ਪੰਥ ਤੇ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢਣ ਲਈ ਗੁਰੂ ਗ੍ਰੰਥ, ਗੁਰੂ ਪੰਥ ਦੀ ਵਿਚਾਰਧਾਰਾ ਨੂੰ ਪ੍ਰਚੰਡ ਕਰਨ ਦੀ ਲੋੜ ਹੈ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

11 ਜੂਨ ਤੋਂ 18 ਜੂਨ 2026 ਪੰਜਾਬ ਟਾਈਮਜ਼ ਯੂ।ਕੇ। ਦੇ ਅੰਕ 3134 ਦੇ ਸਫ਼ਾ ਤਿੰਨ ਉੱਤੇ : ਘੱਲੂਘਾਰਾ ਚੌਰਾਸੀ ਦੀ ਬਰਸੀ ਬਾਰੇ ਜਥੇਦਾਰ ਦੇ ਸੰਦੇਸ਼ ਦੇ ਮਾਇਨੇ ਅਤੇ ਵੱਡੇ ਸਵਾਲ ਦੇ ਸਿਰਲੇਖ ਹੇਠ ਖ਼ਬਰ ਛਪੀ ਹੈ, ਜਿਸ ਦਾ ਸਾਰਅੰਸ਼ ਇਹ ਹੈ ਕਿ : ਜੂਨ 1984 ਦਾ ਘੱਲੂਘਾਰਾ ਸਿੱਖ ਮਾਨਸਿਕਤਾ &lsquoਤੇ ਇਕ ਅਜਿਹਾ ਡੂੰਘਾ ਜ਼ਖ਼ਮ ਹੈ, ਜਿਸ ਦੀ ਪੀੜ ਹਰ ਸਾਲ ਜੂਨ ਦਾ ਮਹੀਨਾ ਆਉਂਦਿਆਂ ਸਾਰ ਹੀ ਨਸੂਰ ਬਣਕੇ ਵਹਿਣ ਲੱਗਦੀ ਹੈ । ਇਸ ਇਤਿਹਾਸਕ ਤੇ ਰੂਹਾਨੀ ਸੰਕਟ ਦੇ ਦਿਹਾੜੇ &lsquoਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਂ ਦਿੱਤਾ ਸੰਦੇਸ਼ ਮਹਿਜ਼ ਰਸਮੀ ਬਿਆਨਬਾਜ਼ੀ ਨਹੀਂ, ਸਗੋਂ ਭਟਕ ਰਹੀ ਕੌਮੀ ਬੇੜੀ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਇਕ ਚਾਨਣ-ਮੁਨਾਰਾ ਪ੍ਰਤੀਤ ਹੁੰਦਾ ਹੈ ਜਿਸ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ, ਗੁਰੂ ਪੰਥ ਦੇ ਜੋਤਿ ਅਤੇ ਜੁਗਤਿ ਦਾ ਸਿੱਖੀ ਵਿਧਾਨ ਲਾਗੂ ਕੀਤੇ ਤੋਂ ਬਿਨਾਂ ਸਿੱਖ ਕੌਮ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਕਾਇਮ ਨਹੀਂ ਰੱਖ ਸਕੇਗੀ, ਕਿਉਂਕਿ ਜੁਗਤਿ ਤੋਂ ਬਿਨਾਂ ਜੋਤਿ ਦਾ ਦੈਵੀ ਵਰਤਾਰਾ ਨਹੀਂ ਵਰਤੇਗਾ । ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੇ ਕੌਮ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੁੜਨ ਦੀ ਅਪੀਲ ਕੀਤੀ ਹੈ । ਅੱਜ ਜਦੋਂ ਸਿੱਖ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਸ਼ਖ਼ਸ਼ੀਅਤ ਪੂਜਾ, ਕਰਮਕਾਂਡ, ਡੇਰਾਵਾਦ, ਧੜੇਬੰਦੀਆਂ ਅਤੇ ਅੰਦਰੂਨੀ ਕਾਟੋ ਕਲੇਸ਼ ਦੀ ਦਲਦਲ ਵਿੱਚ ਧੱਸ ਚੁੱਕੀਆਂ ਹਨ । ਉਥੇ ਇਹ ਸੰਦੇਸ਼ (ਗੁਰੂ ਗ੍ਰੰਥ, ਗੁਰੂ ਪੰਥ) ਇਕ ਜਗਾਉਣ ਵਾਲੀ ਹੂਕ ਵਾਂਗ ਹੈ, ਕਿਉਂਕਿ ਦਸ਼ਮੇਸ਼ ਪਿਤਾ ਦੇ ਸਾਜੇ ਨਿਵਾਜੇ ਪੰਥ ਵਿੱਚ ਧੜਾ ਪ੍ਰਵਾਨ ਨਹੀਂ ਹੈ । ਇਹ ਅਪੀਲ ਯਾਦ ਦਿਵਾਉਂਦੀ ਹੈ ਕਿ ਜਦੋਂ ਤੱਕ ਸਿੱਖ ਕੌਮ ਸੰਸਥਾਗਤ ਤੌਰ &lsquoਤੇ ਪੰਥਕ ਸਿਧਾਂਤ ਅਤੇ ਰੂਹਾਨੀ ਤੌਰ &lsquoਤੇ ਗੁਰਬਾਣੀ ਦੇ ਫਲਸਫ਼ੇ ਨੂੰ ਆਪਣਾ ਧੁਰਾ ਨਹੀਂ ਬਣਾਉਂਦੀ ਉਦੋਂ ਤੱਕ ਅੰਦਰੂਨੀ ਨਿਘਾਰ ਨੂੰ ਠੱਲ੍ਹ ਪਾਉਣਾ ਅਸੰਭਵ ਹੈ । 1708 ਈ: ਨੂੰ ਨੰਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿਘ ਜੀ ਨੇ ਜਦੋਂ &ldquoਸ਼ਬਦ ਗੁਰੂ ਨੂੰ ਤਖਤ ਤੇ ਸੁਭਾਇਮਾਨ ਕੀਤਾ ਤਾਂ ਜੋਤਿ ਸਮਾਉਣ ਤੋਂ ਪਹਿਲਾਂ ਇਹ ਅ ੰਤਮ ਬਚਨ ਉਚਾਰੇ ਸਨ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ ਅਰਥਾਤ ਸਿੱਖ ਧਰਮ ਹੀ ਸਦੀਵੀ ਵਿਧਾਨ ਹੋਵੇਗਾ ।&rdquo ਗੁਰੂ ਗ੍ਰੰਥ, ਗੁਰੂ ਪੰਥ ਅਤੇ ਇਹ ਅਸਲ ਦੋਹਰਾ ਹੈ । ਗੁਰੂ ਖਾਲਸਾ ਮਾਨੀਅਹ ਪ੍ਰਗਟ ਗੁਰਾਂ ਕੀ ਦੇਹਿ ॥ (ਨੋਟ ਇਹ ਦੋਹਰਾ ਮਗਰੋਂ ਗਿਆਨੀ ਗਿਆਨ ਸਿੰਘ ਨੇ ਬਦਲ ਕੇ ਆਪਣੇ ਪੰਥ ਪ੍ਰਕਾਸ਼ ਵਿੱਚ ਇਉਂ ਲਿਖ ਦਿੱਤਾ ਕਿ, ਗੁਰੂ ਗ੍ਰੰਥ ਜੀ ਮਾਨੀੳ ਪ੍ਰਗਟ ਗੁਰਾਂ ਦੀ ਦੇਹ, ਪਰ ਇਹ ਬਦਲਿਆ ਹੋਇਆ ਦੋਹਰਾ ਗੁਰੂ ਗੋਬਿੰਦ ਜੀ ਦੇ ਇਨ੍ਹਾਂ ਬਚਨਾਂ : ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਦੇ ਗੁਰਮਤਿ ਦੇ ਸਿਧਾਂਤ ਦੇ ਵਿਰੁੱਧ ਹੈ, ਕਿਉਂਕਿ ਦੇਹ ਪੰਥ ਵਿੱਚੋਂ ਪ੍ਰਗਟ ਹੋਣੀ ਹੈ ਗ੍ਰੰਥ ਵਿੱਚੋਂ ਨਹੀਂ । ਖ਼ਾਲਸਾ ਪੰਥ ਨੂੰ ਗੰਭੀਰਤਾ ਨਾਲ ਇਸ ਗੈਰ-ਸਿਧਾਂਤਕ ਦੋਹਰੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ ।) 