ਸਿੱਖ । ਸਿੱਖ ਦੀ ਥਾਂ ਪੰਜਾਬੀ ਸ਼ਬਦ ਦੀ ਵਰਤੋਂ ਕਰਨੀ ਬਹੁਤ ਵੱਡਾ ਗੁਨਾਹ ਹੈ । ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਕਿਤਾਬ ਅੰਗ੍ਰੇਜ਼ੀ ਵਿੱਚ ਛਪਵਾਈ ਹੈ ਜਿਸ ਦਾ ਸਿਰਲੇਖ ਹੈ : ਕਾਲਾ ਪਾਣੀ ਪੰਜਾਬੀਜ਼ ਰੋਲ ਇਨ ਫਰੀਡਮ ਸਟਰਗਲ ਭਾਵ ਭਾਰਤ ਦੀ ਅਜ਼ਾਦੀ ਵਿੱਚ ਪੰਜਾਬੀਆਂ ਦਾ ਰੋਲ, ਇਥੇ ਵੀ ਸਿੱਖਾਂ ਦੀ ਥਾਂ ਪੰਜਾਬੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਅਸੀਂ ਉੱਪਰ ਸਪੱਸ਼ਟ ਕਰ ਆਏ ਹਾਂ ਕਿ ਕਾਲੇ ਪਾਣੀ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ 2646 ਭਾਰਤੀਆਂ ਵਿੱਚੋਂ 2147 ਸਿੱਖ ਸਨ । ਇਥੇ ਤੱਕ ਅਸੀਂ ਇਤਿਹਾਸ ਦੇ ਝਰੋਖੇ ਵਿੱਚੋਂ ਸਿੱਖ ਤੇ ਪੰਜਾਬੀ ਦੀ ਅੱਡਰੀ-ਅੱਡਰੀ ਹੋਂਦ ਹਸਤੀ ਦਾ ਜ਼ਿਕਰ ਕੀਤਾ ਹੈ । ਹੁਣ ਅਸੀਂ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਦਾ ਅੰਤਰ ਸਮਝਣ ਦਾ ਯਤਨ ਕਰਾਂਗੇ । ਪੰਜਾਬੀ ਸੱਭਿਆਚਾਰ ਦਾ ਅਰਥ ਹੈ - ਪੰਜਾਬੀ ਭਾਸ਼ਾ ਬੋਲਣ ਵਾਲਿਆਂ ਜਾਂ ਪੰਜਾਬ ਸੂਬੇ ਦੇ ਵਾਸੀਆਂ ਦਾ ਰਹਿਣ-ਸਹਿਣ, ਖਾਣ-ਪਾਣ, ਕਿਰਤ-ਵਿਰਤ, ਰਸਮ-ਰਿਵਾਜ ਆਦਿ । ਸਿੱਖ ਮੂਲ ਰੂਪ ਵਿੱਚ ਪੰਜਾਬ ਦੇ ਵਾਸੀ ਹੋਣ ਕਾਰਨ ਪੰਜਾਬ ਦਾ ਮੁੱਖ ਅੰਗ ਹਨ । ਸਿੱਖਾਂ ਤੋਂ ਇਲਾਵਾ ਪੰਜਾਬ ਵਿੱਚ ਦੂਜੇ ਫਿਰਕਿਆਂ ਦੇ ਲੋਕ (ਹਿੰਦੂ-ਮੁਸਲਮਾਨ-ਈਸਾਈ ਆਦਿ) ਵੀ ਰਹਿੰਦੇ ਹਨ, ਜਿਹੜੇ ਆਪੋ-ਆਪਣੇ ਧਰਮ ਅਨੁਸਾਰ ਪੂਜਾ ਪਾਠ ਕਰਦੇ, ਰੀਤਾਂ-ਰਸਮਾਂ ਨੂੰ ਮੰਨਦੇ ਹਨ ਅਤੇ ਆਪਣੇ ਨਿਰਬਾਹ ਲਈ ਕਿਰਤ-ਵਿਰਤ ਕਰਦੇ ਹਨ । ਸਾਰੇ ਪੰਜਾਬ ਵਾਸੀਆਂ ਵਿੱਚ ਪੰਜਾਬੀ ਬੋਲੀ ਇਕ ਸਾਂਝੀ ਕੜੀ ਹੈ । ਸਿੱਖ ਇਕ ਵੱਖਰੀ ਕੌਮ ਹੈ ।
ਸਿੱਖ ਨਿਰਧਾਰਤ ਰਹਿਤ ਮਰਿਯਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ । ਉਨ੍ਹਾਂ ਦਾ ਜਨਮ ਤੇ ਨਾਮ ਸੰਸਕਾਰ, ਅੰਮ੍ਰਿਤ ਸੰਸਕਾਰ, ਅਨੰਦ ਸੰਸਕਾਰ, ਮ੍ਰਿਤਕ ਸੰਸਕਾਰ ਅਤੇ ਹੋਰ ਰਹੁ ਰੀਤਾਂ ਬਾਕੀ ਫਿਰਕਿਆਂ ਨਾਲੋਂ ਭਿੰਨ ਹਨ । ਗੁਰਸਿੱਖਾਂ ਦੀ ਸਾਬਤ ਸੂਰਤ ਤੇ ਪੰਜ ਕਕਾਰਾਂ ਵਾਲੀ ਰਹਿਤ ਉਨ੍ਹਾਂ ਦੇ ਵੱਖਰੇ ਸਿੱਖ ਸੱਭਿਆਚਾਰ ਨੂੰ ਪ੍ਰਗਟਾਉਂਦੀ ਹੈ । ਇਹ ਸਿੱਖਾਂ ਦੀ ਦਿੱਖ ਨੂੰ ਨਿਆਰਾਪਨ ਵੀ ਪ੍ਰਦਾਨ ਕਰਦੀ ਹੈ । ਸਿੱਖਾਂ ਦੇ ਗੁਰਦੁਆਰਿਆਂ ਵਿੱਚ ਸੰਗਤ ਤੇ ਪੰਗਤ ਦੀ ਨਿਰਾਲੀ ਸ਼ਾਨ ਹੈ । ਸਿੱਖਾਂ ਦੀ ਅਰਦਾਸ ਵਿੱਚ ਉਨ੍ਹਾਂ ਦੇ ਸਰਬਤ ਦੇ ਭਲੇ ਦੀ ਜਾਚਨਾ ਉਨ੍ਹਾਂ ਦੀ ਵੱਖਰੀ ਸੱਭਿਅਤਾ ਪ੍ਰਗਟ ਕਰਦੀ ਹੈ । ਵੱਖਰੇ ਧਰਮ ਵਿਸ਼ਵਾਸ਼ਾਂ, ਰਹੁ-ਰੀਤਾਂ, ਤਿਉਹਾਰਾਂ ਆਦਿ ਦੇ ਕਾਰਨ ਸਿੱਖ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਨੂੰ ਇਕ ਨਹੀਂ ਕਿਹਾ ਜਾ ਸਕਦਾ । ਭਾਵੇਂ ਸਿੱਖ ਸੱਭਿਆਚਾਰ ਦਾ ਸਮੁੱਚੇ ਪੰਜਾਬੀ ਸੱਭਿਆਚਾਰ &lsquoਤੇ ਡੂੰਘਾ ਤੇ ਅਮਿਟ ਪ੍ਰਭਾਵ ਹੈ । ਆਸ ਕਰਦਾ ਹਾਂ ਪਾਠਕ ਜਨ ਸਿੱਖ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਵਿੱਚਲਾ ਅੰਤਰ ਸਮਝ ਗਏ ਹੋਣਗੇ । ਸਿੱਖ ਮਰਿਯਾਦਾ ਮ੍ਰਿਤਕ ਸੰਸਕਾਰ ਅਨੁਸਾਰ ਮ੍ਰਿਤਕ ਪ੍ਰਾਣੀ ਦੀ ਦੇਹ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਕੇਵਲ ਸੋਹਿਲੇ ਦਾ ਪਾਠ ਅਤੇ ਅਰਦਾਸ ਕੀਤੀ ਜਾਂਦੀ ਹੈ । ਪਰ ਹੁਣ ਥੋੜ੍ਹੇ ਚਿਰ ਤੋਂ ਵੇਖਣ ਵਿੱਚ ਆਇਆ ਹੈ ਕਿ ਮ੍ਰਿਤਕ ਪ੍ਰਾਣੀ ਦੀ ਦੇਹ ਨੂੰ ਅਗਨ ਭੇਟ ਕਰਦਿਆਂ ਸਾਰ ਹੀ ਕੋਈ ਨਾ ਕੋਈ ਪੰਜਾਬੀ ਦਾ ਗੀਤ ਵੱਜਣਾ ਸ਼ੁਰੂ ਹੋ ਜਾਂਦਾ ਹੈ, ਮਿਸਾਲ ਦੇ ਤੌਰ &lsquoਤੇ ਜੋ ਮੈਂ ਆਪਣੇ ਕੰਨੀ ਸੁਣਿਆ ਹੈ : ਤੇਰੇ ਜਾਣ ਦੀ ਪੀੜ ਕਿਵੇਂ ਜਰਾਂਗਾ ਮੈਂ, ਤੂੰ ਨਹੀਂ ਬੋਲਦੀ ਰਕਾਨੇ ਤੇਰੇ ਵਿੱਚ ਤੇਰਾ ਯਾਰ ਬੋਲਦਾ, ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ ਆਦਿ ਗੀਤ ਵਜਾਕੇ ਸੋਗ-ਮਈ ਮਾਹੌਲ ਨੂੰ ਇਕ ਨਮੋਸ਼ੀ ਜਨਕ ਤੇ ਹਾਸੋ-ਹੀਣਾ ਮਾਹੌਲ ਬਣਾ ਦਿੱਤਾ ਜਾਂਦਾ ਹੈ । 
   ਜਦੋਂ ਪੁੱਛਿਆ ਜਾਂਦਾ ਹੈ ਕਿ ਇਹ ਗੀਤ ਕਿਉਂ ਵਜਾਇਆ ਗਿਆ ਤਾਂ ਜੁਆਬ ਮਿਲਦਾ ਹੈ ਇਹ ਗੀਤ ਮਰਨ ਵਾਲੇ ਜਾਂ ਮਰਨ ਵਾਲੀ ਨੂੰ ਬਹੁਤ ਪਸੰਦ ਸੀ । ਭਾਵ ਮਰਨ ਵਾਲੇ ਨੂੰ ਜਾਂ ਮਰਨ ਵਾਲੀ ਨੂੰ ਗੁਰਬਾਣੀ ਦੇ ਸੋਹਿਲੇ ਦਾ ਪਾਠ ਜੋ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਪਹਿਲਾਂ ਪੜ੍ਹਿਆ ਜਾਂਦਾ ਹੈ ਅਤੇ ਫਿਰ ਮ੍ਰਿਤਕ ਨਮਿਤ ਰਖਵਾਏ ਗਏ ਸਹਿਜ ਪਾਠ ਸਮੇਂ ਗੁਰਦੁਆਰੇ ਆ ਕੇ ਅਲਾਹਣੀਆਂ, ਨੌਵੇਂ ਪਾਤਿਸ਼ਾਹ ਦੇ ਭੋਗ ਦੇ ਸਲੋਕ, ਰਾਮਕਲੀ ਦੀ ਸਦ, ਅਤੇ ਅਨੰਦ ਸਾਹਿਬ ਦੀ ਗੁਰਬਾਣੀ ਪਸੰਦ ਨਹੀਂ ਸੀ, ਉਹਨਾਂ ਨੂੰ ਪੰਜਾਬੀ ਗੀਤ ਪਸੰਦ ਸੀ ਜਿਹੜੇ ਸਿੱਖ ਦੀ ਸੁਰਤ ਵਿੱਚ ਖਿੰਡਾਓ ਪੈਦਾ ਕਰਦੇ ਹਨ । ਮ੍ਰਿਤਕ ਸੰਸਕਾਰ ਸਮੇਂ ਨਮੋਸ਼ੀ ਭਰਿਆ ਇਹ ਵਰਤਾਰਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ - ਗੁਰਬਾਣੀ ਦੀ ਤੌਹੀਨ ਕਰਨ ਵਾਲਾ ਇਹ ਵਰਤਾਰਾ ਬਹੁਤ ਹੀ ਚਿੰਤਾਜਨਕ ਹੈ । ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਗੁਰਮਤਿ ਵਿਰੋਧੀ ਵਰਤਾਰੇ ਨੂੰ ਰੋਕਣ ਲਈ ਯਤਨ ਜਰੂਰ ਕਰਨ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।