ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਲੇਖ, ਦਿੱਲੀ ਦੇ ਬਾਦਸ਼ਾਹ ਫ਼ਰੱਖਸੀਅਰ ਨੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਵਿੱਚ ਬਦਨਾਮ ਕਰਵਾ ਕੇ ਇਕ ਸਾਜਿਸ਼ੀ ਨੀਤੀ ਅਨੁਸਾਰ ਗ੍ਰਿਫ਼ਤਾਰ ਕਰਕੇ ਸ਼ਹੀਦ ਕੀਤਾ, 27 ਮਈ 1710 ਨੂੰ ਦਰਬਾਰ-ਏ-ਖ਼ਾਲਸਾ ਦੀ ਪਹਿਲੀ ਸੰਸਦ ਰਾਹੀਂ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਤ ਕਰਕੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂਅ ‘ਤੇ ਸਿੱਕੇ ਤੇ ਮੋਹਰਾਂ ਜਾਰੀ ਕਰ ਦਿੱਤੀਆਂ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

1711 ਸਾਲ ਵਿੱਚ ਬੰਦਾ ਸਿੰਘ ਬਹਾਦਰ ਨੇ ਸਾਰੀਆਂ ਪਹਾੜੀ ਰਿਆਸਤਾਂ ਅਤੇ ਰਾਵੀ ਬਿਆਸ ਦਰਿਆਵਾਂ ਦੇ ਮੈਦਾਨੀ ਇਲਾਕੇ ਵਿੱਚ ਪੂਰੀ ਤਰ੍ਹਾਂ ਖ਼ਾਲਸਾ ਰਾਜ ਸਥਾਪਿਤ ਕਰ ਲਿਆ ਸੀ । 1711 ਦੀ ਤਰ੍ਹਾਂ 1712 ਸਾਲ ਵੀ ਖ਼ਾਲਸੇ ਦਾ ਸਾਲ ਸੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਰਾਵੀ ਤੋਂ ਲੈ ਕੇ ਜਮਨਾ ਤੱਕ ਦੇ ਖੇਤਰ ਉੱਪਰ ਵੀ ਖ਼ਾਲਸੇ ਦਾ ਹੀ ਰਾਜ ਸੀ, ਦਿਨ ਰਾਤ ਖ਼ਾਲਸੇ ਦੇ ਜੈਕਾਰੇ ਗੂੰਜਦੇ ਸਨ, ਦੂਜੇ ਪਾਸੇ 1712 ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਲਈ ਬੜਾ ਸੰਕਟ ਮਈ ਸਮਾਂ ਸੀ, ਉਸ ਨੂੰ ਲਗਾਤਾਰ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਭੇਜੀਆਂ ਗਈਆਂ ਮੁਹਿੰਮਾਂ ਦੀ ਅਸਫਲਤਾਵਾਂ ਦੀਆਂ ਖ਼ਬਰਾਂ ਮਿਲ ਰਹੀਆਂ ਸਨ ।
ਦਿੱਲੀ ਦਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਤੋਂ ਇੰਨਾ ਭੈ-ਭੀਤ ਹੋ ਗਿਆ ਤੇ ਇੰਨਾ ਡਰ ਗਿਆ ਕਿ ਕਿਤੇ ਦਾੜੀ ਵਾਲੇ ਹਿੰਦੂਆਂ ਵਿੱਚ ਕੋਈ ਸਿੱਖ ਹੀ ਨਾ ਹੋਵੇ ਜੋ ਬੰਦਾ ਸਿੰਘ ਬਹਾਦਰ ਲਈ ਸੂਹੀਏ ਦਾ ਕੰਮ ਕਰਦਾ ਹੋਵੇ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬਾਦਸ਼ਾਹੀ ਦਫ਼ਤਰਾਂ ਵਿੱਚ ਜਿਤਨੇ ਭੀ ਹਿੰਦੂ ਪੇਸ਼ਕਾਰ ਨੌਕਰ ਹਨ ਉਹ ਆਪਣੀਆਂ ਦਾੜੀਆਂ ਮੁੰਨਵਾ ਦੇਣ ਤਾਂ ਕਿ ਹਿੰਦੂ ਸਿੱਖ ਦੇ ਫਰਕ ਦਾ ਪਤਾ ਲੱਗਦਾ ਰਹੇ । ਫਿਰ ਹਿੰਦੂ ਦੀਵਾਨਾਂ ਅਤੇ ਪੇਸ਼ਕਾਰਾਂ ਨੇ ਇਸ ਹੁਕਮ ਦੀ ਤੁਰੰਤ ਪਾਲਣਾ ਕਰਦੇ ਹੋਏ ਤੁਰੰਤ ਦਾੜੀਆਂ ਮੁਨਾ ਦਿੱਤੀਆਂ, ਜਿਸ ਤੋਂ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਇਨ੍ਹਾਂ ਨੂੰ ਖਿੱਲਤਾਂ ਬਖ਼ਸ਼ੀਆਂ । ਹੋਰ ਬਹਾਦਰ ਸ਼ਾਹ ਦਿਨ-ਪਰ ਦਿਨ ਬੰਦਾ ਸਿੰਘ ਬਹਾਦਰ ਦੇ ਖੌਫ਼ ਨਾਲ ਬੇਚੈਨ ਰਹਿਣ ਲੱਗ ਪਿਆ ਤੇ ਅੰਤ ਵਿੱਚ ਇੰਨਾ ਬੇਜਾਰ ਹੋ ਗਿਆ ਕਿ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਤੇ ਸਿੱਟੇ ਵਜੋਂ ਬਹਾਦਰ ਸ਼ਾਹ ਪਾਗਲ ਹੋ ਗਿਆ । ਸੈਨਿਕ ਜਰਨੈਲਾਂ ਅਤੇ ਰਾਜ ਦਰਬਾਰੀਆਂ ਦੀਆਂ ਨਿਗਾਹਾਂ ਕਾਂ ਵਾਂਗ ਬਾਦਸ਼ਾਹ ਵੱਲ ਲੱਗੀਆਂ ਹੋਈਆਂ ਸਨ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਪਾਸ ਇੰਨੀ ਤਾਕਤ ਸੀ ਕਿ ਉਹ ਮੁਗਲਸ਼ਾਹੀ ਦੀ ਡਾਵਾਂਡੋਲ ਹਾਲਤ ਦਾ ਫਾਇਦਾ ਉਠਾਉਣ ਲਈ ਆਪਣੀ ਪੂਰੀ ਤਾਕਤ ਨਾਲ ਪਹਾੜਾਂ ਉਤੋਂ ਉਤਰ ਕੇ ਮੈਦਾਨੀ ਇਲਾਕਿਆਂ ਵਿੱਚ ਆ ਗਿਆ ਸੀ । ਜਨਵਰੀ ਫ਼ਰਵਰੀ ਦੇ ਦੋਵੇਂ ਮਹੀਨੇ ਸਾਰੀ ਮੁਗਲਸ਼ਾਹੀ ਬਾਦਸ਼ਾਹ ਦੇ ਆਲੇ ਦੁਆਲੇ ਕੇਂਦਰਿਤ ਹੋਈ ਰਹੀ ਤੇ ਅਖੀਰ 27-28 ਫ਼ਰਵਰੀ, 1712 ਦੀ ਵਿੱਚਕਾਰਲੀ ਰਾਤ ਨੂੰ ਬਾਦਸ਼ਾਹ ਮਰ ਗਿਆ ਸੀ । ਇਹੀ ਸਮਾਂ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਤੋਂ ਤੂਫਾਨ ਵਾਂਗ ਮੈਦਾਨਾਂ ਵਿੱਚ ਆ ਕੇ ਪੰਜਾਬ ਵਿੱਚ ਆਪਣੇ ਅਫ਼ਸਰ ਤਾਇਨਾਤ ਕਰ ਦਿੱਤੇ, ਉਹ ਫਿਰ ਤੋਂ ਲੋਹਗੜ੍ਹ ਦੇ ਕਿਲੇ੍ਹ ਵਿੱਚ ਆ ਗਿਆ ਸੀ । ਫਿਰ ਤੋਂ ਕਿਲੇ੍ਹ ਦੀ ਤਾਮੀਰ ਕਰਵਾਈ ਗਈ, ਖ਼ਾਲਸੇ ਦੇ ਸਿੱਕੇ ਤੇ ਮੋਹਰਾਂ ਜਾਰੀ ਰੱਖੀਆਂ, ਕਲਾਨੌਰ, ਬਟਾਲਾ ਅਤੇ ਹੁਸ਼ਿਆਰਪੁਰ ਦਾ ਇਲਾਕਾ ਪਹਿਲੋਂ ਹੀ ਬੰਦਾ ਸਿੰਘ ਦੇ ਕਬਜ਼ੇ ਵਿੱਚ ਸੀ । ਜੇ ਇਉਂ ਕਹਿ ਲਿਆ ਜਾਵੇ ਕਿ ਰਾਵੀ-ਬਿਆਸ ਦੇ ਦਬਾਬ ਦਾ ਉਪਰਲਾ ਇਲਾਕਾ ਅਤੇ ਸਾਰੇ ਬਿਸਤ-ਦਬਾਬ ਸਮੇਤ ਪਹਾੜੀ ਰਿਆਸਤਾਂ ਦਾ ਅਤੇ ਸਤਲੁੱਜ ਤੋਂ ਜਮੁਨਾ ਤੱਕ ਦਾ ਵਿਸ਼ਾਲ ਖੇਤਰ ਖ਼ਾਲਸੇ ਦੀ ਸਲਤਨਤ ਸੀ ਤਾਂ ਵੀ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋ ਸਕਦੀ ।
ਬਹਾਦਰ ਸ਼ਾਹ ਬਾਦਸ਼ਾਹ ਕੀ ਮਰਿਆ ਕਿ ਉਸ ਦੇ ਚਾਰੇ ਪੁੱਤਰਾਂ ਵਿੱਚ ਤਖ਼ਤ ਪ੍ਰਾਪਤੀ ਲਈ ਜੰਗ ਛਿੜ ਪਈ, ਇਸ ਜੰਗ ਵਿੱਚ ਬਾਦਸ਼ਾਹ ਦੇ ਪੁੱਤਰ ਜਹਾਂਦਾਰ ਸ਼ਾਹ ਦੀ ਜਿੱਤ ਹੋਈ ਪਰ ਉਹ ਅਤਿ ਦਰਜੇ ਦਾ ਸ਼ਰਾਬੀ ਅਤੇ ਵਿੱਭਚਾਰੀ ਸੀ । ਜੋ ਜ਼ਿਆਦਾ ਦੇਰ ਰਾਜ ਪ੍ਰਬੰਧ ਨਾ ਚਲਾ ਸਕਿਆ । 31 ਜਨਵਰੀ, 1713 ਨੂੰ ਜਹਾਂਦਾਰ ਦੇ ਭਤੀਜੇ ਫ਼ਰੱਖਸੀਅਰ ਨੇ ਜਹਾਂਦਾਰ ਨੂੰ ਕਤਲ ਕਰਵਾ ਦਿੱਤਾ ਤੇ ਫ਼ਰੱਖਸੀਅਰ ਆਪ ਦਿੱਲੀ &lsquoਤੇ ਕਾਬਜ਼ ਹੋ ਗਿਆ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਦੀਆਂ ਹੱਦਾਂ ਵਧਾਉਣ ਲਈ ਲਾਹੌਰ ਦੇ ਸੂਬੇਦਾਰ ਅਤੇ ਦਿੱਲੀ ਦੇ ਬਾਦਸ਼ਾਹ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ । ਖ਼ਾਲਸਾ ਫੌਜਾਂ ਅਤੇ ਸ਼ਾਹੀ ਸੈਨਾ ਵਿੱਚਕਾਰ ਹੋਈਆਂ ਜੰਗਾਂ ਵਿੱਚ ਮੁਗ਼ਲ ਸਾਮਰਾਜ ਦੇ ਚੋਟੀ ਦੇ 30 ਤੋਂ ਵੱਧ ਜਰਨੈਲ ਅਤੇ ਸੂਬਾ ਸਰਹੰਦ ਵਰਗੇ ਵੱਡੇ-ਵੱਡੇ ਅਹਿਲਕਾਰ ਮਾਰੇ ਜਾ ਚੁੱਕੇ ਸਨ । ਦੁਨੀਆਂ ਵਿੱਚ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਦਿੱਲੀ ਦੇ ਦੋ ਬਾਦਸ਼ਾਹ ਖ਼ਾਲਸਾ ਰਾਜ ਦੀ ਬਲੀ ਚੜ੍ਹ ਚੁੱਕੇ ਸਨ । ਫ਼ਰੱਖਸੀਅਰ ਭਾਵੇਂ ਦਿੱਲੀ ਦੇ ਤਖ਼ਤ &lsquoਤੇ ਕਾਬਜ਼ ਹੋ ਗਿਆ ਸੀ ਪਰ ਬੰਦਾ ਸਿੰਘ ਬਹਾਦਰ ਦੀ ਏਨੀ ਤਾਕਤ ਵੱਧ ਚੁੱਕੀ ਸੀ ਕਿ ਫ਼ਰੱਖਸੀਅਰ ਦਾ ਕੋਈ ਵੀ ਮੁਗ਼ਲ ਜਰਨੈਲ ਪੰਜਾਬ ਵੱਲ ਨੂੰ ਮੂੰਹ ਕਰਨ ਨੂੰ ਤਿਆਰ ਨਹੀਂ ਸੀ, ਲਾਹੌਰ ਦੇ ਸੂਬੇਦਾਰ ਨੂੰ ਤਾਂ ਫ਼ਿਕਰ ਪਿਆ ਹੋਇਆ ਸੀ ਕਿ ਖ਼ਾਲਸਾ ਫੌਜਾਂ ਕਿਤੇ ਲਾਹੌਰ ਅਤੇ ਦਿੱਲੀ ਉੱਤੇ ਹਮਲੇ ਕਰਕੇ ਲਾਹੌਰ &lsquoਤੇ ਕਾਬਜ਼ ਨਾ ਹੋ ਜਾਣ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਦਿੱਲੀ ਦੇ ਬਾਦਸ਼ਾਹ ਅਤੇ ਲਾਹੌਰ ਦੇ ਸੂਬੇਦਾਰ ਦੇ ਜ਼ੁਲਮ ਅਤੇ ਅਤਿਆਚਾਰ ਰੋਕਣ ਲਈ ਅਤੇ ਖ਼ਾਲਸਾ ਰਾਜ ਦੀਆਂ ਹੱਦਾਂ ਵਧਾਉਣ ਵਾਲੀ ਲੜੀ ਜਾ ਰਹੀ ਲੜਾਈ ਨੂੰ ਧਾਰਮਿਕ ਲੜਾਈ ਨਹੀਂ ਸੀ ਬਣਨ ਦਿੱਤਾ ।
ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਪੰਜ ਹਜ਼ਾਰ ਮੁਸਲਮਾਨ ਵੀ ਭਰਤੀ ਹੋ ਗਏ ਸਨ । ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਸਿਪਾਹੀਆਂ ਨੂੰ ਨਮਾਜ਼ ਪੜ੍ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਧਾਰਮਿਕ ਰਸਮਾਂ ਇਸਲਾਮ ਮੱਤ ਅਨੁਸਾਰ ਮਨਾਉਣ ਦੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਤਨਖਾਹ ਵੀ ਮੁਗ਼ਲ ਬਾਦਸ਼ਾਹ ਨਾਲੋਂ ਜ਼ਿਆਦਾ ਦਿੰਦਾ ਸੀ । ਇਕ ਮੁਸਲਮਾਨ ਅਹਿਲਕਾਰ ਦੀਨਦਾਰ ਖਾਂ ਅੰਮ੍ਰਿਤ ਛੱਕ ਕੇ ਦੀਨਦਾਰ ਸਿੰਘ ਬਣ ਗਿਆ ਸੀ ਅਤੇ ਇਕ ਖ਼ਬਰ ਨਬੀਸ, ਨਸੀਰ ਖਾਨ ਅੰਮ੍ਰਿਤ ਛੱਕ ਕੇ ਨਸੀਰ ਸਿੰਘ ਬਣ ਗਿਆ ਸੀ । ਬੰਦਾ ਸਿੰਘ ਬਹਾਦਰ ਦੀਆਂ ਚੜ੍ਹਦੀ ਕਲਾਂ ਵਾਲੀਆਂ ਇਹ ਖ਼ਬਰਾਂ ਸੁਣ ਕੇ ਖ਼ਾਲਸਾ ਫੌਜ ਸ਼ਾਹੀ ਫੌਜਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਰਹੀ ਹੈ, ਫ਼ਰੱਖਸੀਅਰ ਨੇ ਰਾਜ ਸੱਤਾ ਸੰਭਾਲਦਿਆਂ ਹੀ ਲਾਹੌਰ ਦੇ ਸੂਬੇਦਾਰ ਅਬੱਦੁਸ ਸਮੱਦ ਖਾਨ ਸਮੇਤ ਸਾਰੇ ਮੁਗ਼ਲ ਜਰਨੈਲਾਂ ਨੂੰ ਸੱਦ ਕੇ ਬੰਦਾ ਸਿੰਘ ਬਹਾਦਰ ਨੂੰ ਮਾਰਨ ਜਾਂ ਜਿਊਂਦਿਆਂ ਗ੍ਰਿਫ਼ਤਾਰ ਕਰਨ ਲਈ ਹੁਕਮ ਸੁਣਾ ਦਿੱਤਾ ਪਰ ਲਾਹੌਰ ਦੇ ਸੂਬੇਦਾਰ ਸਮੇਤ ਸਾਰੇ ਮੁਗ਼ਲ ਜਰਨੈਲਾਂ ਨੇ ਇਕ ਮੱਤ ਹੁੰਦਿਆਂ ਫ਼ਰੱਖਸੀਅਰ ਬਾਦਸ਼ਾਹ ਨੂੰ ਕਿਹਾ ਕਿ ਬੰਦਾ ਸਿੰਘ ਦੀ ਅਗਵਾਈ ਵਿੱਚ ਲੜ ਰਹੀਆਂ ਖ਼ਾਲਸਾ ਫੌਜਾਂ ਨੂੰ ਮੈਦਾਨ ਵਿੱਚ ਲੜਕੇ ਹਰਾਉਣਾ ਬਹੁਤ ਔਖਾ ਹੈ ਇਸ ਕਰਕੇ ਨੀਤੀ ਇਹ ਵਰਤੀ ਜਾਵੇ ਕਿ ਖ਼ਾਲਸਾ ਫੌਜਾਂ ਵਿੱਚ ਫੁੱਟ ਪਾ ਕੇ ਉਨ੍ਹਾਂ ਨੂੰ ਦੋ ਧੜਿਆਂ ਵਿੱਚ ਵੰਡ ਲਿਆ ਜਾਵੇ, ਪਹਿਲਾਂ ਉਨ੍ਹਾਂ ਦੇ ਇਕ ਧੜੇ ਨੂੰ ਆਪਣੇ ਨਾਲ ਜੋੜ ਕੇ ਦੂਜੇ ਧੜੇ ਨੂੰ ਖ਼ਤਮ ਕਰ ਦਿੱਤਾ ਜਾਵੇ ਅਤੇ ਬਾਅਦ ਵਿੱਚ ਦੂਜੇ ਧੜੇ ਦਾ ਵੀ ਉਹ ਹੀ ਹਸ਼ਰ ਕੀਤਾ ਜਾਵੇ ।
ਫ਼ਰੱਖਸੀਅਰ ਨੂੰ ਅਬੱਦੁਸ ਸਮੱਦ ਖਾਨ ਅਤੇ ਉਸ ਦੇ ਸਾਥੀ ਜਰਨੈਲਾਂ ਦੀ ਇਹ ਸਲਾਹ ਪਸੰਦ ਆਈ, ਇਸ ਕੁਟਿਲ ਨੀਤੀ ਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਸਿੱਖਾਂ ਵਿੱਚੋਂ ਹੀ ਐਸੇ ਸਿੱਖ ਲੱਭਣੇ ਸ਼ੁਰੂ ਕਰ ਦਿੱਤੇ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਲਈ ਸਰਕਾਰ ਨਾਲ ਮਿਲ ਕੇ ਚੱਲ ਸਕਦੇ ਹੋਣ ਅਤੇ ਦੂਜੀ ਚਾਲ ਇਹ ਚੱਲੀ ਕਿ ਮੁਸਲਮਾਨਾਂ ਨੂੰ ਜਹਾਦ ਦੇ ਨਾਂ ਹੇਠ ਖ਼ਾਲਸਾ ਰਾਜ ਦੇ ਵਿਰੁੱਧ ਲੜਨ ਲਈ ਲਾਮਵੰਦ ਕਰਨਾ ਸ਼ੁਰੂ ਕਰ ਦਿੱਤਾ । ਸਿੱਟੇ ਵਜੋਂ ਦੋਹਾਂ ਹੀ ਮੁਹਾਜਾਂ ਤੋਂ ਮੁਗ਼ਲ ਸ਼ਾਹੀ ਨੇ ਬੰਦਾ ਸਿੰਘ ਬਹਾਦਰ ਅਤੇ ਖ਼ਾਲਸਾ ਰਾਜ ਦੇ ਖਿਲਾਫ਼ ਮੁਹਿੰਮ ਛੇੜ ਦਿੱਤੀ ।
ਸਿੱਖਾਂ ਵਿੱਚੋਂ ਇਕ ਮੁਤਬੰਨਾ ਪੁੱਤਰ ਕਹੇ ਜਾਣ ਵਾਲਾ ਅਜੀਤ ਸਿੰਘ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਸਿੱਖ ਨੇਤਾ ਦੇ ਤੌਰ &lsquoਤੇ ਖੜਾ ਗਿਆ । ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਸਾਹਿਬਜ਼ਾਦਾ ਬਣਾ ਕੇ ਪੇਸ਼ ਕੀਤਾ ਗਿਆ ਸੀ, ਮਾਤਾ ਸੁੰਦਰ ਕੌਰ ਜੀ ਦਾ ਨਾਮ ਵੀ ਇਸ ਨਾਲ ਜੋੜਿਆ ਗਿਆ ਸੀ । ਹੋ ਸਕਦਾ ਹੈ ਮਾਤਾ ਜੀ ਨੂੰ ਇਸ ਸਾਜਿਸ਼ ਦਾ ਕੋਈ ਪਤਾ ਵੀ ਨਾ ਹੋਵੇ । ਪੰਜ ਮੈਂਬਰੀ ਖ਼ਾਲਸਾ ਦੇ ਦੋ ਮੈਂਬਰਾਂ ਬਾਵਾ ਵਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਨੂੰ ਵੀ ਤੋੜ ਲਿਆ ਗਿਆ । ਇਨ੍ਹਾਂ ਦੋਹਾਂ ਮੈਂਬਰਾਂ ਨੂੰ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਹੋਣ ਵਾਲੇ ਤ੍ਰਿਹਣ-ਭੱਲੇ ਸਾਹਿਬਜ਼ਾਦੇ ਕਹਿ ਕੇ ਲੋਕਾਂ ਵਿੱਚ ਵੱਡਿਆਇਆ ਗਿਆ ਸੀ । ਇਸ ਧੜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਖ਼ਾਲਸਾ (ਤੱਤ ਖ਼ਾਲਸਾ) ਕਿਹਾ ਗਿਆ, ਬੰਦਾ ਸਿੰਘ ਬਹਾਦਰ ਨੂੰ ਨਕਲੀ ਖ਼ਾਲਸਾ (ਬੰਦਈ ਖ਼ਾਲਸਾ) ਕਿਹਾ ਜਾਣ ਲੱਗ ਪਿਆ ਅਤੇ ਬੰਦਾ ਸਿੰਘ ਬਹਾਦਰ ਬਾਰੇ ਹੋਰ ਵੀ ਬਹੁਤ ਕੂੜ ਪ੍ਰਚਾਰ ਕੀਤਾ ਗਿਆ, ਰਤਨ ਸਿੰਘ ਭੰਗੂ ਦੀ ਲਿਖਤ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਦਾ ਵਿਸਥਾਰ ਵੀ ਦਿੱਤਾ ਹੋਇਆ ਹੈ । ਰਤਨ ਸਿੰਘ ਭੰਗੂ ਦੀ ਇਹ ਲਿਖਤ ਪੜ੍ਹ ਕੇ ਕਈ ਸੱਜਣ ਟਪਲਾ ਵੀ ਖਾ ਜਾਂਦੇ ਹਨ ਕਿ ਸ਼ਾਇਦ ਰਤਨ ਸਿੰਘ ਭੰਗੂ ਨੇ ਬੰਦਾ ਸਿੰਘ ਬਹਾਦਰ ਬਾਰੇ ਜਾਣ ਬੁੱਝ ਕੇ ਗਲਤ ਬਿਆਨੀ ਕੀਤੀ ਹੈ, ਪਰ ਹਕੀਕਤ ਵਿੱਚ ਐਸਾ ਨਹੀਂ ਹੈ ਕਿਉਂਕਿ ਰਤਨ ਸਿੰਘ ਭੰਗੂ ਨੇ ਤਾਂ ਬੰਦਾ ਸਿੰਘ ਬਹਾਦਰ ਬਾਰੇ ਜੋ ਉਸ ਦੇ ਵਿਰੋਧੀਆਂ ਵੱਲੋਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਉਹ ਜਿਵੇਂ ਉਸ ਨੇ ਸੁਣੀਆਂ ਲਿਖ ਦਿੱਤੀਆਂ, ਪਰ ਇਸ ਦਾ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਰਤਨ ਸਿੰਘ ਭੰਗੂ ਬੰਦਾ ਸਿੰਘ ਬਹਾਦਰ ਬਾਰੇ ਵਿਰੋਧੀਆਂ ਵੱਲੋਂ ਉਡਾਈਆਂ ਹੋਈਆਂ ਅਫ਼ਵਾਹਾਂ ਨੂੰ ਸੱਚ ਮੰਨਦਾ ਹੈ । ਦਿੱਲੀ ਦੇ ਬਾਦਸ਼ਾਹ ਫ਼ਰੱਖਸੀਅਰ ਅਤੇ ਲਾਹੌਰ ਦੇ ਸੂਬੇਦਾਰ ਅਬੱਦੁਸ ਸਮੁੱਦ ਖਾਂ ਦੀ ਕੁਟਿਲ ਨੀਤੀ ਦਾ ਬੰਦਾ ਸਿੰਘ ਬਹਾਦਰ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦੇ ਸਾਥੀ ਬਾਵਾ ਵਿਨੋਦ ਸਿੰਘ ਅਤੇ ਬਾਵਾ ਕਾਹਨ ਸਿੰਘ ਮੁਗ਼ਲੀਆ ਹਕੂਮਤ ਨਾਲ ਮਿਲ ਗਏ ਅਤੇ ਉਨ੍ਹਾਂ ਦੀ ਡਿਊਟੀ ਸੀ ਕਿ ਉਹ ਸਿੱਖ ਸੰਗਤਾਂ ਨੂੰ ਪੇਂਡੂ ਖੇਤਰਾਂ ਵਿੱਚ ਬੰਦਾ ਸਿੰਘ ਬਹਾਦਰ ਦੇ ਹੱਕ ਵਿੱਚ ਨਾ ਉੱਠਣ ਦੇਣ ਅਤੇ 30 ਦੇ ਲੱਗਪਗ ਹਿੰਦੂ ਰਾਜੇ ਵੀ ਬੰਦਾ ਸਿੰਘ ਦੇ ਵਿਰੁੱਧ ਮੁਗ਼ਲੀਆ ਹਕੂਮਤ ਵੱਲੋਂ ਹੋ ਕੇ ਲੜੇ ਅਤੇ ਬੰਦਾ ਸਿੰਘ ਨੂੰ ਹਰਾਉਣ ਦੀ ਮੁਹਿੰਮ ਦਾ ਸਾਰਾ ਖਰਚਾ ਲਾਹੌਰ ਦੇ ਹਿੰਦੂ ਖ਼ਤਰੀਆਂ ਨੇ ਕੀਤਾ ਸੀ । 17 ਅਪ੍ਰੈਲ, 1715 ਨੂੰ ਜੰਗ ਦੀ ਸ਼ੁਰੂਆਤ ਕੀਤੀ ਗਈ, ਪਹਿਲੀ ਗਹਿਗੱਚ ਲੜਾਈ ਕੋਟ ਮਿਰਜ਼ਾ ਖਾਨ ਵਿਖੇ ਹੋਈ, ਇਥੇ ਸਿੰਘ ਜਾਨਾਂ ਤੋੜ ਕੇ ਲੜੇ, ਪਰ ਪਿੱਛੇ ਹਟਨਾ ਪਿਆ ਸਾਰੇ ਪਾਸਿਉਂ ਸਿੰਘ ਜਥੇ ਜ਼ਖ਼ਮੀ ਹੋਏ ਸ਼ੇਰਾਂ ਵਾਂਗ ਪਿੱਛੇ ਹੱਟ ਰਹੇ ਸਨ, ਆਖਿਰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰ ਗਏ, ਗੜ੍ਹੀ ਦਾ ਘੇਰਾ ਲੱਗਪਗ ਅੱਠ ਮਹੀਨੇ ਰਿਹਾ, ਗੜ੍ਹੀ ਦੇ ਅੰਦਰੋਂ ਰਾਸ਼ਨ ਪਾਣੀ ਵੀ ਮੁੱਕ ਗਿਆ ਅਤੇ ਗੋਲੀ ਸਿੱਕਾ ਵੀ ਖ਼ਤਮ ਹੋ ਗਿਆ ਅਤੇ ਮੁਗ਼ਲ ਫੌਜਾਂ ਨੇ ਵੀ ਇਹ ਭਾਂਪ ਲਿਆ ਕਿ ਹੁਣ ਗੜ੍ਹੀ ਦੇ ਅੰਦਰੋਂ ਕੋਈ ਵੀ ਹਿੱਲ ਜੁੱਲ ਨਹੀਂ ਹੋ ਰਹੀ ਤਾਂ ਉਨ੍ਹਾਂ ਨੇ ਗੜ੍ਹੀ ਦਾ ਦਰਵਾਜ਼ਾ ਤੋੜ ਦਿੱਤਾ, ਅੱਠ ਮਹੀਨਿਆਂ ਤੋਂ ਭੁੱਖੇ ਭਾਣੇ ਬੀਮਾਰ ਸਿੰਘਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਬੰਦਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ । ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ, ਦੁਸ਼ਮਣ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਉਤੇ ਉਹ ਤਾਜ਼ਾ ਦਮ ਵੀ ਸਨ, ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਬਹੁਤ ਥੋੜ੍ਹੇ ਜਿਹੇ ਸਾਥੀ ਹੀ ਬਚੇ ਸਨ ਅਤੇ ਉਹ ਵੀ ਭੁੱਖ ਤੇ ਬੀਮਾਰੀ ਨਾਲ ਨਿਢਾਲ ਹੋ ਚੁੱਕੇ ਸਨ ਅਤੇ ਬੰਦਾ ਸਿੰਘ ਬਹਾਦਰ ਦੇ ਗ੍ਰਿਫ਼ਤਾਰ ਹੋਣ ਦਾ ਮੁੱਖ ਕਾਰਨ ਉਸ ਦੇ ਸਾਥੀ ਬਾਵਾ ਵਿਨੋਦ ਸਿੰਘ, ਬਾਵਾ ਕਾਹਨ ਸਿੰਘ ਵੱਲੋਂ ਕੀਤੀ ਗਈ ਗ਼ੱਦਾਰੀ ਸੀ, ਉਨ੍ਹਾਂ ਦੀ ਗ਼ੱਦਾਰੀ ਕਰਕੇ ਹੀ ਬੰਦਾ ਸਿੰਘ ਬਹਾਦਰ ਆਪਣੇ ਗਿਣਤੀ ਦੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘਿਰਿਆ ਸੀ ।
ਦਸੰਬਰ ਦੇ ਅਖੀਰ ਵਿੱਚ ਬੰਦਾ ਸਿੰਘ ਬਹਾਦਰ ਤੇ ਉਸ ਦੇ ਦੂਸਰੇ ਕੈਦੀ ਸਾਥੀਆਂ ਨੂੰ ਲਾਹੌਰ ਲਿਆਂਦਾ ਗਿਆ, ਮੁਗ਼ਲ ਹਾਕਮਾਂ ਦੀ ਨਿਗਰਾਨੀ ਹੇਠ ਲਾਹੌਰ ਤੋਂ ਜਦੋਂ ਇਹ ਕੈਦੀਆਂ ਦਾ ਕਾਫ਼ਲਾ ਦਿੱਲੀ ਨੂੰ ਰਵਾਨਾ ਹੋਇਆ ਤਾਂ ਰਸਤੇ ਵਿੱਚੋਂ ਕਈ ਬੇਗੁਨਾਹ ਸਿੱਖ ਵੀ ਕੈਦ ਕਰਕੇ ਕਾਫ਼ਲੇ ਦੇ ਨਾਲ ਤੋਰ ਲਏ ਗਏ । ਇਹ ਸਮੁੱਚਾ ਕਾਫ਼ਲਾ ਬੜੇ ਹੀ ਸਖ਼ਤ ਫੌਜੀ ਪਹਿਰੇ ਹੇਠ 27 ਫ਼ਰਵਰੀ, 1716 ਨੂੰ ਦਿੱਲੀ ਦੇ ਆਗਰਾਬਾਦ ਦਰਵਾਜ਼ੇ ਕੋਲ ਪੁੱਜਿਆ, 27 ਫ਼ਰਵਰੀ 1716 ਨੂੰ ਇਸ ਸਮੁੱਚੇ ਕਾਫ਼ਲੇ ਨੂੰ ਜਲੂਸ ਦੀ ਸ਼ਕਲ ਵਿੱਚ ਦਿੱਲੀ ਦੇ ਬਜ਼ਾਰਾਂ ਵਿੱਚੋਂ ਦੀ ਲਿਜਾਇਆ ਗਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ 17 ਸੀਨੀਅਰ ਸਾਥੀਆਂ ਨੂੰ ਤ੍ਰਿਪੋਲੀਆਂ ਕਿਲੇ੍ਹ ਦੀ ਕੈਦ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਦੋਂ ਕਿ ਉਸ ਦੇ ਬਾਕੀ 740 ਸਿੰਘਾਂ ਨੂੰ ਅਲੱਗ ਕਿਲ੍ਹੇ ਵਿੱਚ ਰੱਖਿਆ ਗਿਆ ਅਤੇ ਮਗਰੋਂ, 100 ਸਿੰਘਾਂ ਦੇ ਜਥੇ ਨੂੰ ਹਰ ਰੋਜ਼ ਕਤਲ ਕੀਤਾ ਜਾਂਦਾ । 