1-ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੀ ਪਦ ਪਦਵੀ : ਆਪਿ ਨਰਾਇਣੁ ਕਲਾ ਧਾਰਿ ਜਗਿ ਮਹਿ ਪਰਵਰਿਯਉ ਅੰਗ 1395 2-ਅਪਰੰਪਰ ਪਾਰਿਬ੍ਰਹਮ ਪ੍ਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ ਅੰਗ 599 3-ਗੁਰ ਪ੍ਰਮੇਸਰੁ ਇਕੋ ਜਾਣੁ ਜੋ ਤਿਸ ਭਾਵੈ ਸੋ ਪ੍ਰਵਾਣੁ ਅੰਗ 864 । ਨਿਰੰਕਾਰ ਨੇ ਆਪਣੀ ਜੋਤ ਗੁਰੂ ਨਾਨਕ ਵਿੱਚ ਪ੍ਰਗਟ ਕੀਤੀ ਹੈ ।
ਸ਼ਬਦ ਗੁਰੂ ਦੀ ਸਥਾਪਨਾ ਤਾਂ ਗੁਰੂ ਨਾਨਕ ਸਾਹਿਬ ਨੇ ਉਦੋਂ ਹੀ ਕਰ ਦਿੱਤੀ ਸੀ, ਜਦੋਂ ਸਿਧਾਂ ਨੇ ਗੁਰੂ ਨਾਨਕ ਨੂੰ ਪੁੱਛਿਆ ਸੀ ਕਿ : ਕਵਣੁ ਮੂਲੁ, ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ ॥ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜੁਆਬ ਦਿੱਤਾ ਸੀ ਕਿ : ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਤੇ ਫਿਰ ਸਬਦਿ ਜਿਤੀ ਸਿਧਿ ਮੰਡਲੀ ਕੀਤਾ ਸੁ ਅਪਣਾ ਪੰਥੁ ਨਿਰਾਲਾ ॥ ਅਤੇ ਮਾਰਿਆ ਸਿਕਾ ਜਗਤਿ ਵਿਚ ਨਾਨਕ ਨਿਰਮਲ ਪੰਥ ਚਲਾਇਆ । ਸਿੱਖ ਰਹਿਤ ਮਰਿਯਾਦਾ ਦੇ ਪੰਨਾ 27 ਉੱਤੇ ਗੁਰੂ ਪੰਥ ਦੀ ਵਿਆਖਿਆ ਦਰਜ ਹੈ । ਗੁਰੂ ਪੰਥ : ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ । ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ । ਅੱਜ ਜਦੋਂ ਅਸੀਂ ਗੁਰੂ ਗ੍ਰੰਥ, ਗੁਰੂ ਪੰਥ ਦੀ ਗੱਲ ਕਰ ਰਹੇ ਹਾਂ ਤਾਂ ਦੋ ਗੱਲਾਂ ਜਾਨਣੀਆਂ ਬਹੁਤ ਜਰੂਰੀ ਹਨ, ਪਹਿਲੀ : ਗੁਰੂ ਗ੍ਰੰਥ, ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ । ਆਮ ਆਦਮੀਆਂ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ, ਪਰ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ, ਗੁਰੂ ਨਾਨਕ ਜੋਤਿ, ਇਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ-ਗੁ: ਗ੍ਰੰ: ਸਾ: ਪੰਨਾ 966 (ਹਵਾਲਾ ਪੁਸਤਕ ਹੁਕਮਨਾਮੇ ਆਦੇਸ਼, ਸੰਦੇਸ਼ ॥। ਸ੍ਰੀ ਅਕਾਲ ਤਖ਼ਤ ਸਾਹਿਬ, ਸੰਪਾਦਕ, ਰੂਪ ਸਿੰਘ) 
ਦੂਸਰੀ ਗੱਲ : ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਮੁੱਢਲੇ ਅਸੂਲ ਅਤੇ ਉਨ੍ਹਾਂ ਦੀ (ਗੁਰੂ ਨਾਨਕ ਦੀ) ਦੈਵੀ ਗੁਰੂ ਪਦ-ਪਦਵੀ ਬਾਰੇ ਜਾਨਣਾ ਜ਼ਰੂਰੀ ਹੈ । ਸਿੱਖੀ ਦੇ ਮੁੱਢਲੇ ਅਸੂਲਾਂ ਵਿੱਚ ਸਮਾਜਿਕ ਬਿਰਤੀ ਏਨੇ ਤੀਖਣ ਰੂਪ ਵਿੱਚ ਰਲਗੱਡ ਹੈ ਕਿ ਇਨ੍ਹਾਂ ਤੋਂ ਬਿਨਾਂ ਸਿੱਖੀ ਦਾ ਸਾਰਥਕ ਤਸੱਵਰ ਉਸਰ ਹੀ ਨਹੀਂ ਸਕਦਾ । ਸਿੱਖੀ ਦਾ ਅੰਤਮ ਮਨੋਰਥ ਆਦਿ ਗੁਰੂ ਅਕਾਲ ਪੁਰਖ ਨੂੰ ਮਨੁੱਖੀ ਇਤਿਹਾਸ ਵਿੱਚ ਉਤਾਰਨਾ ਹੈ ਤਾਂ ਕਿ ਸਦੀਵੀ ਕਾਲ ਲਈ ਹਲੇਮੀ ਰਾਜ, ਮਨੁੱਖਤਾ ਦੇ ਕਲਿਆਣ ਅਤੇ ਹਰ ਪੱਖੋਂ ਗੁਰੂ ਨਾਨਕ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਸਕੇ । ਅਕਾਲ ਪੁਰਖ ਗੁਰੂ ਨਾਨਕ ਦਾ ਗੁਰੂ ਹੈ ਅਤੇ ਗੁਰੂ ਨਾਨਕ ਦੀ ਬਾਣੀ ਰਾਹੀਂ ੳਸਨੇ ਸੰਸਾਰੀ ਜੀਵਾਂ ਨਾਲ ਆਪਣੇ ਪੱਕੇ-ਪੀਢੇ ਪਿਆਰ ਦੇ ਸਦੀਵੀ ਰਿਸ਼ਤੇ ਦੀ ਵਿਆਖਿਆ ਕੀਤੀ ਹੈ । ਏਸ ਅਨੁਸਾਰ ੳਹ ਮਨੁੱਖਾਂ ਸਮੇਤ ਹਰ ਜੀਵ ਨੂੰ ਸੁਖੀ ਅਤੇ ਦੈਵੀ-ਨੈਤਿਕਤਾ ਦੇ ਦਾਇਰੇ ਵਿੱਚ ਰਹਿੰਦਿਆਂ ਆਪਣੀ ਅਜ਼ਾਦ ਹੈਸੀਅਤ ਸਿਰਜਣ ਅਤੇ ਕਾਇਮ ਰੱਖਣ ਦਾ ਹੱਕ ਬਖ਼ਸ਼ਦਾ ਹੈ । ਗੁਰੂ ਨਾਨਕ ਦਾ ਸਾਰਾ ਪ੍ਰਚਾਰ ਏਸ ਮੁੱਢਲੇ ਸੰਕਲਪ ਉੱਤੇ ਟੇਕ ਰੱਖਦਾ ਹੈ । ਆਪਣੇ ਆਪ ਨੂੰ ਪ੍ਰਗਟ ਕਰਕੇ ਹਨੇਰਾ ਦੂਰ ਕਰਨ ਵਾਲਾ ੳਹੀ ਹੋ ਸਕਦਾ ਸੀ । ਗੁਰੂ ਨਾਨਕ ਦਾ ਉਪਦੇਸ਼ ਪਹਿਲੇ ਜਾਮੇ ਵਿੱਚ ਹੀ ਮੁਕੰਮਲ ਸੀ ਪਰ ਜੋਤ-ਜੁਗਤ ਦਾ ਸਫ਼ਰ ਦਸ ਜਾਮੇ ਧਾਰਕੇ ਗੁਰੂ ਗ੍ਰੰਥ, ਗੁਰੂ ਪੰਥ ਪ੍ਰਕਾਸ਼ ਦੇ ਇਲਾਹੀ ਪੜਾਅ ਉੱਤੇ ਪਹੁੰਚਣਾ ਲਾਜ਼ਮੀ ਸੀ । ਇਹ ਸਫ਼ਰ ਗੁਰੂ-ਅੰਸ਼ ਨੂੰ ਇਤਿਹਾਸ ਵਿੱਚ ਉਤਾਰਨ ਦਾ ਮਹਾਂ ਯੁੱਗ ਸੀ ਜੋ ਸਿਧਾਂਤਕ ਰੂਪ ਵਿੱਚ 1699 ਦੀ ਸੁਭਾਗੀ ਵਿਸਾਖੀ ਨੂੰ ਪਾਹੁਲ ਦੇ ਬਾਟੇ ਵਿੱਚ ਸਦੀਆਂ ਦਾ ਸਹਿਜ ਪ੍ਰੇਮ ਸਮਾ ਗਿਆ । ਕਿਉਂਕਿ ਅੰਮ੍ਰਿਤਧਾਰੀ ਖ਼ਾਲਸੇ ਨੇ ਜੱਗੋ-ਜੁੱਗ ਅੱਟਲ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਮਹਿਫੂਜ ਰੱਖਣਾ ਹੈ । ਉਪਦੇਸ਼ ਦੀ ਪਹਿਲ-ਤਾਜਗੀ ਨੂੰ ਕਾਇਮ ਰੱਖਦਿਆਂ ਹੋਇਆਂ ਮਨੁੱਖਤਾ ਦੀ ਸੁਰਤ ਨੂੰ ਅਕਾਲ-ਸੁਰਤ ਵਿੱਚ ਸਮੋਣਾ ਸੀ । ਏਸ ਲਈ ਅਕਾਲ ਨਾਲ ਅਭੇਦ ਹੋਏ ਸਮੂਹ ਨੂੰ ਗੁਰੂ ਨੇ ਸਾਰੀ ਮਨੁੱਖਤਾ ਦਾ ਪ੍ਰਤੀਨਿੱਧ ਜਾਣਿਆ । (ਪ੍ਰਗਟਿੳ ਖ਼ਾਲਸਾ ਪ੍ਰਮਾਤਮ ਕੀ ਮੌਜ) ਖ਼ਾਲਸਾ ਸਮੂਹ ਨੂੰ ਗੁਰੂ ਗ੍ਰੰਥ ਦੀ ਤਾਬਿਆ ਗੁਰੂ ਰੂਪ ਹੋ ਕੇ ਵਿਚਰਨ ਦੀ ਬਖ਼ਸ਼ਿਸ਼ ਕਰਨ ਲਈ ਸੱਚੇ ਸਾਹਿਬ (ਗੁਰੂ ਗੋਬਿੰਦ ਸਿੰਘ) ਨੇ ਬੀਰ ਆਸਣ ਹੋ ਕੇ ਮਨੁੱਖੀ ਇਤਿਹਾਸ ਦੀ ਭਾਗ ਭਰੀ ਕ੍ਰਾਂਤੀ ਨੂੰ ਜਨਮ ਦਿੰਦਿਆਂ ਉਸੇ ਬਾਟੇ ਵਿੱਚੋਂ ਪਾਹੁਲ ਦੀ ਜਾਚਨਾ ਕੀਤੀ, ਜਿਸ ਨੂੰ ਹਜੂਰ ਨੇ ਖ਼ੁਦ ਤਿਆਰ ਕੀਤਾ ਸੀ, ਗੁਰੂ-ਜੋਤ ਦੇ ਏਸ ਅਦੁੱਤੀ ਵਰਤਾਰੇ ਨੇ ਮਨੁੱਖੀ ਇਤਿਹਾਸ ਨਾਲ ਮੂਲ ਜੋਤਿ-ਜੁਗਤ ਰਾਹੀਂ ਇਉਂ ਜੋੜਿਆ ਗਿਆ (ਹਵਾਲਾ-ਅਕਾਲ ਤਖ਼ਤ ਦਾ ਵਿਰਾਟ ਦਰਸ਼ਨ-ਲੇਖਕ ਸ: ਗੁਰਤੇਜ ਸਿੰਘ) ਗੁਰੂ ਗ੍ਰੰਥ, ਗੁਰੂ ਪੰਥ ਦੇ ਸਿਧਾਂਤ ਦੇ ਧਰਾਤਲ ਉੱਤੇ ਹੁਣ ਖ਼ਾਲਸਾ ਪੰਥ ਨੇ ਅਕਾਲ ਰੂਪ ਹੋ ਕੇ ਸਮਾਜ ਦੀ, ਧਰਤੀ ਦੀ ਪ੍ਰਤਿਪਾਲਣਾ ਕਰਨ ਦੀ ਜ਼ਿੰਮੇਵਾਰੀ ਸੰਭਾਲਣੀ ਹੈ ਅਤੇ ਹਲੇਮੀ ਰਾਜ ਦੇ ਸੰਕਲਪ ਨੂੰ ਮੂਰਤੀਮਾਨ ਕਰਨਾ ਹੈ । ਕਿਸ ਹੱਦ ਤੱਕ ਇਹ ਸੰਭਵ ਹੈ ? ਇਹ ਨਾਮ ਦੀ ਪਾਕ ਸਾਧਨਾ, ਰਹਿਤ ਦੀ ਪ੍ਰਪੱਕਤਾ ਅਤੇ ਤਸੱਵਰ ਵਿੱਚ ਗੁਰੂ ਗ੍ਰੰਥ ਦੀ ਪਾਕ ਪਰਵਾਜ਼ ਨੂੰ ਵਸਾਉਣ ਉੱਤੇ ਅਧਾਰਤ ਹੈ । ਸਿੱਖ ਧਰਮ ਦੀ ਸਿਆਸੀ ਅਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂ ਪੰਥ ਹੈ । ਪੰਥ ਕੋਈ ਨਿਰੋਲ ਧਾਰਮਿਕ ਸੰਸਥਾ ਦਾ ਨਾਂਅ ਨਹੀਂ ਤੇ ਨਾ ਹੀ ਕਿਸੇ ਇਕ ਸਮੇਂ ਦੀ ਲੋੜ ਪੂਰਨ ਲਈ ਨਹੀਂ ਹੈ । ਪੰਥ ਉਨ੍ਹਾਂ ਮਰਜੀਵੜਿਆਂ ਦਾ ਇਕੱਠ ਹੈ ਜਿਨ੍ਹਾਂ ਨੇ ਦੀਨ ਦੁਨੀ ਦੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਆਸ਼ਿਆਂ ਤੇ ਨਿਸ਼ਾਨਿਆਂ (ਹਲੇਮੀ ਰਾਜ) ਨੂੰ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਨਿਸ਼ਾਨਿਆਂ ਦੀ ਪੂਰਤੀ ਲਈ ਉਹ ਆਪਾ ਵਾਰਣ ਲਈ ਤੱਤਪਰ ਹਨ ਅਤੇ ਨਿੱਜੀ ਘਾਲਣਾ ਦੇ ਨਾਲ ਸਮੂਹਿਕ ਘਾਲਣਾ ਕਰਨਾ ਵੀ ਆਪਣਾ ਫਰਜ ਸਮਝਦੇ ਹਨ (ਹਵਾਲਾ ਪੁਸਤਕ-ਖ਼ਾਲਸੇ ਦੀ ਵਾਸੀ, ਲੇਖਕ ਪ੍ਰਿੰ: ਸਤਿਬੀਰ ਸਿੰਘ)
ਸਿੱਖੀ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਅਨੋਖਾ ਸੁਮੇਲ ਹੈ । ਇਕ ਦਾ ਸੰਬੰਧ ਗੁਰੂ ਪਰੰਪਰਾ ਦੇ ਸਿਧਾਂਤਕ ਪੱਖ ਨਾਲ ਹੈ ਜਦਕਿ ਦੂਜੇ ਦਾ ਵਿਵਹਾਰਕ ਪੱਖ ਨਾਲ । ਸਿਧਾਂਤਕ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਸੰਸਾਰ ਤੱਕ ਕੀਰਤੀਮਾਨ ਕਰਨ ਪੱਖੋਂ ਪੰਥ ਗੁਰੂ ਹੈ । ਦੋਵੇਂ ਇਕ ਦੂਜੇ ਦੇ ਪੂਰਕ ਹਨ । ਅਸਲ ਵਿੱਚ ਗੁਰੂ ਪੰਥ, ਗੁਰੂ ਗ੍ਰੰਥ ਦੇ ਸਿਧਾਂਤ ਨੂੰ ਸਮਾਜ ਵਿੱਚ ਵਿਵਹਾਰਕ ਤੌਰ &lsquoਤੇ ਸਥਾਪਤ ਕਰਨ ਦਾ ਕਾਰਜ ਕਰਦਾ ਹੈ । ਗੁਰੂ ਖ਼ਾਲਸਾ ਪੰਥ ਦੱਸਵੇਂ ਨਾਨਕ ਦਾ ਸਰੀਰਕ ਰੂਪ ਹੈ ਜਦਕਿ ਗੁਰੂ ਗ੍ਰੰਥ ਉਸ ਦੀ ਰੂਹ ਦਾ ਨੁਮਾਇੰਦਾ ਹੈ । ਸ੍ਰ: ਕਪੂਰ ਸਿੰਘ ਜੀ ਲਿਖਦੇ ਹਨ &ldquoਪੰਥ ਦੀ ਸੰਪੂਰਨਤਾ ਇਸ ਨੂੰ ਗੁਰੂ ਪਦਵੀ ਪ੍ਰਾਪਤ ਹੋਣ ਨਾਲ ਹੋਈ । ਗੁਰੂ ਪੰਥ ਨੇ ਆਪਣੇ ਗੁਰਤਾ ਦੇ ਅਸੀਮ ਅਧਿਕਾਰ ਦੀ ਵਰਤੋਂ ਪਹਿਲੀ ਵਾਰ ਚਮਕੌਰ ਦੀ ਗੜ੍ਹੀ ਵਿੱਚ ਕੀਤੀ ਜਦੋਂ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਥ ਨੇ ਆਦੇਸ਼ ਕੀਤਾ ਕਿ ਚਮਕੌਰ ਦੀ ਗੜ੍ਹੀ ਨੂੰ ਛੱਡ ਜਾਣ ।