10 ਮਾਰਚ ਨੂੰ ਦੋ ਅੰਗ੍ਰੇਜ਼ ਸਫੀਰਾਂ ਜੋਹਨ ਸਰਮਨ ਅਤੇ ਐਡਵਡ ਸਟੀਫਨਸਨ ਨੇ ਆਪਣੇ ਅੱਖੀਂ ਇਸ ਕਤਲੇਆਮ ਨੂੰ ਦੇਖਿਆ ਅਤੇ ਉਨ੍ਹਾਂ ਨੇ ਕਲਕੱਤੇ ਵਿਖੇ ਆਪਣੇ ਬੌਸ ਨੂੰ ਲਿਖੀ ਚਿੱਠੀ ਵਿੱਚ ਇਸ ਬਾਰੇ ਵਿਸਥਾਰ ਪੂਰਬਕ ਦੱਸਿਆ ਸੀ । ਉਨ੍ਹਾਂ ਕੰਪਨੀ ਨੂੰ ਲਿਖੀ ਚਿੱਠੀ ਵਿੱਚ ਅੰਕਤ ਕੀਤਾ ਕਿ ਜਿਸ ਧੀਰਜ ਨਾਲ ਉਹ ਆਪਣੀ ਤਕਦੀਰ ਨੂੰ ਪ੍ਰਵਾਣ ਕਰਦੇ ਸਨ ਇਹ ਵੱਡੇ ਮਾਅਰਕੇ ਦੀ ਗੱਲ ਹੈ । ਅੰਤ ਤੀਕ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਮਿਲੀ ਕਿ ਜਿਸ ਵਿੱਚ ਉਨ੍ਹਾਂ ਵਿੱਚੋਂ ਕਿਸੇ ਇਕ ਨੇ ਵੀ ਆਪਣੇ ਧਰਮ ਨੂੰ ਤਿਆਗਿਆ ਹੋਵੇ । ਇਨ੍ਹਾਂ ਕਤਲਾਂ ਵਿੱਚ ਇਕ ਸਿੱਖ ਨੌਜਵਾਨ ਦੇ ਦ੍ਰਿੜ ਇਰਾਦੇ ਦੀ ਗੱਲ ਵੀ ਅੱਖੀਂ ਦੇਖਣ ਵਾਲੇ ਲੇਖਕਾਂ ਨੇ ਲਿਖੀ ਹੈ ਕਿ ਉਸ ਸਿੱਖ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਮੇਰਾ ਪੁੱਤਰ ਸਿੱਖ ਨਹੀਂ ਇਸ ਕਰਕੇ ਉਸ ਨੂੰ ਛੱਡ ਦਿੱਤਾ ਜਾਵੇ । ਜਦ ਉਸ ਨੌਜਵਾਨ ਨੂੰ ਪੁੱਛਿਆ ਗਿਆ ਕਿ ਜੇ ਤੂੰ ਮੰਨ ਲਵੇਂ ਕਿ ਤੂੰ ਸਿੱਖ ਨਹੀਂ ਹਿੰਦੂ ਹੈਂ, ਤਾਂ ਤੈਨੂੰ ਛੱਡ ਦਿੱਤਾ ਜਾਵੇਗਾ, ਪਰ ਉਸ ਸਿੱਖ ਨੌਜਵਾਨ ਨੇ ਦ੍ਰਿੜ ਇਰਾਦੇ ਨਾਲ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ, ਹਿੰਦੂ ਨਹੀਂ, ਇਸ ਕਰਕੇ ਉਸ ਨੂੰ ਵੀ ਉਸ ਦੇ ਸਾਥੀਆਂ ਨਾਲ ਕਤਲ ਕਰ ਦਿੱਤਾ ਗਿਆ ।
ਇਨ੍ਹਾਂ 740 ਸਿੰਘਾਂ ਦੇ ਕਤਲ ਤੋਂ ਬਾਅਦ ਵਾਰੀ ਆਈ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਜਰਨੈਲਾਂ ਦੀ, ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੀ ਮਹਿਰੋਲੀ ਵਿਖੇ ਖੁਆਜਾ ਕੁੁੱਤਬਦੀਨ ਬਖਤਿਆਰ ਕਾਕੀ ਦੀ ਮਾਜਾਰ ਦੇ ਨਜ਼ਦੀਕ ਉਸ ਦੇ ਸੀਨੀਅਰ ਸਾਥੀਆਂ ਭਾਈ ਬਾਜ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫਤਹਿ ਸਿੰਘ, ਭਾਈ ਗੁਲਾਬ ਸਿੰਘ ਆਦਿ ਨੂੰ ਸ਼ਹੀਦ ਕੀਤਾ ਗਿਆ । ਇਨ੍ਹਾਂ ਸ਼ਹਾਦਤਾਂ ਦੇ ਮਗਰੋਂ ਬੰਦਾ ਸਿੰਘ ਬਹਾਦਰ ਨੂੰ ਸਿਦਕ ਤੋਂ ਡੁਲਾਉਣ ਲਈ ਉਸ ਦੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਦਾ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬੰਦਾ ਸਿੰਘ ਬਹਾਦਰ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ, ਫਿਰ ਉਸ ਦਾ ਖੱਬਾ ਪੈਰ ਵੱਡ ਦਿੱਤਾ ਗਿਆ, ਉਸ ਦੇ ਪਿੱਛੋਂ ਉਸ ਦੇ ਦੋਨੋਂ ਹੱਥ ਵੱਡ ਕੇ ਵੱਖ-ਵੱਖ ਕਰ ਦਿੱਤੇ ਗਏ ਤੇ ਅੰਤ ਵਿੱਚ ਦੋਨੋਂ ਅੱਖਾਂ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ । ਇਹ ਸ਼ਹੀਦੀ 9 ਜੂਨ, 1716 ਨੂੰ ਹੋਈ । ਬੰਦਾ ਸਿੰਘ ਬਹਾਦਰ ਆਖਰੀ ਸਾਹ ਤੱਕ ਆਪਣੇ ਸਿੱਖੀ ਸਿਦਕ ਵਿੱਚ ਅਡੋਲ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਿਹਾ । 
ਗੁਰੂ ਗੋਬਿੰਦ ਸਿੰਘ ਵੱਲੋਂ ਥਾਪਿਆ ਪੰਥ ਖ਼ਾਲਸੇ ਦਾ ਪਹਿਲਾ ਜਰਨੈਲ ਬੰਦਾ ਸਿੰਘ ਬਹਾਦਰ ਹੀ ਸੀ, ਜਿਸ ਨੇ ਸਿੰਘਾਂ ਨੂੰ ਨਿਰੋਲ ਅਤੇ ਅਡੋਲ ਕੌਮੀਅਤ ਦਾ ਸਬਕ ਪੜ੍ਹਾਇਆ ਅਤੇ ਖ਼ਾਲਸੇ ਨੂੰ ਹਸੂੰ ਹਸੂੰ ਕਰਦੇ ਆਪਾ ਵਾਰ ਦੇਣਾ ਸਿਖਾਇਆ । ਇਸ ਮਹਾਨ ਸ਼ਹਾਦਤ ਦੀ ਪਵਿੱਤਰ ਉਦਾਹਰਣ ਦਾ ਖਿਆਲ ਹੀ ਸਿੰਘਾਂ ਦੇ ਮਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾਣ ਲਈ ਸਹਾਇਤਾ ਕਰਦਾ ਹੈ । ਇਹ ਬੰਦਾ ਸਿੰਘ ਬਹਾਦਰ ਹੀ ਸੀ ਜਿਸ ਦੇ ਰਾਹੀਂ ਖ਼ਾਲਸੇ ਦੀਆਂ ਜਿੱਤਾਂ ਦਾ ਰਸਤਾ ਖੁੱਲ੍ਹਾ । ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਖ਼ਾਲਸੇ ਨੇ ਸੁਤੰਤਰਤਾ ਦੀ ਜੋ ਚੰਗਿਆੜੀ ਸੁਲਗਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਐਸੀ ਹਵਾ ਝੱਲੀ ਜੋ ਬੁਝਾਈ ਨਾ ਜਾ ਸਕੀ, ਸਗੋਂ ਭਾਂਬੜ ਵਾਂਗ ਮੱਚ ਉਠੀ ਅਤੇ ਪੰਜਾਬ ਨੂੰ ਮੁਗ਼ਲਾਂ ਅਤੇ ਅਫ਼ਗਾਨਾਂ ਕੋਲੋਂ ਅਜ਼ਾਦ ਕਰਵਾ ਕੇ ਹੀ ਠੰਡੀ ਹੋਈ । 
ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸਿੱਖਾਂ ਨੇ ਸੰਘਰਸ਼ ਜਾਰੀ ਰੱਖਿਆ, ਅਠ੍ਹਾਰਵੀਂ ਸਦੀ ਵਿੱਚ ਖ਼ਾਲਸੇ ਨੇ ਰਾਜ ਕਰੇਗਾ ਖ਼ਾਲਸਾ ਦੇ ਨਿਸ਼ਾਨੇ ਦੀ ਪੂਰਤੀ ਲਈ ਸਿਰਾਂ ਦੇ ਮੁੱਲ ਪੁਆਏ, ਖੋਪਰੀਆਂ ਲੁਹਾਈਆਂ, ਚਰਖੜੀਆਂ &lsquoਤੇ ਚੜ੍ਹੇ, ਬੰਦ-ਬੰਦ ਕਟਵਾਏ ਤੇ ਅਣਗਿਣਤ ਸ਼ਹਾਦਤਾਂ ਦਿੱਤੀਆਂ । ਘੋੜਿਆਂ ਦੀਆਂ ਕਾਠੀਆਂ &lsquoਤੇ ਰਾਤਾਂ ਗੁਜ਼ਾਰੀਆਂ ਅਤੇ ਅਨੇਕਾਂ ਅਸਾਵੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ । ਸਿੱਖਾਂ ਦੇ ਗੁਰੀਲਾ ਜੰਗ ਦਾ ਨਤੀਜਾ ਸੀ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ 50 ਸਾਲ ਬਾਅਦ ਖ਼ਾਲਸੇ ਨੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਉਦੋਂ ਸੱਚ ਕਰ ਵਿਖਾਇਆ ਜਦੋਂ 1765 ਈ: ਨੂੰ ਸਿੱਖ ਮਿਸਲਾਂ ਨੇ ਮੁਗ਼ਲਾਂ ਤੇ ਅਫ਼ਗਾਨਾਂ ਦੀਆਂ ਗੋਡਣੀਆਂ ਲੁਆਕੇ ਪੰਜਾਬ ਉੱਤੇ ਖ਼ਾਲਸਾ ਰਾਜ ਸਥਾਪਤ ਕਰ ਲਿਆ ਸੀ, ਇਸ ਕਰਕੇ ਪੰਜਾਬ ਸਿੱਖ ਕੌਮ ਦਾ ਹੋਮਲੈਂਡ ਹੈ । 800 ਸਾਲਾਂ ਦੇ ਦੌਰ ਵਿੱਚ ਸਿੱਖ ਇਸ ਖਿੱਤੇ ਵਿੱਚ ਪਹਿਲੇ ਹੁਕਮਰਾਨ ਸਨ ਜਿਹੜੇ ਇਸ ਧਰਤੀ ਦੇ ਜੰਮੇ ਜਾਏ ਸਨ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।