&rdquo ਖ਼ਾਲਸਾ ਪੰਥ ਉਨਾਂ ਚਿਰ ਹੀ ਗੁਰੂ ਖ਼ਾਲਸਾ ਪੰਥ ਅਖਵਾ ਸਕਦਾ ਹੈ, ਜਿਨ੍ਹਾਂ ਚਿਰ ਤਾਂਈ ਉਹ ਗੁਰੂ (ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ) ਦੀ ਸਰਬ, ਸ੍ਰੇਸ਼ਟ ਰੂਹ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹਾਜਰ ਨਾਜਰ ਮੰਨਦਾ ਹੈ । ਆਰ।ਐੱਸ।ਐੱਸ। ਅਤੇ ਭਾਜਪਾ ਦਾ ਰਾਜ-ਸੱਤਾ ਦੇ ਬਲਬੂਤੇ ਸਾਰੀਆਂ ਕਾਰਵਾਈਆਂ ਦਾ ਅਸਲ ਨਿਸ਼ਾਨਾ ਹੈ, ਦਸ਼ਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ੍ਰੰਥ-ਪੰਥ ਦੀ ਗੁਰਆਈ ਤੇ ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖ਼ਤਮ ਕਰਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦੇਣਾ ਕਿ ਖ਼ਾਲਸਾ ਪੰਥ ਦੀ ਵੱਖਰੀ ਪਛਾਣ ਹੀ ਮਿਟ ਜਾਵੇ । ਪੰਥਵਾਦੀ ਸ਼ਕਤੀ ਦੀ, ਨੀਤੀ ਪਾਲਸੀ ਹੀ ਸਿੱਖਾਂ ਦੀ ਨਿਆਰੀ, ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਉਭਾਰਦੀ ਆਈ ਅਤੇ ਉਭਾਰ ਸਕਦੀ ਹੈ । ਸਿੱਖ ਕੌਮ ਕਈ ਹਕੂਮਤਾਂ ਦੇ ਜ਼ੁਲਮ ਦੇ ਤੁਫ਼ਾਨਾਂ ਤੇ ਝੱਖੜਾਂ ਵਿੱਚ ਜੀਊਂਦੀ ਰਹੀ ਤਾਂ ਆਪਣੇ ਮੂਲ ਗੁਰੂ ਗ੍ਰੰਥ, ਗੁਰੂ ਪੰਥ ਦੀ ਗੁਰਮਤਿ ਵਿਚਾਰਧਾਰਾ ਜੁੜਕੇ ਜਿਊਂਦੀ ਰਹਿ ਸਕੀ ਹੈ । ਸਿੱਖਾਂ ਨੂੰ ਵੀ ਹੁਣ ਆਪਣੇ ਸ਼ਾਨਾਮਤੇ ਇਤਿਹਾਸ ਵਿੱਚ ਸਮੋਏ ਸਿੱਖ ਕਿਰਦਾਰ ਦੇ ਹਾਣ ਦੇ ਬਣਕੇ ਵਿਖਾਉਣਾ ਪਵੇਗਾ । ਪੰਥ ਤੇ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢਣ ਲਈ ਗੁਰੂ ਗ੍ਰੰਥ, ਗੁਰੂ ਪੰਥ ਦੀ ਵਿਚਾਰਧਾਰਾ ਨੂੰ ਪ੍ਰਚੰਡ ਕਰਨ ਦੀ ਲੋੜ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।
(ਅਗਲੇ ਹਫ਼ਤੇ ਪੜੋ੍ਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਰੇ ਵਿਸ਼ੇਸ਼ ਲੇਖ